ਮਾਨਸਾ, 30 ਅਕਤੂਬਰ 2019 - ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਰਜਿਸਟਰੇਸ਼ਨ ਪੰਜਾਬ ਸਰਕਾਰ ਵੱਲੋਂ ਸੇਵਾ ਕੇਂਦਰਾਂ ਵਿਖੇ 1 ਨਵੰਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ, ਭਾਰਤ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਲਈ ਇਕ ਪੋਰਟਲ ਜਾਰੀ ਕੀਤਾ ਹੈ। ਹੁਣ ਪੰਜਾਬ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਸਬੰਧੀ ਰਜਿਸਟ੍ਰੇਸ਼ਨ ਰਾਜ ਭਰ ਵਿਚ ਸਥਾਪਿਤ ਕੀਤੇ ਗਏ ਸੇਵਾ ਕੇਂਦਰਾਂ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨ ਸ਼ਰਧਾਲੂ ਮੁਫ਼ਤ ਰਜਿਸਟਰੇਸ਼ਨ ਸੇਵਾ ਦਾ ਲਾਭ ਲੈਣ ਲਈ ਸੇਵਾ ਕੇਂਦਰਾਂ ਵਿਖੇ ਜਾ ਸਕਦੇ ਹਨ। ਅਰਜ਼ੀ ਫਾਰਮ ਸੇਵਾ ਕੇਂਦਰਾਂ ਤੇ ਉਪਲਬਧ ਹਨ ਅਤੇ ਮੁਫ਼ਤ ਦਿੱਤੇ ਜਾਣਗੇ, ਹਾਲਾਂਕਿ ਫਾਰਮ ਭਰਨ ਲਈ 20 ਰੁਪਏ ਪ੍ਰਤੀ ਬਿਨੈ ਪੱਤਰ ਫੀਸ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਬਿਨੈ ਪੱਤਰ ਆਪਣੇ ਆਪ ਭਰ ਕੇ ਲਿਆਉਣ ਵਾਲੇ ਨਾਗਰਿਕਾਂ ਤੋਂ ਆਨਲਾਈਨ ਰਜਿਸਟਰੇਸ਼ਨ ਦੀ ਕੋਈ ਵੀ ਫੀਸ ਵਸੂਲ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ 1 ਨਵੰਬਰ ਤੋਂ ਤਹਿਸੀਲ ਮਾਨਸਾ ਵਿਖੇ ਸੇਵਾ ਕੇਂਦਰ ਡੀ.ਸੀ. ਦਫ਼ਤਰ ਮਾਨਸਾ, ਭੀਖੀ, ਜੋਗਾ ਦੂਲੋਵਾਲ, ਮੱਤੀ ਵਿਖੇ ਸਥਾਪਿਤ ਸੇਵਾ ਕੇਂਦਰਾਂ, ਤਹਿਸੀਲ ਬੁਢਲਾਡਾ ਵਿਖੇ ਸੇਵਾ ਕੇਂਦਰ ਉਪ ਮੰਡਲ ਮੈਜਿਸਟਰੇਟ ਬੁਢਲਾਡਾ, ਬਰ੍ਹੇ, ਦੋਦੜਾ, ਵਾਟਰ ਵਰਕਸ ਬਰੇਟਾ, ਕੁਲਰੀਆਂ ਅਤੇ ਸਰਦੂਲਗੜ੍ਹ ਵਿਖੇ ਸੇਵਾ ਕੇਂਦਰ ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ, ਰਾਏਪੁਰ ਅਤੇ ਫਤਿਹਗੜ੍ਹ ਸਾਹਨੇਵਾਲੀ ਵਿਖੇ ਸਥਾਪਿਤ ਸੇਵਾ ਕੇਂਦਰਾਂ ਤੋਂ ਇਹ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮਕਸਦ ਲਈ ਪੰਜਾਬ ਸਟੇਟ ਈ-ਗਵਰਨੈਂਸ ਸੁਸਾਇਟੀ ਵੱਲੋਂ ਇਕ ਹੈਲਪਲਾਈਨ ਬਣਾਈ ਗਈ ਹੈ। ਰਜਿਸਟਰੇਸ਼ਨ ਨਾਲ ਸਬੰਧਤ ਆਊਂਦੀ ਕਿਸੇ ਵੀ ਸਮੱਸਿਆ ਲਈ ਹੈਲਪਲਾਈਨ ਨੰਬਰ 8283842323 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।