- ਸਕੂਲ ਪ੍ਰਬੰਧਕਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਦੌਰਾਨ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਦੇ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 01 ਅਪ੍ਰੈਲ 2021 - ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਿਟੀ ਕੋਆਰਡੀਨੇਸ਼ਨ ਸੀ.ਬੀ.ਐਸ.ਈ. ਹੁਸ਼ਿਆਰਪੁਰ ਵਲੋਂ ਪ੍ਰਾਪਤ ਹੋਏ ਪੱਤਰ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਵਿੱਚ ਸੀ.ਬੀ.ਐਸ.ਈ. ਤੋਂ ਐਫੀਲੇਟਿਡ ਸਕੂਲਾਂ ਵਿੱਚ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਸਬੰਧਤ ਵਿਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ 10 ਅਪ੍ਰੈਲ ਤੱਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਇਆ ਗਿਆ ਹੈ, ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਮੂਹ ਵਿਦਿਅਕ ਅਦਾਰਿਆਂ ਨੂੰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸਿਟੀ ਕੋਆਰਟੀਨੇਸ਼ਨ ਸੀ.ਬੀ.ਐਸ.ਈ ਹੁਸ਼ਿਆਰਪੁਰ ਵਲੋਂ ਪੱਤਰ ਲਿਖ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸੀ.ਬੀ.ਐਸ.ਈ. ਐਫੀਲੇਟਿਡ ਸਕੂਲਾਂ ਵਿੱਚ ਪ੍ਰੈਕਟੀਕਲ ਦੀਆਂ ਪ੍ਰੀਖਿਆ ਹੋ ਰਹੀ ਹੈ। ਇਸ ਲਈ ਉਕਤ ਪ੍ਰੀਖਿਆਵਾਂ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹੇ ਵਿੱਚ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ 10 ਅਪ੍ਰੈਲ ਤੱਕ ਸਬੰਧੀ ਵਿਦਿਅਕ ਸੰਸਥਾਵਾਂ ਨੂੰ ਸਕੂਲ ਬੰਦ ਕਰਨ ਸਬੰਧੀ ਜਾਰੀ ਆਦੇਸ਼ਾਂ ਤੋਂ ਛੋਟ ਦਿੱਤੀ ਜਾਂਦੀ ਹੈ।
ਅਪਨੀਤ ਰਿਆਤ ਨੇ ਦੱਸਿਆ ਕਿ ਇਹ ਛੋਟ ਸਬੰਧਤ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਪੇਪਰਾਂ ਵਾਲੇ ਦਿਨ ਪੇਪਰਾਂ ਵਿੱਚ ਅਪੀਅਰ ਹੋਣ ਹੋਣ ਅਤੇ ਸਕੂਲਾਂ ਨੂੰ ਪ੍ਰੈਕਟੀਕਲ ਪ੍ਰੀਖਿਆ ਕੰਡਕਟ ਕਰਵਾਉਣ ਲਈ ਦਿੱਤੀ ਗਈ ਹੈ। ਸਾਰੇ ਸਕੂਲ ਪ੍ਰੈਕਟੀਕਲ ਪ੍ਰੀਖਿਆਵਾਂ ਦੀ ਡੇਟਸ਼ੀਟ, ਸ਼ਡਿਊਲ ਸਕੂਲਾਂ ਦੇ ਨੋਟਿਸ ਬੋਰਡ ’ਤੇ ਡਿਸਪਲੇ ਕਰਨ ਦੇ ਪਾਬੰਦ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਕੂਲ ਦੇ ਪ੍ਰਬੰਧਕ, ਪ੍ਰਿੰਸੀਪਲਾਂ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਪ੍ਰੀਖਿਆਵਾਂ ਦੇ ਦੌਰਾਨ ਕੋਵਿਡ-19 ਨਾਲ ਸਬੰਧਤ ਕੇਂਦਰ, ਰਾਜ ਸਰਕਾਰ ਵਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਦੂਰੀ ਅਤੇ ਸੈਨੇਟਾਈਜੇਸ਼ਨ ਆਦਿ ਦਾ ਢੁੱਕਵਾਂ ਪ੍ਰਬੰਧ ਆਪਣੇ ਕਰਨਾ ਯਕੀਨੀ ਬਣਾਇਆ ਜਾਵੇ।