- ਪੁਲਿਸ ਕਮਿਸ਼ਨਰ ਵਲੋਂ ਲੋਕਾਂ ਨੂੰ ਵਾਇਰਸ ਤੋਂ ਬਚਾਅ ਲਈ ਸੁਰੱਖਿਆ ਸਾਵਧਾਨੀਆਂ ਅਪਣਾਉਣ ਦੀ ਅਪੀਲ
- ਕਿਹਾ, ਕੋਵਿਡ-19 ਸਬੰਧੀ ਹਦਾਇਤਾਂ ਦੀ ਉਲੰਘਣਾ ਨੂੰ ਰੋਕਣ ਲਈ ਸ਼ਹਿਰ ’ਚ ਲਗਾਏ 126 ਸਪੈਸ਼ਲ ਨਾਕੇ
ਜਲੰਧਰ, 20 ਮਾਰਚ 2021 - ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਨਕਰ ਗੁਪਤਾ ਵੱਲੋਂ ਜਾਰੀ ਨਿਰਦੇਸ਼ਾਂ ਉਪਰੰਤ ਕਮਿਸ਼ਨਰੇਟ ਪੁਲਿਸ ਜਲੰਧਰ ਨੇ ਅੱਜ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸੁਰੱਖਿਆ ਸਾਵਧਾਨੀਆਂ ਦੀ ਉਲੰਘਣਾ ਕਰਨ ਵਾਲੇ 379 ਵਿਅਕਤੀਆਂ ਦਾ ਕੋਵਿਡ-19 ਟੈਸਟ ਕਰਵਾਇਆ।
ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਾਸਕ ਪਹਿਨਣਾ, ਥੁੱਕਣਾ ਸਮੇਤ ਹੋਰ ਸੁਰੱਖਿਆ ਸਾਵਧਾਨੀਆਂ ਦੀ ਉਲੰਘਣਾ ਨੂੰ ਰੋਕਣ ਲਈ ਸ਼ਹਿਰ ਵਿੱਚ ਵਿਸ਼ੇਸ਼ ਮੋਬਾਈਲ ਚੈੱਕ ਪੋਸਟਾਂ ਸਥਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਉਲੰਘਣਾ ਕਰਨ ਵਾਲਿਆਂ ਨੂੰ ਮਾਸਕ ਨਾ ਪਹਿਨਣ 'ਤੇ ਜੁਰਮਾਨਾ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਨੇੜਲੀ ਸਿਹਤ ਸਹੂਲਤ ਵਿਖੇ ਕੋਵਿਡ-19 ਟੈਸਟ ਕਰਵਾਉਣ ਲਈ ਕਿਹਾ ਗਿਆ । ਉਨ੍ਹਾਂ ਦੱਸਿਆ ਕਿ ਮੁਹਿੰਮ ਦੌਰਾਨ ਕੁੱਲ 379 ਟੈਸਟ ਕੀਤੇ ਗਏ ਹਨ ਅਤੇ ਕਿਹਾ ਕਿ ਇਸ ਮੁਹਿੰਮ ਨੂੰ ਨਿਯਮਤ ਤੌਰ 'ਤੇ ਜਾਰੀ ਰੱਖਿਆ ਜਾਵੇਗਾ।
ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੌਜੂਦਾ ਸਿਹਤ ਸੰਕਟ ਦੇ ਮੱਦੇਨਜ਼ਰ ਸਮਾਜ ਦੀ ਭਲਾਈ ਲਈ ਕੁਝ ਦਿਸ਼ਾ ਨਿਰਦੇਸ਼, ਜਿਨ੍ਹਾਂ ਨੂੰ ਢੁੱਕਵੇਂ ਕੋਵਿਡ ਵਿਵਹਾਰ ਵਜੋਂ ਵੀ ਜਾਣਿਆ ਜਾਂਦਾ ਹੈ, ਲਾਗੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਨ੍ਹਾਂ ਸਾਵਧਾਨੀਆਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਇਸ ਨਾਲ ਸਾਡੀ ਸਿਹਤ ਨੂੰ ਕੋਰੋਨਾ ਵਾਇਰਸ ਤੋਂ ਸੰਕਰਮਿਤ ਹੋਣ ਦਾ ਜੋਖਮ ਹੋ ਸਕਦਾ ਹੈ। ਉਨ੍ਹਾਂ ਸਮੂਹ ਨਾਗਰਿਕਾਂ ਨੂੰ ਇਨ੍ਹਾਂ ਪ੍ਰੋਟੋਕਾਲਜ਼ ਦੀ ਜ਼ਿੰਮੇਵਾਰੀ ਨਾਲ ਪਾਲਣ ਕਰਨ ਦੇ ਆਪਣੇ ਫਰਜ਼ ਨੂੰ ਨਿਭਾਉਣ ਦੀ ਅਪੀਲ ਕੀਤੀ । ਸ਼੍ਰੀ ਭੁੱਲਰ ਨੇ ਉਲੰਘਣਾ ਕਰਨ ਵਾਲਿਆਂ ਖਾਸਕਰਕੇ ਉਹ ਜਿਹੜੇ ਸਮਾਜ ਦੀ ਪ੍ਰਵਾਹ ਨਹੀਂ ਕਰਦੇ, ਨਾਲ ਸਖ਼ਤੀ ਨਾਲ ਪੇਸ਼ ਆਉਣ ਦੇ ਆਪਣੇ ਸੰਕਲਪ ਨੂੰ ਦੁਹਰਾਇਆ।
ਪੁਲਿਸ ਕਮਿਸ਼ਨਰ ਨੇ ਅੱਗੇ ਕਿਹਾ ਕਿ ਸ਼ਹਿਰ ਵਿੱਚ ਰਾਤ ਦੇ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾ ਰਿਹਾ ਸੀ ਅਤੇ ਗਸ਼ਤੀ ਪਾਰਟੀਆਂ ਵੱਲੋਂ ਵੱਖ-ਵੱਖ ਥਾਵਾਂ 'ਤੇ ਗਸ਼ਤ ਕੀਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਸ਼ਨੀਵਾਰ ਨੂੰ ਸ਼ਹਿਰ ਵਿਚ 126 ਵਿਸ਼ੇਸ਼ ਨਾਕੇ ਸਥਾਪਤ ਕੀਤੇ ਗਏ ਸਨ ਅਤੇ 379 ਉਲੰਘਣਾ ਕਰਨ ਵਾਲਿਆਂ, ਜਿਨ੍ਹਾਂ ਨੂੰ ਜੁਰਮਾਨੇ ਦੇ ਨਾਲ-ਨਾਲ ਕੋਵਿਡ -19 ਟੈਸਟ ਕਰਵਾਉਣ ਪਏ, ਸਮੇਤ ਲਗਭਗ 182 ਟ੍ਰੈਫਿਕ ਚਲਾਨ ਵੀ ਕੀਤੇ ਗਏ।