ਸੰਜੀਵ ਸੂਦ
ਲੁਧਿਆਣਾ, 24 ਮਾਰਚ 2021 - ਲੁਧਿਆਣਾ ਦੇ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਰਿੰਦਰ ਡਾਵਰ ਵੱਲੋਂ ਅੱਜ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਾ ਸੀ, ਇਸ ਦੌਰਾਨ ਰੱਖੇ ਗਏ ਸਮਾਗਮ 'ਚ ਸੈਂਕੜੇ ਲੋਕਾਂ ਦੀ ਭੀੜ ਵਿਖਾਈ ਦਿੱਤੀ। ਜਿਨ੍ਹਾਂ ਵਿਚੋਂ ਕਈਆਂ ਨੇ ਮਾਸਕ ਤੱਕ ਨਹੀਂ ਲਗਾਏ ਹੋਏ ਸਨ। ਇਸ ਦੌਰਾਨ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਕਿਸੇ ਵੀ ਇਕੱਠ ਵਿੱਚ 20 ਲੋਕਾਂ ਤੋਂ ਵੱਧ ਇਕੱਠ ਦੀ ਲਾਈ ਗਈ ਪਾਬੰਦੀ ਦੀ ਵੀ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ। ਇੱਥੋਂ ਤੱਕ ਕਿ ਸ਼ਹਿਰ ਦੇ ਵਿਚ ਬਿਨਾਂ ਮਾਸਕ ਵਾਲਿਆਂ ਨੂੰ ਫੜ ਕੇ ਉਨ੍ਹਾਂ ਦਾ ਚਲਾਨ ਕੱਟਣ ਅਤੇ ਉਨ੍ਹਾਂ ਦੇ ਕੋਰੋਨਾ ਟੈਸਟ ਕਰਵਾਉਣ ਵਾਲੀ ਪੁਲਿਸ ਵੀ ਚੁੱਪਚਾਪ ਖੜ੍ਹੀ ਰਹੀ।
ਇਸ ਸਬੰਧੀ ਜਦੋ ਵਿਧਾਇਕ ਸੁਰਿੰਦਰ ਡਾਵਰ ਨੂੰ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਉਨ੍ਹਾਂ ਨੇ ਫੋਨ ਕਰਕੇ ਨਹੀਂ ਬੁਲਾਇਆ ਸੀ। ਲੋਕ ਆਪਣੇ ਆਪ ਆਏ ਨੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਉਨ੍ਹਾਂ ਪ੍ਰਤੀ ਪਿਆਰ ਹੈ ਜੋ ਉਨ੍ਹਾਂ ਨੂੰ ਇੱਥੇ ਖਿੱਚ ਲਿਆਇਆ ਹੈ, ਨਾਲ ਹੀ ਉਹ ਇਹ ਕਹਿੰਦੇ ਵੀ ਵਿਖਾਈ ਦਿੱਤੇ ਕੇ ਜ਼ਿਆਦਾਤਰ ਲੋਕਾਂ ਵੱਲੋਂ ਮਾਸਕ ਪਾਇਆ ਗਿਆ ਹੈ ਅਤੇ ਜੋ ਇਕੱਠ ਹੋਇਆ ਹੈ ਉਹ ਲੋਕਾਂ ਦਾ ਪਿਆਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਿੱਚ ਕਿਸੇ ਨੂੰ ਨਹੀਂ ਰੋਕ ਸਕਦੇ ਅਤੇ ਨਾ ਹੀ ਇਹ ਕਹਿ ਸਕਦੇ ਨੇ ਕਿ ਉਹ ਇੱਥੋਂ ਚਲੇ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਉੱਧਰ ਦੂਜੇ ਪਾਸੇ ਮੌਕੇ ਤੇ ਮੌਜੂਦ ਡਿਵੀਜ਼ਨ ਨੰਬਰ ਅੱਠ ਦੇ ਐਸਐਚਓ ਜਰਨੈਲ ਸਿੰਘ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਹ ਵੀ ਟਾਲ ਮਟੋਲ ਕਰਦੀ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਪਾਇਆ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਵੇਗੀ।
ਕਾਬਿਲੇਗੌਰ ਹੈ ਕਿ ਲੁਧਿਆਣਾ ਦੇ ਨਾਲ ਪੰਜਾਬ ਭਰ ਵਿਚ ਕਿਸੇ ਵੀ ਜਨਤਕ ਥਾਂਵਾਂ ਤੇ ਇਕੱਠ ਦੀ ਮਨਾਹੀ ਕੀਤੀ ਗਈ ਹੈ ਪਰ ਸਰਕਾਰੀ ਪ੍ਰੋਗਰਾਮਾਂ ਦੇ ਵਿਚ ਨਾ ਸਿਰਫ ਇਕੱਠ ਕੀਤਾ ਜਾ ਰਿਹਾ ਹੈ ਸਗੋਂ ਪਰ ਉਨ੍ਹਾਂ ਨਿਯਮਾਂ ਦੀ ਵੀ ਸ਼ਰ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇੱਥੇ ਸਵਾਲ ਇਹ ਵੀ ਹੈ ਕਿ ਪੁਲਿਸ ਜੋ ਹਰ ਗੱਲ ਤੇ ਆਮ ਲੋਕਾਂ ਦੇ ਚਲਾਨ ਕੱਟਦੀ ਉਹ ਵੀ ਮੂਕ ਦਰਸ਼ਕ ਬਣਦੀ ਵਿਖਾਈ ਦਿੱਤੀ।