ਲੁਧਿਆਣਾ, 17 ਅਪ੍ਰੈਲ 2021 - ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਦੇਸ਼ ਅੰਦਰ ਲਗਾਤਾਰ ਵਧ ਰਹੇ ਕੋਰੋਨਾ ਮਹਾਂਮਾਰੀ ਦੇ ਮਾਮਲਿਆਂ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਦੇਸ਼ੀ ਸਰਕਾਰ ਤੋਂ ਸਿੱਖ ਲੈ ਕੇ ਕੁਝ ਅਮਲ ਆਪਣੇ ਦੇਸ਼ ਚ ਕਰਨ ਦੀ ਵੀ ਸਲਾਹ ਦਿੱਤੀ ਹੈ।
ਇੱਥੇ ਜਾਰੀ ਇਕ ਬਿਆਨ ਚ ਦੀਵਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੀਤੇ ਦਿਨੀਂ ਬੰਗਲਾਦੇਸ਼ ਦੇ ਦੌਰੇ ਤੇ ਗਏ ਸਨ, ਜਿਨ੍ਹਾਂ ਨੂੰ ਆਸਟਰੇਲੀਆ ਦਾ ਦੌਰਾ ਵੀ ਕਰਨਾ ਚਾਹੀਦਾ ਹੈ ਅਤੇ ਸਿੱਖਣਾ ਚਾਹੀਦਾ ਹੈ ਕਿ ਉਥੇ ਕੋਰੋਨਾ ਨੂੰ ਕਿਵੇਂ ਕੰਟਰੋਲ ਕੀਤਾ ਗਿਆ ਹੈ। ਦੀਵਾਨ ਨੇ ਕਿਹਾ ਕਿ ਥਾਲੀਆਂ ਵਜਾਉਣ ਅਤੇ ਹੋਰ ਟੋਟਕਿਆਂ ਨਾਲ ਕੋਰੋਨਾ ਦੀ ਸਮੱਸਿਆ ਦਾ ਹੱਲ ਨਹੀਂ ਹੋਣ ਵਾਲਾ, ਇਸ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਦੀ ਲੋੜ ਹੈ।
ਉਨ੍ਹਾਂ ਅਫਸੋਸ ਪ੍ਰਗਟਾਇਆ ਕਿ ਕੇਂਦਰ ਸਰਕਾਰ ਇਨ੍ਹਾਂ ਹਾਲਾਤਾਂ ਚ ਵੀ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਦੇਸ਼ ਅੰਦਰ ਕੋਰੋਨਾ ਦੇ ਟੀਕੇ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਨੌਜਵਾਨਾਂ ਨੂੰ ਇਸ ਟੀਕਾਕਰਨ ਅਭਿਆਨ ਤੋਂ ਬਾਹਰ ਰੱਖਿਆ ਗਿਆ ਹੈ। ਜਦਕਿ ਨੌਜਵਾਨ ਮਹਾਂਮਾਰੀ ਦਾ ਤੇਜ਼ੀ ਨਾਲ ਸ਼ਿਕਾਰ ਬਣ ਰਹੇ ਹਨ। ਅਜਿਹੇ ਚ ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਟੋਟਕਿਆਂ ਅਤੇ ਧਿਆਨ ਦੇਣ ਦੀ ਬਜਾਏ ਆਸਟ੍ਰੇਲੀਆ ਦੀ ਸਰਕਾਰ ਤੋਂ ਕੁਝ ਸਿੱਖਣਾ ਚਾਹੀਦਾ ਹੈ, ਜਿੱਥੇ ਕੋਰੋਨਾ ਮਹਾਮਾਰੀ ਤੇ ਰੋਕਥਾਮ ਕੀਤੀ ਗਈ ਹੈ।