ਮਿਸ਼ੀਗਨ ਵਿੱਚ ਦਸੰਬਰ ਤੋਂ ਬਾਅਦ ਸਾਹਮਣੇ ਸਭ ਤੋਂ ਵੱਧ ਨਵੇਂ ਕੋਵਿਡ -19 ਕੇਸ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 5 ਅਪ੍ਰੈਲ 2021
ਮਿਸ਼ੀਗਨ ਵਿੱਚ ਦਸੰਬਰ ਦੇ ਅਰੰਭ ਤੋਂ ਹੁਣ ਤੱਕ ਦੇ ਸਭ ਤੋਂ ਵੱਧ ਨਵੇਂ ਰੋਜ਼ਾਨਾ ਕੋਵਿਡ-19 ਕੇਸ ਦਰਜ ਕੀਤੇ ਗਏ ਹਨ, ਜਿਸ ਨਾਲ ਰਾਜ ਕੋਰੋਨਾ ਵਾਇਰਸ ਦੇ ਵਾਧੇ ਵੱਲ ਵਧ ਰਿਹਾ ਹੈ। ਸ਼ਨੀਵਾਰ ਨੂੰ, ਰਾਜ ਦੇ ਸਿਹਤ ਵਿਭਾਗ ਵਿੱਚ 8,413 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਇਹ ਇੱਕ ਮਹੀਨੇ ਪਹਿਲਾਂ 3 ਮਾਰਚ ਨੂੰ ਰਿਪੋਰਟ ਕੀਤੇ 1,536 ਨਵੇਂ ਮਾਮਲਿਆਂ ਦੀ ਤੁਲਨਾ ਨਾਲੋਂ ਵੱਡੀ ਪੱਧਰ 'ਤੇ ਵਧੇ ਹਨ। ਮਿਸ਼ੀਗਨ ਹੈਲਥ ਐਂਡ ਹਸਪਤਾਲ ਐਸੋਸੀਏਸ਼ਨ ਦੇ ਅਨੁਸਾਰ, ਮਿਸ਼ੀਗਨ ਵਿੱਚ ਹੁਣ ਵਾਇਰਸ ਫੈਲਣ ਦਾ ਸਭ ਤੋਂ ਗੰਭੀਰ ਵਾਧਾ ਵੇਖਿਆ ਜਾ ਰਿਹਾ ਹੈ। ਐਸੋਸੀਏਸ਼ਨ ਦੇ ਅਨੁਸਾਰ ਹਸਪਤਾਲਾਂ ਵਿੱਚ ਵੀ ਮਰੀਜਾਂ ਦਾ ਵਾਧਾ ਹੋ ਰਿਹਾ ਹੈ। 1 ਮਾਰਚ ਤੋਂ 23 ਮਾਰਚ ਤੱਕ, ਹਸਪਤਾਲਾਂ ਵਿੱਚ 30 ਤੋਂ 39 ਸਾਲ ਦੇ ਬਾਲਗਾਂ ਵਿੱਚ 633% ਅਤੇ 40 ਤੋਂ 49 ਸਾਲ ਦੇ ਬਾਲਗਾਂ ਵਿੱਚ 800% ਦਾ ਵਾਧਾ ਹੋਇਆ ਹੈ। ਰਾਜ ਦੇ ਮੁੱਖ ਮੈਡੀਕਲ ਕਾਰਜਕਾਰੀ ਡਾ: ਜੋਨੀ ਐਸ ਖਾਲਦੂਨ ਨੇ ਇਸ ਵਾਧੇ ਨੂੰ ਚਿੰਤਾਜਨਕ ਦੱਸਿਆ ਹੈ। ਖਾਲਦੂਨ ਅਨੁਸਾਰ ਪਿਛਲੇ ਛੇ ਹਫ਼ਤਿਆਂ ਵਿੱਚ ਕੇਸਾਂ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਹਸਪਤਾਲਾਂ ਵਿੱਚ ਵੀ ਦਾਖਲਾ ਵਧ ਰਿਹਾ ਹੈ। ਖਾਲਦੂਨ ਨੇ ਦੱਸਿਆ ਕਿ ਮਾਸਕ ਪਹਿਨਣ ਦੀ ਪਾਲਣਾ ਦੀ ਘਾਟ ਅਤੇ ਇਕੱਠ ਕਰਨਾ , ਵਾਧੇ ਦੇ ਕਾਰਨਾਂ 'ਚ ਸ਼ਾਮਿਲ ਹਨ। ਸੀ ਡੀ ਸੀ ਅਨੁਸਾਰ ਸੂਬੇ ਵਿੱਚ ਸਭ ਤੋਂ ਪਹਿਲਾਂ ਯੂਕੇ ਵਿੱਚ ਸਾਹਮਣੇ ਆਏ ਵੈਰੀਐਂਟ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।ਰਾਜ ਦੇ ਸਿਹਤ ਵਿਭਾਗ ਦੇ ਅਨੁਸਾਰ ਬੁੱਧਵਾਰ ਤੱਕ, ਮਿਸ਼ੀਗਨ ਨੇ ਇਸ ਕਿਸਮ ਦੇ 1,468 ਮਾਮਲਿਆਂ ਦੀ ਪਛਾਣ ਕੀਤੀ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਵਾਇਰਸ ਪ੍ਰਤੀ ਸਾਵਧਾਨੀਆਂ ਵਰਤਣ ਦੀ ਵੀ ਬੇਨਤੀ ਕੀਤੀ ਹੈ।