ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੱਛਮੀ ਬੰਗਾਲ ਨੂੰ ਗੁਰੂ ਨਾਨਕ ਸੰਦੇਸ਼ ਯਾਤਰਾ ਜਥਾ ਰਵਾਨਾ
ਲੁਧਿਆਣਾ: 17 ਅਗਸਤ
ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਫਾਉਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪੱਛਮੀ ਬੰਗਾਲ ਨੂੰ ਗੁਰੂ ਨਾਨਕ ਸੰਦੇਸ਼ ਯਾਤਰਾ ਜਥਾ ਅੱਜ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਜੀ ਦੀ ਅਗਵਾਈ ਹੇਠ ਗੁਰਦਵਾਰਾ ਮਾਡਲ ਗ੍ਰਾਮ ਲੁਧਿਆਣਾ ਤੋਂ ਅਸ਼ੀਰਵਾਦ ਲੈ ਕੇ ਸਵੇਰੇ 7 ਵਜੇ ਰਵਾਨਾ ਹੋਇਆ।
ਛੇ ਮੈਂਬਰੀ ਵਫ਼ਦ ਵਿੱਚ ਸੀ ਟੀ ਯੂਨੀਵਰਸਿਟੀ ਲੁਧਿਆਣਾ ਦੇ ਰਜਿਸਟਰਾਰ ਡਾ: ਜਗਤਾਰ ਸਿੰਘ ਧੀਮਾਨ,ਦੇਹਾ ਕਤਰ ਤੋਂ ਆਏ ਕੈਮੀਕਲ ਇੰਜਨੀਅਰ ਸ: ਗੁਰਮੇਲ ਸਿੰਘ ਧਾਲੀਵਾਲ ਭੰਮੀਪੁਰਾ(ਜਗਰਾਉਂ)
ਉੱਘੇ ਉਦਯੋਗਪਤੀ ਸ: ਕੁਲਵਿੰਦਰ ਸਿੰਘ ਚਾਨੇ , ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਅਸ਼ਵਨੀ ਮਹੰਤ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਸ਼ਾਮਿਲ ਹਨ।
ਯਾਤਰਾ ਆਰੰਭ ਕਰਨ ਤੋਂ ਪਹਿਲਾਂ ਗੁਰਦਵਾਰਾ ਮਾਡਲ ਗ੍ਰਾਮ ਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਭਾਦਰੋਂ ਦੀ ਸੰਗਰਾਂਦ ਵਾਲੇ ਦਿਨ ਗੁਰੂ ਨਾਨਕ ਸੰਦੇਸ਼ ਯਾਤਰਾ ਤੇ ਤੁਰਨਾ ਸ਼ੁਭ ਕਾਰਜ ਹੈ। ਇਸ ਮਹੀਨੇ ਦਾ ਸੰਦੇਸ਼ ਚੇਤੇ ਰੱਖਣ ਦੀ ਲੋੜ ਹੈ ਕਿ ਜੋ ਬੀਜੋਗੇ ਉਹੀ ਕਰਮਾਂ ਸੰਦੜੇ ਖੇਤ ਚੋਂ ਵੱਢੋਗੇ। ਇਸ ਲਈ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਸੰਦੇਸ਼ ਚੇਤੇ ਰੱਖਣਾ ਚਾਹੀਦਾ ਹੈ ਪਰ ਅੱਜ ਅਸੀਂ ਇਹ ਸੰਦੇਸ਼ ਵਿਸਾਰ ਕੇ ਸੰਤਾਪ ਝੱਲ ਰਹੇ ਹਾਂ।
ਪੀ ਐੱਸ ਆਈ ਡੀ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਭਾਰਤ ਦੇ ਪੂਰਬੀ ਰਾਜਾਂ ਚ ਪੰਜ ਸੌ ਸਾਲ ਪਹਿਲਾਂ ਆਪਣਾ ਸੰਦੇਸ਼ ਪਸਾਰਿਆ ਜਿਸ ਸਦਕਾ ਅੱਜ ਵੀ ਨਾਨਕ ਪੰਥੀ ਲੋਕ ਇਨ੍ਹਾਂ ਰਾਜਾਂ ਚ ਥਾਂ ਪਰ ਥਾਂ ਮਿਲਦੇ ਹਨ। ਸਮਾਜ ਦੇ ਵੱਖ ਵੱਖ ਵਰਗਾਂ ਨੂੰ ਅੱਜ ਗੁਰੂ ਨਾਨਕ ਸੰਦੇਸ਼ ਦੀ ਬਹੁਤ ਲੋੜ ਹੈ ਕਿਉਂਕਿ ਵੰਡੀ ਦਰ ਵੰਡੀ ਪਾਉਣ ਵਾਲੀਆਂ ਸ਼ਕਤੀਆਂ ਦੇ਼ਸ਼ ਨੂੰ ਰਾਹੋਂ ਕੁਰਾਹੇ ਪਾ ਰਹੀਆਂ ਹਨ।
ਸ਼੍ਰੀ ਬਾਵਾ ਨੇ ਕਿਹਾ ਕਿ ਉਹ ਪੂਰਬੀ ਰਾਜਾਂ ਚ ਵੱਸਦੇ ਪੰਜਾਬੀਆਂ ਨੂੰ ਨਵੰਬਰ ਮਹੀਨੇ ਪੰਜਾਬ ਪੁੱਜਣ ਦਾ ਸੱਦਾ ਪੱਤਰ ਵੀ ਦੇਣਗੇ। ਇਹ ਵਫਦ ਕਾਮਾਗਾਟਾ ਮਾਰੂ ਜਹਾਜ਼ ਦੇ ਉਤਾਰੇ ਵਾਲੇ ਬਜਬਜ ਘਾਟ ਤੇ ਰਾਬਿੰਦਰ ਨਾਥ ਟੈਗੋਰ ਦੇ ਜੱਦੀ ਘਰ ਦਾ ਦੌਰਾ ਵੀ ਕਰਨਗੇ।
ਡਾ: ਜਗਤਾਰ ਧੀਮਾਨ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੋਂ ਗਗਨ ਮਹਿ ਥਾਲ ਰਵਿ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ
ਨੂੰ ਟੈਗੋਰ ਨੇ ਵਿਸ਼ਵ ਗਾਨ ਵਜੋਂ ਸਤਿਕਾਰਿਆ ਸੀ, ਇਸ ਲਈ ਟੈਗੋਰ ਨੂੰ ਕੋਲਕਾਤਾ ਜਾ ਕੇ ਚੇਤੇ ਕਰਨਾ ਜ਼ਰੂਰੀ ਹੈ।
ਇਹ ਵਫਦ ਵੱਖ ਵੱਖ ਗੁਰਦਵਾਰਾ ਸਾਹਿਬਾਨ ਦੀਆਂ ਸੰਗਤਾਂ ਤੇ ਪ੍ਰਬੰਧਕ ਕਮੇਟੀਆਂ ਨੂੰ ਮਿਲਣ ਤੋਂ ਇਲਾਵਾ ਪੰਜਾਬੀ ਸਾਹਿੱਤ ਸਭਾ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕਰੇਗਾ। ਪੱਛਮੀ ਬੰਗਾਲ
ਕੋਲਕਾਤਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨਦੇ ਪ੍ਰਧਾਨ ਮੇਘ ਸਿੰਘ ਸਿੱਧੂ, ਪ੍ਰਸਿੱਧ ਵਿਦਵਾਨ ਜਗਮੋਹਨ ਸਿੰਘ ਗਿੱਲ, ਹਰਦੇਵ ਸਿੰਘ ਗਰੇਵਾਲ, ਬਚਨ ਸਿੰਘ ਸਰਲ, ਯਾਦਵਿੰਦਰ ਸਿੰਘ, ਰੀਤੇਸ਼ ਪਾਠਕ ਟਰਸਟੀ, ਗੁਰਦੀਪ ਸਿੰਘ ਸੰਘਾ, ਗੁਰਦੀਪ ਸਿੰਘ ਚੀਮਾ, ਦਰਬਾਰਾ ਸਿੰਘ ਢਿੱਲੋਂ , ਇੰਦਰਜੀਤ ਸਿੰਘ ਸਹੌਲੀ, ਸਤਵੰਤ ਸਿੰਘ, ਦੇਵਿੰਦਰ ਸਿਘ ਢਿੱਲੋਂ , ਕੁਲਵੰਤ ਸਿੰਘ ਚੀਮਾ, ਗੁਰਜੀਤ ਸਿੰਘ ਗਰੇਵਾਲ , ਗੁਰਨਾਮ ਸਿੰਘ ਗਰੇਵਾਲ ਤੇਕੁਝ ਹੋਰ ਪ੍ਰਮੁੱਖ ਸਖ਼ਸੀਅਤਾਂ ਇਸ ਵਫਦ ਦੇ ਨਾਲ ਰਹਿ ਕੇ ਵੱਖ ਵੱਖ ਇਕੱਤਰਤਾਵਾਂ ਦਾ ਪ੍ਰਬੰਧ ਕਰਨਗੀਆਂ।