- ਉਦਯੋਗਪਤੀਆਂ ਨੂੰ ਵੈਕਸੀਨੇਸ਼ਨ ਮੁਹਿੰਮ ’ਚ ਵੱਧ ਤੋਂ ਵੱਧ ਸ਼ਿਰਕਤ ਕਰਕੇ 45 ਸਾਲ ਤੋਂ ਉਪਰ ਦੇ ਕਾਮਿਆਂ ਨੂੰ ਵੈਕਸੀਨ ਲਗਾਉਣ ਦਾ ਸੱਦਾ
- ਆਉਣ ਵਾਲੇ ਦਿਨਾਂ ’ਚ ਸਮੁੱਚੀ ਇੰਡਸਟਰੀ ਲਈ ਅਜਿਹੇ ਹੋਰ ਕੈਂਪ ਲਗਾਉਣ ਦਾ ਵੀ ਐਲਾਨ
ਜਲੰਧਰ 30 ਮਾਰਚ 2021 - ਜ਼ਿਲ੍ਹੇ ਵਿੱਚ ਕੋਵਿਡ ਵੈਕਸੀਨ ਟੀਕਾਕਰਨ ਮੁਹਿੰਮ ਨੂੰ ਹੋਰ ਮਜ਼ਬੂਤ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਅੱਜ ਮਕਸੂਦਾਂ ਸਬਜ਼ੀ ਮੰਡੀ ਅਤੇ ਫੋਕਲ ਪੁਆਇੰਟ ਵਿਖੇ ਦੋ ਕੋਵਿਡ ਵੈਕਸੀਨੇਸ਼ਨ ਕੈਂਪਾਂ ਦਾ ਉਦਘਾਟਨ ਕੀਤਾ ਗਿਆ।
ਕੈਂਪਾਂ ਦੀ ਸ਼ੁਰੂਆਤ ਕਰਨ ਮੌਕੇ ਡਿਪਟੀ ਕਮਿਸ਼ਨਰ ਨੇ ਕੋਵਿਡ ਵੈਕਸੀਨੇਸ਼ਨ ਮੁਹਿੰਮ ਨੂੰ ਜਲੰਧਰ ਵਿਖੇ ਜਨਤਕ ਮੁਹਿੰਮ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮੰਤਵ ਵੱਡੀ ਗਿਣਤੀ ਵਿੱਚ ਇਸ ਉਮਰ ਵਰਗ ਦੇ ਲੋਕਾਂ ਨੂੰ ਜਲਦ ਤੋਂ ਜਲਦ ਕੋਵਿਡ ਵੈਕਸੀਨ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਮਕਸੂਦਾਂ ਵਿਖੇ ਲਗਾਏ ਗਏ ਕੈਂਪ ਵਲੋਂ ਆਉਣ ਵਾਲੇ ਲੋਕਾਂ ਨੂੰ ਮੌਕੇ ’ਤੇ ਕੋਵਿਡ ਵੈਕਸੀਨ ਟੀਕਾਕਰਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਜਦਕਿ ਵਿਕਟਰ ਫੋਰਗਿੰਗ ਉਦਯੋਗ ਵਿੱਚ ਲਗਾਏ ਗਏ ਦੂਜੇ ਕੈਂਪ ਦੌਰਾਨ ਉਦਯੋਗਿਕ ਕਾਮਿਆਂ ਦੀ ਵੱਡੇ ਪੱਧਰ ’ਤੇ ਕੋਵਿਡ ਵੈਕਸੀਨ ਲਈ ਸ਼ਮੂਲੀਅਤ ਲਈ ਲਗਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਕੈਂਪ ਯੋਗ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਲਗਾਏ ਜਾਣਗੇ। ਉਨ੍ਹਾਂ ਸਿਹਤ ਅਧਿਕਾਰੀਆ ਨੂੰ ਕਿਹਾ ਕਿ ਉਦਯੋਗਾਂ ਲਈ ਅਜਿਹੇ ਹੋਰ ਨਵੇਂ ਕੈਂਪ ਲਗਾਏ ਜਾਣ।
ਇਸ ਮੌਕੇ ਡਿਪਟੀ ਕਮਿਸ਼ਨਰ ਵਲੋਂ ਸਥਾਨਕ ਪ੍ਰਮੁੱਖ ਉਦਯੋਗਪਤੀਆਂ ਨਾਲ ਵਰਚੂਅਲ ਮੀਟਿੰਗ ਵੀ ਕੀਤੀ ਗਈ ਜਿਸ ਵਿੱਚ 50 ਪ੍ਰਮੁੱਖ ਉਦਯੋਗਪਤੀਆਂ ਵਲੋਂ ਸ਼ਿਰਕਤ ਕੀਤੀ ਗਈ। ਸ੍ਰੀ ਥੋਰੀ ਵਲੋਂ ਉਦਯੋਗਪਤੀਆਂ ਨੂੰ ਜਲੰਧਰ ਵਿਖੇ ਕੋਵਿਡ ਵੈਕਸੀਨ ਟੀਕਾਕਰਨ ਮੁਹਿੰਮ ਨੂੰ ਸਫ਼ਲ ਬਣਾਉਣ ਦੀ ਅਪੀਲ ਕਰਦਿਆਂ ਯੋਗ ਕਾਮਿਆਂ ਨੂੰ ਇਨਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਕੋਵਿਡ ਵੈਕਸੀਨ ਲਗਾਉਣ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪਹਿਲੀ ਅਪ੍ਰੈਲ ਤੋਂ 45 ਤੋਂ ਉਪਰ ਦੀ ਉਮਰ ਵਰਗ ਦਾ ਕੋਈ ਵੀ ਯੋਗ ਵਿਅਕਤੀ ਕੋਵਿਡ ਵੈਕਸੀਨ ਦਾ ਟੀਕਾ ਲਗਵਾ ਸਕਦਾ ਹੈ ਕਿਉਂਕਿ ਸਰਕਾਰ ਵਲੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਸਹਿ ਬਿਮਾਰੀ ਹੋਣ ਦੀ ਸ਼ਰਤ ਨੂੰ ਹਟਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜਨਰਲ ਮੇਨੈਜਰ ਉਦਯੋਗ ਦੀਪ ਸਿੰਘ ਗਿੱਲ ਨੂੰ ਕਿਹਾ ਕਿ ਉਦਯੋਗਾਂ ਵਿੱਚ ਕੰਮ ਕਰਦੇ ਯੋਗ ਕਾਮਿਆਂ ਦੀ ਸੂਚੀ ਤਿਆਰ ਕੀਤੀ ਜਾਵੇ ਤਾਂ ਜੋ ਉਨਾਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਹੋਰ ਸੁਚੱਜੇ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਉਦਯੋਗਾਂ ਵਿੱਚ ਵੱਧ ਤੋਂ ਵੱਧ ਕੋਵਿਡ ਵੈਕਸੀਨ ਲਗਾਉਣ ਸਬੰਧੀ ਚਲਾਈ ਗਈ ਮੁਹਿੰਮ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਬਹੁਤ ਮਦਦਗਾਰ ਸਾਬਿਤ ਹੋਵੇਗੀ।