ਪੰਜਾਬ ਵਿਧਾਨ ਦੇ ਵਿਸ਼ੇਸ਼ ਇਜਲਾਸ 'ਚ ਇਕੱਠੇ ਬੈਠੇ ਪੜਦਾਦਾ ਤੇ ਪੜਪੋਤਾ
ਚੰਡੀਗੜ੍ਹ 7 ਨਵੰਬਰ, 2019 : 6 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਪੜਦਾਦਾ ਤੇ ਪੜਪੋਤਾ ਜੁੜਵੀਂ ਸੀਟ ਤੇ ਬੈਠੇ ਨਜ਼ਰ ਆਏ .
ਇਹ ਸਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਤੇ ਅਤੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ .ਬੇਸ਼ੱਕ ਉਹ ਸਕੇ ਪੜਪੋਤਾ ਅਤੇ ਪੜਦਾਦਾ ਨਹੀਂ ਹਨ ਪਰ ਕਿਓਂਕਿ ਬਾਦਲ ਅਤੇ ਸਵਰਗੀ ਚੌਧਰੀ ਦੇਵੀ ਲਾਲ ਸਮਕਾਲੀ ਵੀ ਸਨ ਅਤੇ ਬਹੁਤ ਸਿਆਸੀ ਅਤੇ ਪਰਿਵਾਰਕ ਦੋਸਤ ਵੀ ਸਨ . ਇਸ ਲਈ ਪ੍ਰਕਾਸ਼ ਸਿੰਘ ਬਾਦਲ, ਦੁਸ਼ਯੰਤ ਦੇ ਪੜਦਾਦੇ ਦੇ ਥਾਂ ਲਗਦੇ ਹਨ .
ਉਹਨਾਂ ਦੇ ਬੈਠਣ ਲਈ ਇਹ ਸੀਟ-ਪ੍ਰਬੰਧ ਸਬੱਬ ਨਾਲ ਹੋ ਗਿਆ ਜਾਂ ਮਿੱਥ ਕੇ ਕੀਤਾ ਗਿਆ ਇਸ ਬਾਰੇ ਨਹੀਂ ਪਤਾ .
ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਹਨ ਜਦਕਿ ਦੁਸ਼ਯੰਤ ਮੌਜੂਦਾ ਸਮੇਂ ਵਿਚ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਹਨ। ਜਿਥੇ ਬਾਦਲ ਪੰਜਾਬ ਵਿਧਾਨ ਸਭਾ ਦੇ ਸਭ ਤੋਂ ਸੀਨੀਅਰ ਅਤੇ ਵਡੇਰੀ ਉਮਰ ਦੇ ਮੈਂਬਰ ਹਨ, ਉਥੇ ਹੀ ਦੁਸ਼ਯੰਤ ਚੌਟਾਲਾ ਹਰਿਆਣਾ ਵਿਧਾਨ ਸਭਾ ਦੇ ਮੌਜੂਦਾ ਹਾਊਸ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਹਨ।
ਦੁਸ਼ਯੰਤ 25 ਸਾਲ ਦੀ ਉਮਰ ਵਿਚ ਮੈਂਬਰ ਪਾਰਲੀਮੈਂਟ ਬਣ ਗਏ ਸਨ ਜਦਕਿ 31 ਸਾਲ ਦੀ ਉਮਰ ਵਿਚ ਉਹ ਹਰਿਆਣਾ ਵਿਧਾਨ ਸਭਾ ਦੇ ਮੌਜੂਦਾ ਹਾਊਸ ਦੇ ਮੈਂਬਰ ਅਤੇ ਸਰਕਾਰ ਵਿਚ ਡਿਪਟੀ ਮੁੱਖ ਮੰਤਰੀ ਹਨ।
ਦੱਸਣਯੋਗ ਹੈ ਕਿ ਹਰਿਆਣਾ ਵਿਚ ਭਾਜਪਾ ਅਤੇ ਜੇ ਜੇ ਪੀ ਵਿਚਾਲੇ ਗਠਜੋੜ ਵਿਚ ਸੀਨੀਅਰ ਬਾਦਲ ਨੇ ਅਹਿਮ ਰੋਲ ਅਦਾ ਕੀਤਾ ਹੈ। ਖੁਦ ਬਾਦਲ, ਸੁਖਬੀਰ ਸਿੰਘ ਬਾਦਲ ਤੇ ਕੁਝ ਸੀਨੀਅਰ ਅਕਾਲੀ ਨੇਤਾ ਖੱਟਰ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਾਮਲ ਹੋਏ ਸਨ।