ਅਸ਼ੋਕ ਵਰਮਾ
ਬਰਨਾਲਾ, 5 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਵੱਲੋਂ ਦਿੱਤੇ ਜਾ ਰਹੇ ਧਰਨੇ ’ਚ ਸ਼ਨੀਵਾਰ ਛੇ ਫਰਵਰੀ ਨੂੰ ਦੇਸ਼ ਵਿਆਪੀ ਚੱਕਾ ਜਾਮ ਕਰਨੇ ਦੇ ਸੱਦੇ ਨੂੰ ਲਾਗੂ ਕਰਦਿਆਂ ਕਿਸਾਨ ਆਗੂਆਂ ਨੇ ਇਸ ਪ੍ਰੋਗਰਾਮ ’ਚ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ ਹੈ। ਸੰਘਰਸ਼ੀ ਧਿਰਾਂ ਵੱਲੋਂ 6 ਫਰਵਰੀ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਰਨਾਲਾ ਜਿਲੇ ‘ਚ ਸੰਘੇੜਾ, ਸਹਿਜੜਾ, ਮਹਿਲ ਕਲਾਂ, ਪੱਖੋ ਕੈਂਚੀਆਂ, ਤਪਾ, ਹੰਢਿਆਇਆ ਅਤੇ ਧਨੌਲਾ ਵਿਖੇ ਸੜਕੀ ਆਵਾਜਾਈ ਠੱਪ ਕੀਤੀ ਜਾਵੇਗੀ। ਅੱਜ ਹੀ 26 ਜਨਵਰੀ ਦੀਆਂ ਘਟਨਾਵਾਂ ਵਿੱਚ ਪੁਲਿਸ ਜਬਰ ਦਾ ਸ਼ਿਕਾਰ ਹੋਕੇ ਹੌਸਲਾ ਨਾਂ ਛੱਡਣ ਵਾਲੇ ਬਰਨਾਲਾ ਦੇ ਪਿੰਡ ਪੰਧੇਰ ਨਾਲ ਸਬੰਧਤ ਨੌਜਵਾਨ ਜਗਸੀਰ ਸਿੰਘ ਖਾਲਸਾ ਦਾ ਸਨਾਮਨ ਵੀ ਕੀਤਾ ਗਿਆ। ਬਾਜਾਖਾਨਾ ਰੋਡ ਬਰਨਾਲਾ ’ਚ ਵੀ.ਆਰ.ਸੀ ਮਾਲ ਅੱਗੇ ਧਰਨੇ ਦੇ 125 ਵੇਂ ਦਿਨ ਸੰਘੇੜਾ, ਠੀਕਰੀਵਾਲ ਅਤੇ ਜੀਰੋ ਪੁਆਇੰੰਟ ਦੀਆਂ ਇਕਾਈਆਂ ਪੂਰੇ ਜੋਸ਼ ਖਰੋਸ਼ ਨਾਲ ਸ਼ਾਮਲ ਹੋਈਆਂ।
ਅੱਜ ਗੁਰਦੇਵ ਸਿੰਘ ਮਾਂਗੇਵਾਲ, ਸਾਹਿਬ ਸਿੰਘ ਬਡਬਰ, ਪਰਮਿੰਦਰ ਸਿੰਘ ਹੰਢਿਆਇਆ, ਪ੍ਰੇਮਪਾਲ ਕੌਰ, ਜਸਵੰਤ ਸਿੰਘ ਸੰਘੇੜਾ ਅਤੇ ਦਰਸ਼ਨ ਸਿੰਘ ਠੀਕਰੀਵਾਲ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਿਹਾ ਸੰਘਰਸ਼ ਮੋਦੀ ਹਕੂਮਤ ਦੀਆਂ ਸਾਜਿਸ਼ਾਂ ਅਤੇ ਜਬਰ ਨੂੰ ਪਛਾੜਦਾ ਹਇਆ ਨਿਰਣਾਇਕ ਮੋੜ ਵਿੱਚ ਦਾਖਲ ਹੋ ਗਿਆ ਹੈ। ਆਗੂਆਂ ਨੇ ਸਿੰਘੂ-ਕੁੰਡਲੀ, ਗਾਜੀਪੁਰ, ਟਿੱਕਰੀ ਬਾਰਡਰਾਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਸਖਤ ਘੇਰਾਬੰਦੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਜਿੱਥੇ ਦੇਸ਼ ਦੇ ਅੰਨਦਾਤੇ ਬੈਠੇ ਹਨ, ਦੀ ਘੇਰਾ ਬੰਦੀ ਇਉਂ ਕੀਤੀ ਜਾ ਰਹੀ ਹੈ ਜਿਵੇਂ ਅਸੀਂ ਕਿਸੇ ਹੋਰ ਮੁਲਕ ਦੇ ਬਸ਼ਿੰਦੇ ਹੋਈਏ। ਬਾਰਡਰਾਂ ਵੱਲ ਆਉਂਦੀਆਂ ਸੜਕਾਂ ਦੀ ਘੇਰਾਬੰਦੀ ਦੂਸਰੇ ਮੁਲਕਾਂ ਨਾਲ ਲਗਦੇ ਬਾਰਡਰਾਂ ਵੱਲੋਂ ਵੀ ਸਖਤ(ਪੱਕੀਆਂ ਕੰਧਾਂ, ਕੰਡਿਆਲੀਆਂ ਤਾਰਾਂ, ਸੜਕਾਂ ਵਿੱਚ ਕਿੱਲ ਗੱਡਕੇ ਆਦਿ) ਕਰਕੇ ਬਗਾਨੇਪਣ ਦਾ ਅਹਿਸਾਸ ਕਰਵਾਉਣ ਦੀ ਮੋਦੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਅਜਿਹੇ ਜਾਬਰ ਫਾਸ਼ੀ ਕਦਮ ਲੋਕਾਂ ਅੰਦਰ ਨਫਰਤ ਅਤੇ ਗੁੱਸੇ ਦੀ ਧਾਰ ਹੋਰ ਪ੍ਰਚੰਡ ਕਰ ਰਹੇ ਹਨ। ਇਤਿਹਾਸ ਗਵਾਹ ਹੈ ਕਿ ਜਦ ਵੀ ਸਰਕਾਰਾਂ ਨੇ ਜਾਬਰ ਕਦਮਾਂ ਦਾ ਸਹਾਰਾ ਲੈਕੇ ਲੋਕ ਸੰਘਰਸ਼ਾਂ ਨੂੰ ਡਬੋਣ ਦਾ ਭਰਮ ਪਾਲਿਆ ਹੈ ਤਾਂ ਹਕੂਮਤਾਂ ਦੇ ਤਸ਼ੱਦਦ ਦੇ ਬਾਵਜੂਦ ਵੀ ਸੰਘਰਸ਼ੀ ਕਾਫਲਿਆਂ ਦੀ ਤਾਕਤ ਦੂਣ ਸਵਾਈ ਹੋਈ ਹੈ। ਉਹਨਾਂ ਬਜਟ ਵਿੱਚ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲੀ ਆਰਡੀਨੈਂਸ ਬਾਰੇ ਪਾਰਲੀਮੈਂਟ ਵਿੱਚ ਬਹਿਸ ਨਾਂ ਕਰਨ ਤੇ ਵੀ ਉੱਗਲ ਉਠਾਈ। ਆਗੂਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਆਵਾਜਾਈ ਜਾਮ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਜਾਮ ’ਚ ਅੱਧ ਸੰਸਾਰ ਦੀਆਂ ਮਾਲਕ ਔਰਤਾਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੀਆਂ।ਇਸ ਸਮੇਂ ਮੇਜਰ ਸਿੰਘ,ਸੁਖਦੇਵ ਸਿੰਘ,ਮੰਦਰ ਸਿੰਘ,ਭੂਰਾ ਸਿੰਘ,ਤੇਜਾ ਸਿੰਘ,ਹਰਭਜਨ ਸਿੰਘ, ਸਾਧੂ ਸਿੰਘ ਅਤੇ ਮੇਹਰ ਸਿੰਘ ਅਦਿ ਕਿਸਾਨ ਆਗੂਆਂ ਨੇ ਵੀ ਵਿਚਾਰ ਪੇਸ਼ ਕੀਤੇ।