- ਰਾਤ ਦੇ ਕਰਫਿਊ ਦੌਰਾਨ ਜ਼ਰੂਰੀ ਸੇਵਾਵਾਂ ਰਹਿਣਗੀਆਂ ਜਾਰੀ
- ਲੋਕ ਕਰਫਿਊ ਅਤੇ ਕੋਰੋਨਾ ਸਬੰਧੀ ਹਦਾਇਤਾਂ ਦੀ ਉਲੰਘਣਾ ਨਾ ਕਰਨ : ਐਸ.ਐਸ.ਪੀ.
- 54 ਸਰਕਾਰੀ ਹਸਪਤਾਲਾਂ/ਸਿਹਤ ਕੇਂਦਰਾਂ ’ਚ ਕੋਰੋਨਾ ਤੋਂ ਬਚਾਅ ਲਈ ਟੀਕਾਕਰਣ ਜਾਰੀ, 35 ਹਜ਼ਾਰ ਤੋਂ ਵੱਧ ਡੋਜ਼ਾਂ ਲੱਗੀਆਂ
ਹੁਸ਼ਿਆਰਪੁਰ, 19 ਮਾਰਚ 2021 - ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਲੋਕਾਂ ਨੂੰ ਰਾਤ ਦੇ ਕਰਫਿਊ ਦੀ ਇੰਨ-ਬਿੰਨ ਪਾਲਣਾ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਵੱਧ ਰਹੇ ਕੋਵਿਡ ਕੇਸਾਂ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਸਬੰਧਤ ਸਾਰੀਆਂ ਸਿਹਤ ਸਲਾਹਕਾਰੀਆਂ ਦੀ ਪਾਲਣਾ ਵਿੱਚ ਕਿਸੇ ਕਿਸਮ ਦੀ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਕਰਫਿਊ ਦੇ ਹੁਕਮ ਜ਼ਰੂਰੀ ਸੇਵਾਵਾਂ, ਜਿਵੇਂ ਕਿ ਮੈਡੀਕਲ, ਖਾਣ-ਪੀਣ ਦੀਆਂ ਵਸਤਾਂ/ਢੋਆ-ਢੁਆਈ, ਨੈਸ਼ਨਲ ਹਾਈਵੇਅ ’ਤੇ ਭਾਰੀ ਵਾਹਨਾਂ ਅਤੇ ਜੋ ਫੈਕਟਰੀਆਂ 24 ਘੰਟੇ ਸ਼ਿਫਟਾਂ ਵਿੱਚ ਕੰਮ ਕਰਦੀਆਂ ਹਨ, ’ਤੇ ਲਾਗੂ ਨਹੀਂ ਹੋਣਗੇ।
ਇਸੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਣ ਲਈ ਸਾਰੀਆਂ ਸਾਵਧਾਨੀਆਂ ਵਰਤਣ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 18 ਮਾਰਚ ਨੂੰ ਮਾਸਕ ਪਾਉਣ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ 392 ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਸ਼ੁਰੂ ਹੋਏ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਆਈ.ਪੀ.ਸੀ. ਦੀ ਧਾਰਾ 188 ਤਹਿਤ 11 ਮੁਕੱਦਮੇ ਦਰਜ ਕੀਤੇ ਗਏ ਹਨ।
ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਵਾਇਰਸ ਤੋਂ ਬਚਾਅ ਲਈ ਮਾਸਕ ਲਾਜ਼ਮੀ ਪਾਇਆ ਜਾਵੇ ਅਤੇ ਇਕ-ਦੂਜੇ ਤੋਂ ਬਣਦੀ ਦੂਰੀ ਨੂੰ ਯਕੀਨੀ ਬਣਾਇਆ ਜਾਵੇੇ। ਉਨ੍ਹਾਂ ਕਿ 1 ਮਾਰਚ ਤੋਂ ਲੈ ਕੇ ਹੁਣ ਤੱਕ ਮਾਸਕ ਨਾ ਪਾਉਣ ਦੇ ਕਰੀਬ 2300 ਚਲਾਨ ਅਤੇ ਕਰਫਿਊ ਦੀ ਉਲੰਘਣਾ ਦੇ 20 ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਹੀ ਕੋਵਿਡ ਦੇ ਮੁੜ ਫੈਲਾਅ ਨੂੰ ਮਿਸ਼ਨ ਫਤਿਹ ਤਹਿਤ ਅਸਰਦਾਰ ਢੰਗ ਨਾਲ ਰੋਕਿਆ ਜਾ ਸਕਦਾ ਹੈ।
35 ਹਜ਼ਾਰ ਤੋਂ ਵੱਧ ਡੋਜ਼ਾਂ ਲੱਗੀਆਂ, ਡਿਪਟੀ ਕਮਿਸ਼ਨਰ ਵਲੋਂ ਯੋਗ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਲਵਾਉਣ ਦੀ ਅਪੀਲ
ਜ਼ਿਲ੍ਹੇ ਵਿੱਚ ਚੱਲ ਰਹੀ ਕੋਵਿਡ ਵੈਕਸੀਨੇਸ਼ਨ ਸਬੰਧੀ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਵੱਖ-ਵੱਖ ਲਾਭਪਾਤਰੀਆਂ ਨੂੰ 35 ਹਜ਼ਾਰ ਤੋਂ ਵੱਧ ਡੋਜ਼ਾਂ ਲੱਗ ਚੁੱਕੀਆਂ ਹਨ ਅਤੇ ਜ਼ਿਲ੍ਹੇ ਵਿੱਚ ਰੋਜ਼ਾਨਾ 3 ਹਜ਼ਾਰ ਤੋਂ ਵੱਧ ਡੋਜ਼ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ 60 ਸਾਲ ਜਾਂ ਇਸ ਤੋਂ ਵੱਧ ਉਮਰ ਵਰਗ ਦੇ ਲੋਕ ਅਤੇ 45 ਤੋਂ 59 ਸਾਲ ਤੱਕ ਦੇ ਉਹ ਲੋਕ, ਜਿਹੜੇ ਵੱਖ-ਵੱਖ ਬਿਮਾਰੀਆਂ ਤੋਂ ਗ੍ਰਸਤ ਹਨ, ਆਪਣੇ ਨੇੜਲੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਵਿੱਚ ਜਾ ਕੇ ਮੁਫ਼ਤ ਟੀਕਾਕਰਣ ਕਰਵਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 54 ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿੱਚ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ ਜਿਨ੍ਹਾਂ ਵਿੱਚ ਸਿਵਲ ਹਸਪਤਾਲ ਹੁਸ਼ਿਆਰਪੁਰ, ਪੁਲਿਸ ਲਾਈਨ ਹਸਪਤਾਲ, ਨਹਿਰ ਕਲੋਨੀ ਡਿਸਪੈਂਸਰੀ, ਸ਼ਹਿਰੀ ਸਿਹਤ ਕੇਂਦਰ ਪੁਰਹੀਰਾਂ ਅਤੇ ਅਸਲਾਮਾਬਾਦ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੰਡ ਮੰਡੇਰ, ਨਸਰਾਲਾ, ਚੱਬੇਵਾਲ, ਮਹਿਲਾਂਵਾਲੀ, ਫੁਗਲਾਣਾ, ਗੜ੍ਹਦੀਵਾਲਾ, ਹਰਿਆਣਾ, ਬਾੜੀਆਂ ਕਲਾਂ, ਜੇਜੋਂ, ਬਾਗਪੁਰ, ਜਨੌੜੀ, ਮਿਆਣੀ, ਕੰਧਾਲਾ ਸ਼ੇਖਾਂ, ਭੰਗਾਲਾ, ਬਹਿਬਲ ਮੰਝ, ਬਿੰਜੋਂ, ਪਧਰਾਣਾ, ਰਾਮ ਪੁਰ ਬਿਲੜੋਂ, ਬੀ.ਬੀ.ਐਮ.ਬੀ. ਹਸਪਤਾਲ ਤਲਵਾੜਾ, ਈ.ਐਸ.ਆਈ ਹਸਪਤਾਲ ਹੁਸ਼ਿਆਰਪੁਰ, ਸੂਸਾਂ, ਬੱਡਲਾ, ਖੁਣ ਖੁਣ, ਘੋਗਰਾ, ਬੁੱਲੋ੍ਹਵਾਲ, ਦਤਾਰਪੁਰ, ਜੱਲੋਵਾਲ ਆਦਿ ਕੇਂਦਰਾਂ ਵਿਖੇ ਮੁਫ਼ਤ ਟੀਕਾਕਰਣ ਕੀਤਾ ਜਾ ਰਿਹਾ ਹੈ।
ਹੁਸ਼ਿਆਰਪੁਰ ਦੇ ਸਿਵਲ ਹਸਪਤਾਲ, ਪੁਲਿਸ ਲਾਈਨ ਹਸਪਤਾਲ, ਨਹਿਰ ਕਾਲੋਨੀ ਡਿਸਪੈਂਸਰੀ ਅਤੇ ਸ਼ਹਿਰੀ ਸਿਹਤ ਕੇਂਦਰ ਪੁਰਹੀਰਾਂ ਵਿਖੇ ਕੋਵੀਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ। ਸ਼ਹਿਰੀ ਸਿਹਤ ਕੇਂਦਰ ਅਸਲਾਮਾਬਾਦ ਵਿਖੇ ਕੋਵੈਕਸੀਨ ਲਗਾਈ ਜਾ ਰਹੀ ਹੈ।