- ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਣਕ ਦੀ ਖਰੀਦ ਦੌਰਾਨ ਮੰਡੀਆਂ ’ਚ ਲਗਾਏ 48 ਵਿਸ਼ੇਸ਼ ਹੈਂਡ ਵਾਸ਼ ਸਿਸਟਮ
- ਕਿਸਾਨ, ਆੜਤੀ ਤੇ ਮਜ਼ਦੂਰ ਬਿਨ੍ਹਾਂ ਨਲਕੇ ਤੇ ਸਾਬਨ ਨੂੰ ਹੱਥ ਲਾਏ ਚੰਗੀ ਤਰ੍ਹਾਂ ਨਾਲ ਕਰ ਸਕਣਗੇ ਹੱਥਾਂ ਨੂੰ ਸਾਫ
- ਮੰਡੀਆਂ ’ਚ ਕਣਕ ਦੀ ਸੁਰੱਖਿਅਤ ਖਰੀਦ ਲਈ ਕਿਸਾਨਾਂ ਲਈ ਕੀਤਾ ਗਿਆ ਹੈ ਵਿਸ਼ੇਸ਼ ਪ੍ਰਬੰਧ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 18 ਅਪ੍ਰੈਲ 2021 - ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਨੂੰ ਕੋਵਿਡ-19 ਤੋਂ ਸੁਰੱਖਿਆ ਲਈ ਬਿਨ੍ਹਾਂ ਨਲਕੇ ਤੇ ਸਾਬਨ ਨੂੰ ਹੱਥ ਲਾਏ ਉਨ੍ਹਾਂ ਦੇ ਹੱਥ ਧੋਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 (ਕੋਰੋਨਾ ਵਾਇਰਸ) ਦੇ ਚੱਲਦਿਆਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਸੁਰੱਖਿਅਤ ਖਰੀਦ ਲਈ ਇਸ ਤਰ੍ਹਾਂ ਦੇ ਵਿਸ਼ੇਸ਼ ਯਤਨ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਕਣਕ ਖਰੀਦ ਕੇਂਦਰਾਂ ਵਿੱਚ 48 ਫੁਟ ਓਪਰੇਟਿਡ ਹੈਂਡ ਵਾਸ਼ ਸਿਸਟਮ ਸਥਾਪਤ ਕੀਤੇ ਗਏ ਹਨ ਤਾਂ ਜੋ ਕਿਸਾਨ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਨ ਅਤੇ ਖੁਦ ਦੇ ਨਾਲ-ਨਾਲ ਹੋਰਨਾਂ ਨੂੰ ਵੀ ਕੋਰੋਨਾ ਵਾਇਰਸ ਦੇ ਬੁਰੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਰਕੀਟ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੰਡੀਆਂ ਵਿੱਚ ਵਿੱਚ ਆਉਣ ਵਾਲੇ ਕਿਸਾਨ ਤੇ ਮਜ਼ਦੂਰਾਂ ਨੂੰ ਸਥਾਪਤ ਕੀਤੇ ਗਏ ਇਸ ਸਿਸਟਮ ਰਾਹੀਂ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਇਸ ਫੁਟ ਓਪਰੇਟਿਡ ਹੈਂਡ ਵਾਸ਼ ਸਿਸਟਮ ਲਈ ਇਕ ਪਾਣੀ ਦੀ ਵੱਡੀ ਟੈਂਕੀ ਲਗਾਈ ਗਈ ਹੈ ਜਿਸ ਦੇ ਅੱਗੇ ਦੋ ਪੁਆਇੰਟ ਹਨ ਅਤੇ ਇਨ੍ਹਾਂ ਪੁਆਇੰਟ ਦੇ ਥੱਲੇ ਇਕ ਵੱਡਾ ਵਾਸ਼ਬੇਸਨ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਵਾਸ਼ਬੇਸਨ ਦੇ ਥੱਲੇ ਸੱਜੇ ਅਤੇ ਖੱਬੇ ਪਾਸੇ ਦੋ ਪੁਆਇੰਟ ਹਨ। ਸੱਜੇ ਪੁਆਇੰਟ ਨੂੰ ਪੈਰ ਨਾਲ ਦਬਾਉਣ ’ਤੇ ਪਾਣੀ ਨਿਕਲਦਾ ਹੈ ਅਤੇ ਖੱਬੇ ਪੁਆਇੰਟ ਨੂੰ ਪੈਰ ਨਾਲ ਦਬਾਉਣ ’ਤੇ ਲਿਕੁਅਡ ਸਾਬਨ ਨਿਕਲਦਾ ਹੈ, ਜਿਸ ਨਾਲ ਕਿਸਾਨ ਆਪਣੀ ਜ਼ਰੂਰਤ ਅਨੁਸਾਰ ਪਾਣੀ ਤੇ ਸਾਬਨ ਦਾ ਪ੍ਰਯੋਗ ਕਰਕੇ ਹੱਥ ਚੰਗੀ ਤਰ੍ਹਾਂ ਧੋ ਸਕਦੇ ਹਨ। ਇਸ ਤਰ੍ਹਾਂ ਕਿਸਾਨ ਬਿਨ੍ਹਾਂ ਹੱਥ ਲਗਾਏ ਆਪਣੇ ਹੱਥ ਚੰਗੀ ਤਰ੍ਹਾਂ ਸਾਫ਼ ਕਰ ਸਕਦੇ ਹਨ।
ਜ਼ਿਲ੍ਹਾ ਮੰਡੀਆਂ ਅਫ਼ਸਰ ਰਜਿੰਦਰ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਜ਼ਿਲ੍ਹੇ ਵਿੱਚ ਮਾਰਕੀਟ ਕਮੇਟੀਆਂ ਅਤੇ ਹੋਰ ਖਰੀਦ ਕੇਂਦਰਾਂ ਵਿੱਚ ਕੋਰੋਨਾ ਤੋਂ ਬਚਾਅ ਲਈ ਫੁਟ ਓਪਰੇਟਿਡ ਹੈਂਡ ਵਾਸ਼ ਸਿਸਟਮ ਲਗਾਏ ਗਏ ਹਨ, ਜਿਸ ਬਾਰੇ ਵਿਭਾਗ ਦੇ ਕਰਮਚਾਰੀ ਕਿਸਾਨਾਂ ਨੂੰ ਇਹ ਚੰਗੀ ਤਰ੍ਹਾਂ ਹੱਥ ਸਾਫ਼ ਕਰਨ ਬਾਰੇ ਜਾਗਰੂਕ ਵੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੰਡੀਆਂ ਵਿੱਚ ਕਿਸਾਨਾਂ ਦੀ ਸੁਰੱਖਿਆ ਲਈ ਸੈਨੇਟਾਈਜ਼ਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।