- ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਗੁਰਦੁਆਰਿਆਂ ’ਚ ਲਗਾਏ ਗਏ ਕੋਵਿਡ ਵੈਕਸੀਨੇਸ਼ਨ ਕੈਂਪਾਂ ’ਚ 687 ਲਾਭਪਾਤਰੀਆਂ ਨੇ ਕਰਵਾਈ ਵੈਕਸੀਨੇਸ਼ਨ
- ਡਿਪਟੀ ਕਮਿਸ਼ਨਰ ਤੇ ਸਮੂਹ ਐਸ.ਡੀ.ਐਮਜ਼ ਨੇ ਵੈਕਸੀਨੇਸ਼ਨ ਕੈਂਪਾਂ ਦਾ ਲਿਆ ਜਾਇਜ਼ਾ, ਸਿਹਤ ਟੀਮਾਂ ਦਾ ਵਧਾਇਆ ਹੌਂਸਲਾ
ਹੁਸ਼ਿਆਰਪੁਰ, 13 ਅਪ੍ਰੈਲ: ਵਿਸਾਖੀ ਦੇ ਪਾਵਨ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਗੁਰਦੁਆਰਿਆਂ ਵਿੱਚ ਕੋਵਿਡ ਬਚਾਅ ਸਬੰਧੀ ਵੈਕਸੀਨੇਸ਼ਨ ਕੈਂਪ ਆਯੋਜਿਤ ਕੀਤੇ ਗਏ, ਜਿਸ ਵਿੱਚ ਭਾਰੀ ਸੰਖਿਆ ਵਿੱਚ ਲਾਭਪਾਤਰੀ ਸੰਗਤਾਂ ਨੇ ਆਪਣੀ ਵੈਕਸੀਨੇਸ਼ਨ ਕਰਵਾਈ। ਇਸ ਦੌਰਾਨ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਐਸ.ਡੀ.ਐਮਜ਼ ਵਲੋਂ ਗੁਰਦੁਆਰਾ ਸਾਹਿਬ ਵਿੱਚ ਆਯੋਜਿਤ ਵੈਕਸੀਨੇਸ਼ਨ ਕੈਂਪਾਂ ਦਾ ਜਾਇਜ਼ਾ ਲੈਂਦੇ ਹੋਏ ਸਿਹਤ ਟੀਮਾਂ ਦਾ ਹੌਂਸਲਾ ਵਧਾਇਆ। ਡਿਪਟੀ ਕਮਿਸ਼ਨਰ ਨਾਲ ਇਸ ਦੌਰਾਨ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ਵਾਸੀਆਂ ਨੂੰ ਵਿਸਾਖੀ ਦੇ ਪਾਵਨ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਬਿਨ੍ਹਾਂ ਛੁੱਟੀ ਲਗਾਤਾਰ ਟੈਸਟਿੰਗ ਤੇ ਵੈਕਸੀਨੇਸ਼ਨ ਦੇ ਕੰਮ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੋਵਿਡ ਨੂੰ ਕੰਟਰੋਲ ਕਰਨ ਵਿੱਚ ਲੱਗੇ ਸਾਰੇ ਅਧਿਕਾਰੀ ਤੇ ਕਰਮਚਾਰੀ ਆਪਣੀ ਸਖਤ ਮਿਹਨਤ ਲਈ ਪ੍ਰਸ਼ੰਸਾ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਵਿਸਾਖੀ ਦੇ ਪਾਵਨ ਤਿਉਹਾਰ ’ਤੇ ਜ਼ਿਲ੍ਹੇ ਦੀਆਂ 58 ਟੀਮਾਂ ਵਲੋਂ 2138 ਲੋਕਾਂ ਨੂੰ ਵੈਕਸੀਨੇਸ਼ਨ ਦਿੱਤੀ ਗਈ ਹੈ, ਜਿਸ ਵਿੱਚ 1301 ਲਾਭਪਾਤਰੀ 45 ਸਾਲ ਤੋਂ ਵੱਧ ਅਤੇ 764 ਲਾਭਪਾਤਰੀ 60 ਤੋਂ ਵੱਧ ਉਮਰ ਵਰਗ ਦੇ ਸਨ। ਉਨ੍ਹਾਂ ਦੱਸਿਆ ਕਿ ਇਸ ਵਿੱਚ 687 ਲਾਭਪਾਤਰੀਆਂ ਨੇ ਜ਼ਿਲ੍ਹੇ ਦੇ ਵੱਖ-ਵੱਖ ਗੁਰਦੁਆਰਿਆਂ ਵਿੱਚ ਲੱਗੇ ਕੈਂਪਾਂ ਵਿੱਚ ਵੈਕਸੀਨੇਸ਼ਨ ਕਰਵਾਈ।
ਅਪਨੀਤ ਰਿਆਤ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਇਸ ਵਿਸ਼ੇਸ਼ ਦਿਨ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਕੈਂਪ ਇਸ ਲਈ ਲਗਾਏ ਗਏ ਤਾਂ ਜੋ ਵੱਧ ਤੋਂ ਵੱਧ ਉਨ੍ਹਾਂ ਲਾਭਪਾਤਰੀਆਂ ਸੰਗਤਾਂ ਦੀ ਵੈਕਸੀਨੇਸ਼ਨ ਕੀਤੀ ਜਾ ਸਕੇ, ਜਿਨ੍ਹਾਂ ਨੇ ਅਜੇ ਤੱਕ ਵੈਕਸੀਨੇਸ਼ਨ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਵੈਕਸੀਨੇਸ਼ਨ ਬਹੁਤ ਜ਼ਰੂਰੀ ਹੈ, ਇਸ ਲਈ ਬਿਨ੍ਹਾਂ ਡਰ ਤੇ ਸੰਕੋਚ ਦੇ ਲਾਭਪਾਤਰੀ ਇਸ ਵੈਕਸੀਨੇਸ਼ਨ ਨੂੰ ਜ਼ਰੂਰ ਲਗਵਾਉਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਐਸ.ਡੀ.ਐਮ. ਅਮਿਤ ਮਹਾਜਨ, ਮੁਕੇਰੀਆਂ ਦੇ ਐਸ.ਡੀ.ਐਮ. ਅਸ਼ੋਕ ਕੁਮਾਰ, ਦਸੂਹਾ ਦੇ ਐਸ.ਡੀ.ਐਮ. ਰਣਦੀਪ ਸਿੰਘ ਹੀਰ ਅਤੇ ਗੜ੍ਹਸ਼ੰਕਰ ਦੇ ਐਸ.ਡੀ.ਐਮ. ਹਰਬੰਸ ਸਿੰਘ ਸਮੇਤ ਸਬੰਧਤ ਸੀਨੀਅਰ ਮੈਡੀਕਲ ਅਧਿਕਾਰੀਆਂ ਨੇ ਵੱਡੇ ਗੁਰਦੁਆਰਿਆਂ, ਜਿਥੇ ਸ਼ਰਧਾਲੂਆਂ ਦੀ ਵੱਧ ਆਮਦ ਹੁੰਦੀ ਹੈ, ਉਥੇ ਵਿਸ਼ੇਸ਼ ਕੈਂਪ ਲਗਾਏ ਅਤੇ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਟੀਕਾਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜ਼ਿਲ੍ਹਾ ਵਾਸੀਆ ਨੂੰ ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜਿਥੇ ਮਾਸਕ ਪਹਿਨਣ, ਸਮਾਜਿਕ ਦੂਰੀ ਅਪਨਾਉਣ ਤੇ ਸਮੇਂ-ਸਮੇਂ ’ਤੇ ਹੱਥ ਧੋਣ ਦੀ ਅਪੀਲ ਕੀਤੀ, ਉਥੇ ਕੋਵਿਡ ਵੈਕਸੀਨੇਸ਼ਨ ਲਈ ਸਬੰਧਤ ਲਾਭਪਾਤਰੀਆਂ ਨੂੰ ਜਲਦ ਤੋਂ ਜਲਦ ਵੈਕਸੀਨੇਸ਼ਨ ਕਰਵਾਉਣ ਲਈ ਵੀ ਕਿਹਾ।