3500 ਸ਼ਰਧਾਲੂਆਂ ਦੇ ਠਹਿਰਣ ਲਈ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਦਾ ਸ਼ਾਨਦਾਰ ਬੰਦੋਬਸਤ ਆਨਲਾਈਨ ਬੁਕਿੰਗ/ਰਜਿਸਟ੍ਰੇਸ਼ਨ 2 ਨਵੰਬਰ ਤੋਂ ਹੋਵੇਗੀ ਸ਼ੁਰੂ ਡੇਰਾ ਬਾਬਾ ਨਾਨਕ, 31 ਅਕਤੂਬਰ 2019: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇਤਿਹਾਸਕ ਨਗਰ ਡੇਰਾ ਬਾਬਾ ਨਾਨਕ ਵਿਖੇ 8 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਸਮਾਗਮਾਂ ਵਿੱਚ ਲਗਭਗ 30 ਹਜ਼ਾਰ ਸ਼ਰਧਾਲੂ ਰੋਜ਼ਾਨਾ ਇਕੱਤਰ ਹੋਇਆ ਕਰਨਗੇ। ਇਨਾਂ ਸ਼ਰਧਾਲੂਆਂ ਵਿੱਚ ਦੂਰ-ਦੁਰਾਡੀਆਂ ਥਾਵਾਂ ਤੋਂ ਦਰਸ਼ਨਾਂ ਲਈ ਪਹੰੁਚੀਆਂ ਸੰਗਤਾਂ ਵੀ ਸ਼ਾਮਲ ਹੋਣਗੀਆਂ ਜਿਨਾਂ ਦੇ ਠਹਿਰਾਅ ਦੇ ਬੰਦੋਬਸਤ 30 ਏਕੜ ਜਗਾ ਵਿੱਚ ਫੈਲੀ ਸਹੂਲਤਾਂ ਨਾਲ ਲੈਸ ਟੈਂਟ ਸਿਟੀ ਵਿੱਚ ਕੀਤੇ ਗਏ ਹਨ ਜਿੱਥੇ ਕੁੱਲ 3500 ਸ਼ਰਧਾਲੂ ਠਹਿਰਨ ਦਾ ਪ੍ਰਬੰਧ ਹੈ। ਇਸ ਇਤਿਹਾਸਕ ਮੌਕੇ ਉੱਪਰ ਇਸ ਸ਼ਹਿਰ ਵਿੱਚ ਬਣਾਈ ਗਈ ਇਹ ਟੈਂਟ ਸਿਟੀ ਸੰਗਤ ਦੇ ਸਵਾਗਤ ਲਈ ਤਿਆਰ ਹੈ ਜਿੱਥੇ 544 ਟੈਂਟ ਯੂਰਪੀਅਨ ਸਟਾਈਲ, 100 ਸਵਿਸ ਕੌਟੇਜ ਅਤੇ 20 ਦਰਬਾਰ ਸਟਾਈਲ ਦੀਆਂ ਰਿਹਾਇਸ਼ਾਂ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਸਮਾਗਮ ਲਈ ਬਣਾਏ ਗਏ ਮੁੱਖ ਪੰਡਾਲ ਦੇ ਨਾਲ-ਨਾਲ ਟੈਂਟ ਸਿਟੀ ਦਾ ਵੀ ਨਿਰੀਖਣ ਕੀਤਾ ਅਤੇ ਪ੍ਰਬੰਧਾਂ ’ਤੇ ਤਸੱਲੀ ਜਾਹਰ ਕੀਤੀ। ਇਸ ਮੁੱਖ ਪੰਡਾਲ ਵਿੱਚ 30 ਹਜ਼ਾਰ ਦੀ ਗਿਣਤੀ ਵਿੱਚ ਸੰਗਤ ਇਕੱਤਰ ਹੋਣ ਦੀ ਸਮਰੱਥਾ ਹੈ। 8 ਤੋਂ 11 ਨਵੰਬਰ, 2019 ਤੋਂ ਚੱਲਣ ਵਾਲੇ ਚਾਰ-ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦੇ ਹਰੇਕ ਦਿਨ ਏਨੀ ਗਿਣਤੀ ਵਿੱਚ ਸੰਗਤ ਦੇ ਜੁੜਣ ਦੀ ਸੰਭਾਵਨਾ ਹੈ। ਟੈਂਟ ਸਿਟੀ ਦਾ ਪ੍ਰੋਜੈਕਟ 4.2 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ ਜਿਸ ਵਿੱਚ ਯੂਰਪੀਅਨ ਤਰੀਕੇ ਦੀ ਰਿਹਾਇਸ਼ ਵੀ ਬਣਾਈ ਗਈ ਹੈ ਜਿੱਥੇ 6-6 ਵਿਅਕਤੀ ਠਹਿਰ ਸਕਦੇ ਹਨ। ਇਸ ਤਰੀਕੇ ਦੀ ਰਿਹਾਇਸ਼ ਨਾਲ 140 ਵੱਖਰੇ ਬਾਥਰੂਮ ਅਤੇ 140 ਵਾਸ਼ਰੂਮ ਵੀ ਬਣਾਏ ਗਏ ਹਨ ਤਾਂ ਕਿ ਸ਼ਰਧਾਲੂਆਂ ਦੀਆਂ ਮੁਢਲੀਆਂ ਲੋੜਾਂ ਵੀ ਪੂਰੀਆਂ ਹੋ ਸਕਣ। ਹਰੇਕ ਸਵਿੱਸ ਕੌਟੇਜ ਵਿੱਚ ਦੋ ਵਿਅਕਤੀ ਠਹਿਰ ਸਕਦੇ ਹਨ ਜਿਸ ਨਾਲ ਬਾਥਰੂਮ ਵੀ ਅਟੈਚ ਹੋਵੇਗਾ। ਇਸੇ ਤਰਾਂ ਦਰਬਾਰ ਟੈਂਟ ਨਾਲ ਵੀ ਬਾਥਰੂਮ ਹੋਵੇਗਾ ਜਿੱਥੇ ਚਾਰ-ਚਾਰ ਵਿਅਕਤੀ ਠਹਿਰ ਸਕਣਗੇ। ਇਸ ਟੈਂਟ ਸਿਟੀ ਵਿੱਚ ਕੁੱਲ 3544 ਵਿਅਕਤੀ ਠਹਿਰ ਸਕਦੇ ਹਨ ਜਿਨਾਂ ਵਿੱਚੋਂ 26 ਯੂਰਪੀਅਨ ਸਟਾਈਲ, 10 ਸਵਿੱਸ ਕੌਟੇਜ ਅਤੇ 2 ਦਰਬਾਰ ਟੈਂਟ ਸਿਵਲ ਅਫਸਰਾਂ ਤੇ ਕਰਮਚਾਰੀਆਂ ਲਈ ਹੋਣਗੇ ਅਤੇ ਯੂਰਪੀਅਨ ਤਰੀਕੇ ਵਾਲੀ ਟੈਂਟ ਸਿਟੀ ਵਿੱਚ ਹਰੇਕ ਲਈ ਪੱਛਮੀ ਪਖਾਨੇ/ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਪੁਲੀਸ ਅਫਸਰਾਂ/ਮੁਲਾਜ਼ਮਾਂ ਲਈ ਹੋਰ 56 ਯੂਰਪੀਅਨ ਸਟਾਈਲ ਟੈਂਟ, 8 ਸਵਿਸ ਕੌਟੇਜ ਅਤੇ ਦੋ ਦਰਬਾਰ ਟੈਂਟ ਰੱਖੇ ਗਏ ਹਨ ਅਤੇ ਹਰੇਕ ਯੂਰਪੀਅਨ ਟੈਂਟ ਲਈ 17 ਪਖਾਨੇ /ਵਾਸ਼ਰੂਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 1000 ਲੀਟਰ ਪ੍ਰਤੀ ਘੰਟੇ ਦੀ ਸਮਰੱਥਾ ਨਾਲ ਪਾਣੀ ਸੋਧਣ ਵਾਲਾ ਇਕ ਆਰ.ਓ. ਅਤੇ ਪਾਣੀ ਮੁਹੱਈਆ ਕਰਵਾਉਣ ਲਈ 18 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਇਸੇ ਤਰਾਂ ਬਿਜਲੀ ਦੀ ਨਿਰਵਿਘਨ ਸਪਲਾਈ ਲਈ 125 ਕਿਲੋਵਾਟ ਦੀ ਸਮਰੱਥਾ ਵਾਲੇ ਚਾਰ ਜਨਰੇਟਰ ਵੀ ਹੋਣਗੇ। ਇਸ ਟੈਂਟ ਸਿਟੀ ਵਿੱਚ ਰਜਿਸਟ੍ਰੇਸ਼ਨ ਰੂਮ, ਜੋੜਾ ਘਰ, ਗਠੜੀ ਘਰ, ਵੀ.ਆਈ.ਪੀ. ਲੌਂਜ ਅਤੇ ਫਾਇਰ ਸਟੇਸ਼ਨ ਸਮੇਤ ਹੋਰ ਵੀ ਸਹੂਲਤਾਂ ਉਪਲਬਧ ਹੋਣਗੀਆਂ। ਬੁਕਿੰਗ ਜਾਂ ਰਜਿਸ਼ਟ੍ਰੇਸਨ ਦੀ ਸਹੂਲਤ ਮੁਫਤ ਹੋਵੇਗੀ ਜਿਸ ਨੂੰ ਆਨਲਾਈਨ ਜਾਂ ਆਫ ਲਾਈਨ ਕੀਤਾ ਜਾ ਸਕਦਾ ਹੈ। ਆਨ ਲਾਈਨ ਬੁਕਿੰਗ 2 ਨਵੰਬਰ ਤੋਂ ਸ਼ੁਰੂ ਹੋਵੇਗੀ। ਇਸ ਮੌਕੇ ਸਹਿਕਾਰਤਾ ਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ, ਵਿਧਾਇਕ ਫਤਿਹ ਜੰਗ ਸਿੰਘ ਬਾਜਵਾ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁਖ ਸਕੱਤਰ ਤੇਜਵੀਰ ਸਿੰਘ, ਡੀ.ਜੀ.ਪੀ. ਦਿਨਕਰ ਗੁਪਤਾ, ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਵਧੀਕ ਮੁੱਖ ਸਕੱਤਰ ਸਹਿਕਾਰਤਾ ਕਲਪਨਾ ਮਿੱਤਲ ਬਰੂਹਾ, ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜਮ, ਮਿਲਕਫੈੱਡ ਦੇ ਐਮ.ਡੀ. ਕਮਲਦੀਪ ਸਿੰਘ ਸੰਘਾ, ਸ਼ੂਗਰਫੈੱਡ ਦੇ ਐਮ.ਡੀ. ਪੁਨੀਤ ਗੋਇਲ, ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉਜਵਲ, ਬਾਰਡਰ ਰੇਂਜ ਦੇ ਆਈ.ਜੀ. ਐਸ.ਪੀ.ਐਸ. ਪਰਮਾਰ ਅਤੇ ਬਟਾਲਾ ਦੇ ਐਸ.ਐਸ.ਪੀ. ਉਪਿੰਦਰ ਸਿੰਘ ਘੁੰਮਣ ਵੀ ਹਾਜਰ ਸਨ।