- ਪੁਲਿਸ ਕਰਮਚਾਰੀਆਂ ਦੇ 300 ਪਰਿਵਾਰਕ ਮੈਂਬਰਾਂ ਨੇ ਲਗਵਾਈ ਕੋਵਿਡ ਵੈਕਸੀਨ
- ਬਟਾਲੀਅਨ ਦੇ ਮੋਹਰਲੀ ਕਤਾਰ ਦੇ 100 ਫੀਸਦ ਯੋਧਿਆਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਅਤੇ 98 ਫੀਸਦ ਤੋਂ ਜ਼ਿਆਦਾ ਨੇ ਲਗਵਾਈ ਦੂਜੀ ਖੁਰਾਕ ਐਚ.ਪੀ.ਐਸ. ਖੱਖ
ਜਲੰਧਰ 02 ਅਪ੍ਰੈਲ 2021 - ਡੀ.ਜੀ.ਪੀ. ਪੰਜਾਬ ਸ੍ਰੀ ਦਿਨਕਰ ਗੁਪਤਾ ਦੀਆਂ ਹਦਾਇਤਾਂ 'ਤੇ ਪੀ.ਏ.ਪੀ. ਦੇ 7ਵੀਂ ਬਟਾਲੀਅਨ ਵਲੋਂ ਕੈਂਪਸ ਵਿਖੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਉਣ ਲਈ ਮੋਬਾਇਲ ਕੋਵਿਡ ਵੈਕਸੀਨ ਕੈਂਪ ਲਗਾਇਆ ਗਿਆ।
ਇਸ ਮੌਕੇ ਕਮਾਂਡੈਂਟ 7ਵੀਂ ਬਟਾਲੀਅਨ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ 45 ਸਾਲ ਤੋਂ ਵੱਧ ਉਮਰ ਦੇ 300 ਤੋਂ ਵੱਧ ਯੋਗ ਲਾਭਪਾਤਰੀਆਂ ਨੂੰ ਕੈਂਪ ਦੌਰਾਨ ਕੋਵਿਡ ਵੈਕਸੀਨ ਲਗਾਈ ਗਈ ਅਤੇ ਜਦੋਂ ਤੱਕ ਹਰ ਯੋਗ ਲਾਭਪਾਤਰੀ ਕਵਰ ਨਹੀਂ ਹੋ ਜਾਂਦਾ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ।
ਖੱਖ ਨੇ ਦੱਸਿਆ ਕਿ ਕੋਵਿਡ ਵੈਕਸੀਨ ਲਗਾਉਣ ਦੇ ਪਹਿਲੇ ਪੜਾਵਾਂ ਤਹਿਤ 7ਵੀਂ ਬਟਾਲੀਅਨ ਦੇ 100 ਫੀਸਦ ਅਮਲੇ ਨੂੰ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਅਤੇ 98 ਫੀਸਦ ਤੋਂ ਜ਼ਿਆਦਾ ਨੂੰ ਦੂਜੀ ਖ਼ੁਰਾਕ ਵਲੋਂ ਕੋਵਿਡ ਵੈਕਸੀਨ ਦਾ ਟੀਕਾ ਲਗਵਾ ਲਿਆ ਹੈ।
ਕਮਾਂਡੈਂਟ ਨੇ ਅੱਗੇ ਦੱਸਿਆ ਕਿ ਕੋਵਿਡ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਕੇ ਹੀ ਰੋਗਾਂ ਨਾਲ ਲੜਨ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ , ਜਿਸ ਨਾਲ ਕੋਵਿਡ ਵਾਇਰਸ ਦੀ ਕੜੀ ਨੂੰ ਤੋੜਿਆ ਜਾ ਸਕਦਾ ਹੈ।
ਖੱਖ ਨੇ ਦੱਸਿਆ ਕਿ ਸਰਕਾਰ ਵਲੋਂ ਹੁਣ 45 ਸਾਲ ਤੋਂ ਉਪਰ ਹਰ ਵਿਅਕਤੀ ਨੂੰ ਪਹਿਚਾਣ ਦਾ ਕੋਈ ਸਬੂਤ ਦਿਖਾ ਕੇ ਕੋਵਿਡ ਵੈਕਸੀਨ ਲਗਾਉਣ ਦੀ ਖੁੱਲ ਦੇ ਦਿੱਤੀ ਗਈ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜੰਗੀ ਪੱਧਰ 'ਤੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ ਅਤੇ ਇਹ ਸਾਡੇ ਸਭ ਦੀ ਸਮਾਜਿਕ ਜਿੰਮੇਵਾਰੀ ਬਣਦੀ ਹੈ ਕਿ ਯੋਗ ਲਾਭਪਾਤਰੀ ਕੋਵਿਡ ਵੈਕਸੀਨ ਜਰੂਰ ਲਗਵਾਉਣ।
ਖੱਖ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ ਵੈਕਸੀਨ ਸਬੰਧੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਵਿੱਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਡੇ ਵਿਗਿਆਨੀਆਂ ਨੇ ਲੋਕਾਂ ਨੂੰ ਕੋਵਿਡ ਵਾਇਰਸ ਤੋਂ ਬਚਾਉਣ ਲਈ ਸੁਰੱਖਿਅਤ ਕੋਵਿਡ ਵੈਕਸੀਨ ਵਿਕਸਿਤ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।
ਇਸ ਮੌਕੇ ਡੀ.ਐਸ.ਪੀ. ਤਲਵਿੰਦਰ ਸਿੰਘ, ਮੈਡੀਕਲ ਅਫ਼ਸਰ ਡਾ.ਨੀਰਾ, ਡਾ.ਮੋਹਿਤ ਸ਼ਰਮਾ ਅਤੇ ਹੋਰ ਵੀ ਹਾਜ਼ਰ ਸਨ।