- 370 ਤੋਂ ਵਧੇਰੇ ਵਿਅਕਤੀ ਕਰਵਾ ਚੁੱਕੇ ਟੀਕਾਕਰਨ
- ਪਿੰਡ ਵਿੱਚ ਕੈਂਪ ਲਗਵਾ ਕੇ ਇਕ ਦਿਨ ਵਿਚ 250 ਵਿਅਕਤੀਆਂ ਨੇ ਲਗਵਾਏ ਟੀਕੇ - ਡਾਕਟਰ ਇੰਦਰਵੀਰ ਸਿੰਘ ਗਿੱਲ
- ਸਰਪੰਚ ਅਤੇ ਪੰਚਾਇਤ ਮੈਂਬਰ ਸਾਰਾ ਦਿਨ ਰਹੇ ਕੈਂਪ ਵਿੱਚ ਹਾਜ਼ਰ
- ਡਿਪਟੀ ਕਮਿਸ਼ਨਰ ਵੱਲੋਂ ਸ਼ਲਾਘਾ, ਹੋਰਾਂ ਪੰਚਾਇਤਾਂ ਨੂੰ ਅੱਗੇ ਆਉਣ ਦਾ ਸੱਦਾ
ਡਰੋਲੀ ਭਾਈ / ਮੋਗਾ, 14 ਅਪ੍ਰੈਲ (000) - ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਦੀ ਮੁਹਿੰਮ ਪੂਰੇ ਜ਼ੋਰਾਂ ਉੱਤੇ ਜਾਰੀ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਉੱਤੇ ਪੰਜਾਬ ਵਿੱਚ ਵੀ 45 ਸਾਲ ਤੋਂ ਉਪਰ ਉਮਰ ਵਾਲੇ ਹਰੇਕ ਵਿਅਕਤੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਸ ਟੀਕਾਕਰਨ ਨੂੰ ਜਿੱਥੇ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਉਥੇ ਹੀ ਅਗਿਆਨਤਾ ਦੇ ਪ੍ਰਭਾਵ ਹੇਠ ਕੁਝ ਲੋਕ ਇਸ ਟੀਕਾਕਰਨ ਬਾਰੇ ਵਹਿਮ ਭਰਮ ਅਤੇ ਭੁਲੇਖ਼ੇ ਪੈਦਾ ਕਰ ਰਹੇ ਹਨ। ਅਜਿਹੇ ਮੌਕੇ ਉੱਤੇ ਪਿੰਡ ਸਾਫੂਵਾਲਾ ਦੇ ਲੋਕ ਕਰੋਨਾ ਨੂੰ ਹਰਾਉਣ ਵਿੱਚ ਮਿਸਾਲ ਬਣ ਕੇ ਉਭਰ ਰਹੇ ਹਨ।
ਕਮਿਊਨਿਟੀ ਹੈਲਥ ਸੈਂਟਰ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਇੰਦਰਵੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀ ਸੂਝਵਾਨ ਪੰਚਾਇਤ ਦੇ ਉੱਦਮ ਕਾਰਨ ਅੱਜ ਪਿੰਡ ਸਾਫੂਵਾਲਾ ਵਿਖੇ ਸਿਹਤ ਵਿਭਾਗ ਵੱਲੋਂ ਟੀਕਾਕਰਨ ਦਾ ਕੈਂਪ ਲਗਾਇਆ ਗਿਆ, ਜਿਸ ਵਿੱਚ ਇੱਕੋ ਦਿਨ ਪਿੰਡ ਦੇ 45 ਸਾਲ ਤੋਂ ਉਪਰ ਉਮਰ ਦੇ 250 ਵਿਅਕਤੀਆਂ ਨੇ ਟੀਕਾਕਰਨ ਕਰਵਾਇਆ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਪਿੰਡ ਦੇ 120 ਵਿਅਕਤੀਆਂ ਨੇ ਖੁਸ਼ੀ ਖੁਸ਼ੀ ਟੀਕਾਕਰਨ ਕਰਵਾਇਆ ਸੀ। ਡਾ. ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਰੋਨਾ ਦੇ ਸੈਂਪਲ ਲੈਣ ਦੀ ਮੁਹਿੰਮ ਦੌਰਾਨ ਵੀ ਪਿੰਡ ਵਾਸੀਆਂ ਨੇ ਬਹੁਤ ਉਤਸ਼ਾਹ ਨਾਲ ਸਿਹਤ ਵਿਭਾਗ ਦਾ ਸਹਿਯੋਗ ਕੀਤਾ ਸੀ।
ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਪਿੰਡ ਸਾਫੂਵਾਲਾ ਦੇ ਸਰਪੰਚ ਸ੍ਰ ਲਖਵੰਤ ਸਿੰਘ ਅਤੇ ਪੰਚਾਇਤ ਦੀ ਸ਼ਲਾਘਾ ਕਰਦਿਆਂ ਹੋਰਾਂ ਪੰਚਾਇਤਾਂ ਨੂੰ ਵੱਧ ਤੋਂ ਵੱਧ ਸੈਂਪਲ ਕਰਾਉਣ ਅਤੇ ਟੀਕਾਕਰਨ ਕਰਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਹਨਾਂ ਇਸ ਗੱਲ ਦੀ ਪ੍ਰਸੰਸ਼ਾ ਕੀਤੀ ਕਿ ਸਰਪੰਚ ਸਮੇਤ ਪੰਚਾਇਤ ਮੈਂਬਰ ਸਾਰਾ ਦਿਨ ਰਹੇ ਕੈਂਪ ਵਿੱਚ ਹਾਜ਼ਰ ਰਹੇ ਅਤੇ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਦੇ ਰਹੇ। ਸ਼੍ਰੀ ਹੰਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਨੂੰ ਸਫ਼ਲ ਕਰਨ ਲਈ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ।