ਅਸ਼ੋਕ ਵਰਮਾ
ਬਠਿੰਡਾ, 20 ਮਾਰਚ2021:ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਬਠਿੰਡਾ ਨੇ ਅੱਜ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਕਰੋਨਾ ਵੈਕਸੀਨ ਨਹੀਂ ਲੁਆਉਣਗੇ। ਸਿਵਲ ਹਸਪਤਾਲ ਬਠਿੰਡਾ ’ਚ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਬਠਿੰਡਾ ਦੀ ਜਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਆਗੂਆਂ ਨੇ ਸਰਕਾਰੀ ਵਤੀਰੇ ਦਾ ਸਖਤ ਨੋਟਿਸ ਲਿਆ। ਆਗੂਆਂ ਨੇ ਆਖਿਆ ਕਿ ਸਰਕਾਰ ਅਤੇ ਅਫਸਰਸ਼ਾਹੀ ਵੱਲੋਂ ਸਿਹਤ ਕਾਮਿਆਂ ਤੇ ਕੋਵਿਡ 19 ਦਾ ਟੀਕਾ ਲਗਵਾਉਣ ਲਈ ਮਹਿਕਮੇ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ ਲਗਾਤਾਰ ਕਥਿਤ ਧਮਕੀ ਪੱਤਰ ਜਾਰੀ ਕੀਤੇ ਜਾ ਰਹੇ ਹਨ। ਮੀਟਿੰਗ ਸਿਹਤ ਕਾਮਿਆਂ ਨੇ ਆਪਣੇ ਫੈਸਲੇ ਤੇ ਦਿ੍ਰੜ੍ਹਤਾ ਪ੍ਰਗਟ ਕਰਦਿਆਂ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਤਦ ਤੱਕ ਵੈਕਸੀਨ ਨਹੀਂ ਲਗਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੋਮਵਾਰ ਤੋਂ ਮੰਗ ਪੱਤਰ ਦਿੱਤੇ ਜਾਣਗੇ। ਸਬ ਸੈਂਟਰ ਤੁੰਗਵਾਲੀ ਵਿਖੇ ਟੀਕਾ ਕਰਨ ਦੌਰਾਨ ਇੱਕ ਬੱਚੇ ਦੇ ਟੀਕਾ ਪੱਕਣ ਦੇ ਮਾਮਲੇ ਸਬੰਧੀ ਆਗੂਆਂ ਨੇ ਆਖਿਆ ਕਿ ਸਿਵਲ ਸਰਜਨ ਬਠਿੰਡਾ ਵੱਲੋਂ ਦਿੱਤੇ ਭਰੋਸੇ ਕਾਰਨ ਫਿਲਹਾਲ ਇਹ ਸੈਂਟਰ ਚਾਲੂ ਰੱਖਣ ਦਾ ਫੈਸਲਾ ਲਿਆ ਗਿਆ ਹੈ। ਜੇਕਰ ਇਹ ਮਸਲਾ ਹੱਲ ਨਾ ਹੋਇਆ ਤਾਂ ਪੂਰੇ ਜਿਲ੍ਹੇ ’ਚ ਅਗਲਾ ਸੰਘਰਸ਼ ਉਲੀਕਿਆ ਜਾਵੇਗਾ। ਅੱਜ ਦੀ ਮੀਟਿੰਗ ’ਚ ਜਸਵਿੰਦਰ ਸ਼ਰਮਾ,ਸੁਖਦੀਪ ਸਿੰਘ ਗੋਨਿਆਣਾ, ਭੁਪਿੰਦਰ ਕੌਰ,ਰਾਜਵਿੰਦਰ ਸਿੰਘ , ਰਜੇਸ਼ ਕੁਮਾਰ ਤਲਵੰਡੀ ,ਓਮ ਪ੍ਰਕਾਸ਼,ਰਣਜੀਤ ਕੌਰ, ਗੁਰਪ੍ਰੀਤ ਕੌਰ , ਕੁਲਦੀਪ ਸਿੰਘ ਸੰਗਤ ,ਮਲਕੀਤ ਸਿੰਘ ਤੇ ਨਰਪਿੰਦਰ ਸਿੰਘ ਭਗਤਾ, ਸੁਰਿੰਦਰ ਕੌਰ, ਸੁਧਾ ਰਾਣੀ ਤੇ ਜਗਦੀਸ਼ ਸਿੰਘ ਨਥਾਣਾ ਅਤੇ ਹਰਜੀਤ ਸਿੰਘ ਤੇ ਸੁਖਦੇਵ ਸਿੰਘ ਬਠਿੰਡਾ ਆਦਿ ਆਗੂਆਂ ਨੇ ਭਾਗ ਲਿਆ।