- 20 ਮਾਰਚ ਤੋਂ ਪੰਜਾਬ ਪੁਲਿਸ ਨਾਲ ਚਾਰ ਜਗ੍ਹਾ ’ਤੇ ਲੱਗਣਗੇ ਨਾਕੇ, ਓਵਰਲੋਡਿੰਗ ’ਤੇ ਹੋਵੇਗੀ ਕਾਰਵਾਈ
- ਬਾਬਾ ਵਡਭਾਗ ਸਿੰਘ ਹੋਲੀ ਮੇਲੇ ਦੀਆਂ ਤਿਆਰੀਆਂ ਸਬੰਧੀ ਡੀ.ਸੀ ਵਲੋਂ ਅਧਿਕਾਰੀਆਂ ਨਾਲ ਮੀਟਿੰਗ
ਊਨਾ, 19 ਮਾਰਚ 2021 - ਜ਼ਿਲ੍ਹਾ ਊਨਾ ਦੇ ਪ੍ਰਸਿੱਧ ਧਾਰਮਿਕ ਸਥਾਨ ਮੈੜੀ ਸਥਿਤ ਗੁਰਦੁਆਰਾ ਬਾਬਾ ਵਡਭਾਗ ਸਿੰਘ ਵਿੱਚ 21 ਮਾਰਚ ਤੋਂ ਸ਼ੁਰੂ ਹੋ ਰਹੇ ਹੋਲੀ ਮੇਲੇ ਦੇ ਸਬੰਧ ਵਿੱਚ ਅੱਜ ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਮੀਟਿੰਗ ਕਰਦਿਆਂ ਸਾਰੇ ਸ਼ਰਧਾਲੂਆਂ ਦੀ ਕੋਵਿਡ ਨੈਗੇਟਿਵ ਰਿਪੋਰਟ ਦੀ ਜਾਂਚ ਗਹੁ ਨਾਲ ਕਰਨ ਦੇ ਨਿਰਦੇਸ਼ ਦਿੱਤੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈੜੀ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਰਿਪੋਰਟ ਹਿਮਾਚਲ ਪ੍ਰਦੇਸ਼ ਦੀ ਹੱਦ ਤੋਂ ਇਲਾਵਾ ਮੈੜੀ ਮੇਲਾ ਖੇਤਰ ਵਿੱਚ ਵੱਖ-ਵੱਖ ਥਾਵਾਂ ’ਤੇ ਵੀ ਹੋਵੇਗੀ, ਜਿਨ੍ਹਾਂ ਕੋਲ ਨੈਗੇਟਿਵ ਰਿਪੋਰਟ ਨਹੀਂ ਹੋਵੇਗੀ, ਉਨ੍ਹਾਂ ਨੂੰ ਅੱਗੇ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਵਾਇਰਸ ਤੋਂ ਬਚਾਅ ਅਤੇ ਇਸਦੇ ਫੈਲਾਅ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਤੈਅ ਕੀਤਾ ਗਿਆ ਹੈ ਕਿ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਪਣੇ ਨਾਲ ਕੋਵਿਡ-19 ਨੈਗੇਟਿਵ ਰਿਪੋਰਟ ਲਿਆਉਣੀ ਹੋਵੇਗੀ। ਇਸ ਤੋਂ ਇਲਾਵਾ ਮੇਲਾ ਖੇਤਰ ਵਿੱਚ ਆਉਣ ਵਾਲਿਆਂ ਦੀ ਥਰਮਲ ਸਕੈਨਿੰਗ ਵੀ ਕੀਤੀ ਜਾਵੇਗੀ।
ਰਾਘਵ ਸ਼ਰਮਾ ਨੇ ਕਿਹਾ ਕਿ ਭਾਰ ਢੋਣ ਵਾਲੇ ਵਾਹਨਾਂ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਓਵਰਲੋਡਿੰਗ ਨੂੰ ਚੈਕ ਕਰਨ ਲਈ ਪੰਜਾਬ ਪੁਲਿਸ ਦੇ ਨਾਲ ਸਾਂਝੇ ਨਾਕੇ ਲਗਾਏ ਜਾਣਗੇ। ਭਾਰ ਢੋਣ ਵਾਲੇ ਵਾਹਨਾ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਸ਼ਟਲ ਬੱਸਾਂ ਰਾਹੀਂ ਅੱਗੇ ਭੇਜਿਆ ਜਾਵੇਗਾ, ਜਿਸ ਦੇ ਲਈ ਕਿਰਾਇਆ ਨਿਰਧਾਰਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਇੰਟਰ ਸਟੇਟ ਨਾਕਿਆਂ ’ਤੇ ਆਯੁਰਵੇਦ ਵਿਭਾਗ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਜਦਕਿ ਮੇਲਾ ਖੇਤਰ ਵਿੱਚ ਚਾਰ ਥਾਵਾਂ ’ਤੇ ਸਿਹਤ ਵਿਭਾਗ ਦੇ ਬੂਥ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਵਿੱਚ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਨੂੰ ਮਾਸਕ, ਸੈਨੇਟਾਈਜਰ ਅਤੇ ਫੇਸ ਸ਼ੀਲਡ ਉਪਲਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੀਟਿੰਗ ਪੋਲੀਥੀਨ ਦੀ ਵਰਤੋਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਮੇਲਾ ਖੇਤਰ ਵਿੱਚ ਪਾਣੀ, ਸਫਾਈ, ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦੇ ਬਾਰੇ ਵਿੱਚ ਵੀ ਜ਼ਰੂਰੀ ਨਿਰਦੇਸ਼ ਦਿੱਤੇ ਗਏ। ਇਸ ਮੌਕੇ ’ਤੇ ਏ.ਡੀ.ਸੀ ਡਾ. ਅਮਿਤ ਕੁਮਾਰ ਸ਼ਰਮਾ, ਐਸ.ਐਸ.ਪੀ. ਵਿਨੋਦ ਕੁਮਾਰ ਧੀਮਾਨ, ਸਾਰੇ ਐਸ.ਡੀ.ਐਮਜ਼ ਅਤੇ ਬੀ.ਡੀ.ਪੀ.ਓਜ਼ ਅੰਬ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।