ਪਰਵਿੰਦਰ ਸਿੰਘ ਕੰਧਾਰੀ
- ਕੋਰੋਨਾ ਕਾਰਨ ਕੂਪਨ ਸਿਸਟਮ ਰਾਹੀਂ ਹੀ ਹੋਵੇਗੀ ਕਣਕ ਦੀ ਖਰੀਦ
- 10 ਅਪਰੈਲ ਤੋਂ ਹੋਵੇਗੀ ਕਣਕ ਦੀ ਸਰਕਾਰੀ ਖਰੀਦ
ਫਰੀਦਕੋਟ, 7 ਅਪ੍ਰੈਲ 2021 - ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਲਈ ਫਰੀਦਕੋਟ ਜਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ।ਇਹ ਜਾਣਕਾਰੀ ਜ਼ਿਲ੍ਹਾ ਮੰਡੀ ਅਫਸਰ ਸ੍ਰੀ ਗੌਰਵ ਗਰਗ ਨੇ ਦਿੱਤੀ ।
ਜ਼ਿਲ੍ਹਾ ਮੰਡੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਫਰੀਦਕੋਟ ਜ਼ਿਲ੍ਹੇ ਵਿੱਚ ਕਣਕ ਦੀ ਸੁਚੱਜੀ ਖਰੀਦ ਲਈ 68 ਮੰਡੀਆਂ ਦਾ ਗਠਨ ਕੀਤਾ ਗਿਆ ਹੈ ।ਜਿਸ ਤਹਿਤ ਮਾਰਕੀਟ ਕਮੇਟੀ ਫਰੀਦਕੋਟ ਅਧੀਨ 16 ਮੰਡੀਆਂ ,ਮਾਰਕੀਟ ਕਮੇਟੀ ਕੋਟਕਪੂਰਾ ਅਧੀਨ 16 ਮੰਡੀਆਂ ਮਾਰਕੀਟ ਕਮੇਟੀ ਜੈਤੋ ਅਧੀਨ 21 ਮੰਡੀਆਂ ਅਤੇ ਮਾਰਕੀਟ ਕਮੇਟੀ ਸਾਦਿਕ ਅਧੀਨ 14 ਮੰਡੀਆਂ ਦਾ ਗਠਨ ਕੀਤਾ ਗਿਆ ਹੈ । ਪਿੰਡ ਘਣੀਆਂ ਦੀ ਮੰਡੀ ਮਾਰਕੀਟ ਕਮੇਟੀ ਭਗਤਾ ਭਾਈ ( ਬਠਿੰਡਾ) ਅਧੀਨ ਆਉਂਦੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਰੋਨਾ ਕਾਰਨ ਕਿਸਾਨਾਂ ਨੂੰ ਖਰੀਦ ਕਣਕ ਦੀ ਖਰੀਦ ਲਈ ਹੋਰ ਸਹੂਲਤ ਮੁਹੱਈਆ ਕਰਵਾਉਣ ਲਈ ਸਰਕਾਰ ਦੇ ਆਦੇਸ਼ਾਂ ਅਨੁਸਾਰ ਆਰਜ਼ੀ ਮੰਡੀਆਂ ਦੀ ਸਥਾਪਨਾ ਵੀ ਕੀਤੀ ਜਾ ਸਕਦੀ ਹੈ।
ਸ੍ਰੀ ਗਰਗ ਨੇ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ,ਮਜ਼ਦੂਰਾਂ ,ਆੜ੍ਹਤੀਆਂ ,ਖਰੀਦ ਏਜੰਸੀਆਂ ਆਦਿ ਦੀ ਸਹੂਲਤ ਲਈ ਛਾਂ ,ਰੋਸ਼ਨੀ ,ਪੀਣ ਵਾਲੇ ਪਾਣੀ ਅਤੇ ਸਫਾਈ ਆਦਿ ਦੇ ਢੁੱਕਵੇ ਪ੍ਰਬੰਧ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਕਰੋਨਾ ਤੋਂ ਬਚਾਅ ਸਬੰਧੀ ਸੁਰੱਖਿਆ ਉਪਾਅ ਜਿਵੇਂ ਕਿ ਮਾਸਕ ਪਹਿਨਣਾ ,ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ,ਸੈਨੇਟਾਈਜੇਸ਼ਨ, ਹੱਥ ਧੋਣ ਆਦਿ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਕੋਰੋਨਾ ਦੀ ਲਾਗ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ ।ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਜੀ ਦੇ ਆਦੇਸ਼ਾਂ ਅਨੁਸਾਰ ਸਿਹਤ ਵਿਭਾਗ ਦੀ ਮਦਦ ਨਾਲ ਲੋੜ ਪੈਣ ਤੇ ਮੰਡੀਆਂ ਵਿਚ ਕੋਵਿਡ ਟੀਕਾਕਰਨ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਵਾਰ ਵੀ ਕਰੋਨਾ ਕਾਰਨ ਕੂਪਨ ਪ੍ਰਣਾਲੀ ਰਾਹੀਂ ਕਣਕ ਦੀ ਖਰੀਦ ਕੀਤੀ ਜਾਵੇਗੀ ।ਕਣਕ ਦੀ ਖਰੀਦ ਲਈ ਕਿਸੇ ਵੀ ਧਿਰ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ ਇਸ ਲਈ ਪੰਜਾਬ ਮੰਡੀ ਬੋਰਡ ਵੱਲੋਂ ਮੰਡੀਆਂ ਵਿੱਚ ਕਿਸਾਨਾਂ ਸਮੇਤ ਸਾਰੀਆਂ ਧਿਰਾਂ ਦੀ ਸਹੂਲਤ ਲਈ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਾਰੀ ਅਤੇ ਕੂਪਨ ਸਿਸਟਮ ਰਾਹੀਂ ਹੀ ਕਣਕ ਮੰਡੀਆਂ ਵਿਚ ਲਿਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।