ਹਰੀਸ਼ ਕਾਲੜਾ
- ਰੈਡ-ਕਰਾਸ ਅਤੇ ਐਨ ਜੀ ਓ ਵਲੋਂ ਇਕ ਲੱਖ ਮਾਸਕ ਦੇ ਲੰਗਰ ਲਗਾਏ ਜਾਣਗੇ-ਸੋਨਾਲੀ ਗਿਰਿ
ਸ੍ਰੀ ਅਨੰਦਪੁਰ ਸਾਹਿਬ 20 ਮਾਰਚ 2021:ਹੋਲਾ-ਮੁਹੱਲਾ ਦੇ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰਿ ਨੇ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ, ਸਿੱਖ ਜੱਥੇਬੰਦੀਆਂ, ਸਭਾ ਸੁਸਾਇਟੀਆਂ,ਲੰਗਰ ਕਮੇਟੀਆਂ ਨਾਲ ਵਿਸੇਸ਼ ਮੀਟਿੰਗ ਕੀਤੀ ਅਤੇ ਹੋਲਾ ਮੁਹੱਲਾ ਦੋਰਾਨ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਵਾਲੇ ਸ਼ਰਧਾਲੂਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰਾ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਲਾ-ਮੁਹੱਲਾ ਦੋਰਾਨ ਰੈਡ ਕਰਾਸ ਸੁਸਾਇਟੀ ਅਤੇ ਐਨ ਜੀ ਓਜ਼ ਵਲੋਂ ਇਕ ਲੱਖ ਮਾਸਕ ਤਿਆਰ ਕੀਤੇ ਗਏ ਹਨ ਜੋ ਸ਼ਰਧਾਲੂਆਂ ਨੂੰ ਹੋਲਾ-ਮਹੱਲਾ ਦੋਰਾਨ ਦਿੱਤੇ ਜਾਣਗੇ, ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਵਾਲੀਆਂ ਸੰਗਤਾਂ ਨੂੰ ਆਪਣੇ ਨਾਲ ਦੋ ਮਾਸਕ ਲਿਆਉਣ ਦੀ ਅਪੀਲ ਕੀਤੀ। ਉਹਨਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ, ਸਿੱਖ ਜੱਥੇਬੰਦੀਆਂ, ਸਭਾ ਸੁਸਾਇਟੀਆਂ,ਲੰਗਰ ਕਮੇਟੀਆਂ ਦੇ ਨੁਮਾਇੰਦਿਆ ਕਿਹਾ ਕਿ ਉਹ ਸ਼ਰਧਾਲੂਆਂ ਨੂੰ ਕੋਵਿਡ ਦੀਆਂ ਗਾਈਡ ਲਾਇਨਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਦੀ ਅਪੀਲ ਕਰਨ।
ਉਹਨਾਂ ਕਿਹਾ ਕਿ ਲੰਗਰਾਂ ਵਿੱਚ ਵੀ ਮਾਸਕ ਪਾਉਣਾ ਯਕੀਨੀ ਬਣਾਇਆ ਜਾਵੇ ਅਤੇ ਸਮਾਜਿਕ ਵਿੱਥ ਰੱਖੀ ਜਾਵੇ। ਸਮੁੱਚੇ ਖੇਤਰ ਵਿੱਚ ਪ੍ਰਸਾਸ਼ਨ ਵਲੋਂ ਸੈਨੇਟਾਈਜਰ ਦਾ ਪ੍ਰਬੰਧ ਕੀਤਾ ਗਿਆ ਹੈ। ਲੰਗਰਾਂ ਵਿੱਚ ਵੀ ਇਸ ਨੂੰ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਮੇਲਾ ਖੇਤਰ ਨੂੰ 11 ਸੈਕਟਰਾਂ ਵਿੱਚ ਵੰਡਿਆਂ ਗਿਆ ਹੈ ਹਰ ਸੈਕਟਰ ਵਿੱਚ ਸਬ ਕੰਟਰੋਲਰ ਰੂਮ ਸਥਾਪਿਤ ਕੀਤਾ ਜਾਵੇਗਾ ਜਿਥੇ ਮੈਡੀਕਲ ਟੀਮਾਂ ਤੈਨਾਤ ਹੋਣਗੀਆਂ ਜੋ ਕੋਵਿਡ ਦੇ ਆਰ ਈ ਟੀ ਟੈਸਟ ਕਰਨਗੇ। ਇਸ ਟੈਸਟ ਦੀ ਰਿਪੋਰਟ ਅੱਧੇ ਘੰਟੇ ਵਿੱਚ ਪ੍ਰਾਪਤ ਹੋ ਜਾਵੇਗੀ, ਅੰਤਰ ਰਾਸ਼ਟਰੀ ਸ਼ਰਧਾਲੂ ਜੋ ਮੇਲੇ ਵਿੱਚ ਸ਼ਿਰਕਤ ਕਰਨਗੇ ਅਤੇ ਹੋਟਲਾ ਜਾਂ ਗੈਸ ਹਾਊਸ ਵਿੱਚ ਰਹਿਣਗੇ ਉਹਨਾਂ ਦਾ ਕੋਵਿਡ ਟੈਸਟ ਯਕੀਨੀ ਬਣਾਇਆ ਹੈ।
ਉਹਨਾਂ ਕਿਹਾ ਕਿ ਹੋਲਾ-ਮੁਹੱਲਾ ਪੂਰੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਸਾਸ਼ਨ ਵਲੋਂ ਸਾਰੇ ਪ੍ਰਬੰਧ ਅਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਇਸਦੇ ਲਈ ਵੱਖ ਵੱਖ ਸੰਗਠਨਾਂ, ਸ਼ਰਧਾਲੂਆਂ ਅਤੇ ਸਥਾਨਕ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ ਇਸ ਮੋਕੇ ਐਸ ਡੀ ਐਮ ਮੈਡਮ ਕਨੂ ਗਰਗ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਸ. ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਐਸ ਪੀ ਅੰਕੂਰ ਮਿੱਤਲ,ਡੀ ਐਸ ਪੀ ਰਮਿੰਦਰ ਸਿੰਘ ਕਾਹਲੋਂ ਅਤੇ ਸਿੱਖ ਜੱਥੇਬੰਦੀਆਂ, ਸਭਾ ਸੁਸਾਇਟੀਆਂ ਅਤੇ ਲੰਗਰ ਕਮੇਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।