- ਸਰਵਿਸਿਜ ਕਲੱਬ ਦੇ ਕਰੀਬ 100 ਮੈਂਬਰਾਂ, ਉਨ੍ਹਾਂ ਦੇ ਪਰਿਵਾਰ ਦੇ ਜੀਆਂ ਤੇ ਸਕੇ-ਸਨੇਹੀਆਂ ਨੇ ਲਗਵਾਈ ਕੋਵਿਡ ਵੈਕਸੀਨ
- ਧਾਰਮਿਕ, ਸਮਾਜਿਕ ਸੰਸਥਾਵਾਂ ਦੇ ਨਾਲ-ਨਾਲ ਹੋਰਨਾਂ ਥਾਵਾਂ ’ਤੇ ਵੀ ਲੱਗਣਗੇ ਵਿਸ਼ੇਸ਼ ਕੈਂਪ: ਅਪਨੀਤ ਰਿਆਤ
ਹੁਸ਼ਿਆਰਪੁਰ, 18 ਅਪ੍ਰੈਲ: ਕੋਵਿਡ ਟੀਕਾਕਰਨ ਮੁਹਿੰਮ ਤਹਿਤ ਸਮਾਜਿਕ, ਧਾਰਮਿਕ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਉਪਰੰਤ ਅੱਜ ਜਿਲਾ ਪ੍ਰਸ਼ਾਸਨ ਨੇ ਜਿਲੇ ਅੰਦਰ ਵੱਖ-ਵੱਖ ਕਲੱਬਾਂ ਦੇ ਮੈਂਬਰਾਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਕੇ-ਸਨੇਹੀਆਂ ਦੇ ਕੋਵਿਡ ਵੈਕਸੀਨ ਲਾਉਣ ਦੀ ਸ਼ੁਰੂਆਤ ਸਥਾਨਕ ਸਰਵਿਸਿਜ ਕਲੱਬ ਤੋਂ ਕੀਤੀ, ਜਿੱਥੇ 100 ਦੇ ਕਰੀਬ ਲਾਭਪਾਤਰੀਆਂ ਨੂੰ ਵੈਕਸੀਨ ਦੀ ਡੋਜ ਲਗਾਈ ਗਈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵਿਖੇ ਟੀਕਾਕਰਨ ਤੋਂ ਇਕ ਕਦਮ ਹੋਰ ਅੱਗੇ ਵਧਦਿਆਂ ਅੱਜ ਸਰਵਿਸਿਜ ਕਲੱਬ ਤੋਂ ਨਵੀਂ ਸੁਰੂਆਤ ਕੀਤੀ ਗਈ ਹੈ ਜਿਸ ਤਹਿਤ ਪ੍ਰਸਾਸਨ ਵੱਲੋਂ ਕਲੱਬਾਂ, ਸੰਸਥਾਵਾਂ ਆਦਿ ਵਿਖੇ ਯੋਗ ਲਾਭਪਾਤਰੀਆਂ ਦੇ ਵੈਕਸੀਨ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਲੇ ਵਿੱਚ 100 ਦੇ ਕਰੀਬ ਟੀਮਾਂ ਸਿਹਤ ਵਿਭਾਗ ਦੇ ਮਾਹਰ ਡਾਕਟਰਾਂ ਦੀ ਅਗਵਾਈ ’ਚ ਟੀਕਾਕਰਨ ਲਈ ਡਟੀਆਂ ਹੋਈਆ ਹਨ ਅਤੇ ਹੁਣ ਤੱਕ 1.80 ਲੱਖ ਤੋਂ ਵੱਧ ਲਾਭਪਾਤਰੀਆਂ ਦੇ ਵੈਕਸੀਨ ਲੱਗ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਵੀ ਸੰਸਥਾਂ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਲਾਹਾ ਲੈਣਾ ਚਾਹੁੰਦੀ ਹੈ ਤਾਂ ਉਹ ਪ੍ਰਸਾਸਨ ਨਾਲ ਤਾਲਮੇਲ ਕਰਕੇ ਯੋਗ ਲਾਭਪਾਤਰੀਆਂ ਦਾ ਟੀਕਾਕਰਨ ਕਰਵਾ ਸਕਦੀ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਵੈਕਸੀਨ ਲਗਾਉਣ ਲਈ ਸਾਰੇ ਲੋੜੀਂਦੇ ਇੰਤਜਾਮ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ।
ਜਿਲੇ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹੋਰਨਾ ਥਾਵਾਂ ਤੋਂ ਇਲਾਵਾ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਮੰਡੀਆਂ ਵਿੱਚ ਵੀ ਵੈਕਸੀਨ ਲਗਾਈ ਜਾ ਰਹੀ ਹੈ ਤਾਂ ਜੋ ਕਿਸਾਨਾਂ, ਆੜਤੀਆਂ, ਮਜਦੂਰਾਂ ਆਦਿ ਦੀ ਸਹੂਲਤ ਲਈ ਮੰਡੀ ਵਿੱਚ ਹੀ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ।
ਇਸੇ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਹੁਸ਼ਿਆਰਪੁਰ ਅਮਿਤ ਮਹਾਜਨ ਨੇ ਵਿਸ਼ੇਸ਼ ਤੌਰ ’ਤੇ ਸਰਵਿਸਿਜ ਕਲੱਬ ਪਹੁੰਚ ਕੇ ਟੀਕਾਕਰਨ ਦਾ ਜਾਇਜਾ ਲਿਆ ਅਤੇ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਜੋ ਕਿ ਮੌਜੂਦਾ ਸਮੇਂ ਬਹੁਤ ਹੀ ਲਾਜਮੀ ਅਤੇ ਲਾਹੇਵੰਦ ਹੈ । ਸਰਵਿਸਿਜ ਕਲੱਬ ਦੇ ਮੈਂਬਰਾਂ ਆਦਿ ਤੋਂ ਇਲਾਵਾ ਸਮੂਹ ਸਟਾਫ ਦੇ ਵੀ ਵੈਕਸੀਨ ਲਗਾਈ ਗਈ। ਇਸ ਮੌਕੇ ਹੋਰਨਾ ਤੋਂ ਇਲਾਵਾ ਸਰਵਿਸਿਜ ਕਲੱਬ ਦੇ ਮੈਂਬਰ ਸਕੱਤਰ ਰਮਿੰਦਰ ਸਿੰਘ ਆਦਿ ਵੀ ਮੌਜੂਦ ਸਨ ।