ਹਜ਼ਾਰਾਂ ਭਾਈ ਲਾਲੋ ਪਰਿਵਾਰਾਂ ਸਮੇਤ ਹੋਣਗੇ ਨਤਮਸਤਕ
ਗੁਰਨਾਮ ਸਿੱਧੂ
ਫਿਰੋਜ਼ਪੁਰ 29 ਅਕਤੂਬਰ 2019 : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਵੱਖ ਵੱਖ ਜ਼ਿਲ੍ਹਿਆਂ ਵਿਚ ਹੋਣ ਵਾਲੇ ਸਮਾਗਮਾਂ ਦੀਆਂ ਤਾਰੀਖਾਂ ਜਿਵੇਂ 3 ਨਵੰਬਰ ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਆਸਲ, 4 ਨਵੰਬਰ ਨੂੰ ਸੁਲਤਾਨਪੁਰ ਲੋਧੀ, 5 ਨਵੰਬਰ ਨੂੰ ਡੇਹਰਾ ਸਾਹਿਬ (ਤਰਨਤਾਰਨ), 7 ਨਵੰਬਰ ਨੂੰ ਚੱਬਾ (ਅੰਮ੍ਰਿਤਸਰ), 9 ਨਵੰਬਰ ਨੂੰ ਹੁਸ਼ਿਆਰਪੁਰ, 10 ਨਵੰਬਰ ਨੂੰ ਗੁਰਦਾਸਪੁਰ ਵਿਖੇ ਵਿਸ਼ਾਲ ਸਮਾਗਮ ਕਰਵਾਏ ਜਾਣਗੇ। ਜਿਸ ਵਿਚ ਹਜ਼ਾਰਾਂ ਕਿਸਾਨ ਮਜ਼ਦੂਰ ਪਰਿਵਾਰਾਂ ਸਮੇਤ ਬੜੀ ਸ਼ਰਧਾ ਨਾਲ ਸ਼ਾਮਲ ਹੋਣਗੇ ਤੇ ਗੁਰੂ ਸਾਹਿਬ ਜੀ ਦੀ ਇਨਕਲਾਬੀ ਤੇ ਵਿਗਿਆਨਿਕ ਵਿਚਾਰਧਾਰਾ ਮੁਤਾਬਿਕ ਜ਼ਿੰਦਗੀ ਜਿਉਣ ਤੇ ਬਰਾਬਰਤਾ, ਸਾਂਝੀਵਾਲਤਾ ਦੇ ਭਲੇ ਵਾਲਾ ਸਮਾਜ ਸਿਰਜਨ ਲਈ ਤਿੱਖੇ ਸੰਘਰਸ਼ ਵਿੱਢਣ ਦਾ ਸੰਕਲਪ ਕਰਨਗੇ। ਕਿਸਾਨ ਆਗੂਆਂ ਨੇ ਦੱਸਿਆ ਕਿ ਗੁਰੂ ਸਾਹਿਬ ਦੇ ਵੇਲੇ ਦੇਸ਼ ਦਾ ਰਾਜ ਪ੍ਰਬੰਧ ਪੂਰੀ ਤਰ੍ਹਾਂ ਭ੍ਰਿਸ਼ਟ ਤੇ ਲੋਕਾਂ ਤੇ ਜਬਰ ਜੁਲਮ, ਅੱਤਿਆਚਾਰ ਦੇ ਹੱਦਾਂ ਬੰਨ੍ਹੇ ਟੱਪਣ, ਲੁੱਟ ਖਸੁੱਟ ਉਤੇ ਅਧਾਰਿਤ ਸੀ। ਭਾਵੇਂ ਉਹ ਲੋਧੀ ਵੰਸ਼ ਵੀ ਤੇ ਭਾਵੇਂ ਬਾਬਰ ਮੁਗਲ ਰਾਜ ਸੀ। ਦੂਜੇ ਪਾਸੇ ਬ੍ਰਾਹਮਣਵਾਦ ਰਾਹੀਂ ਹਿੰਦੂ ਧਰਮ ਦੇ ਠੇਕੇਦਾਰਾਂ ਵੱਲੋਂ ਸਮਾਜ ਨੂੰ ਚਾਰ ਵਰਨਾ ਵਿਚ ਵੰਡ ਕੇ ਜਾਤ, ਪਾਤ, ਊਚ, ਨੀਚ, ਵਹਿਮਾ, ਭਰਮਾਂ, ਕਰਮ ਕਾਡਾਂ, ਮੂਰਤੀ ਤੇ ਬੁੱਤ ਪੂਜਾ ਤੇ ਹੋਰ ਅਨੇਕਾਂ ਤਰ੍ਹਾਂ ਦੇ ਰੀਤੀ ਰਿਵਾਜ ਚਲਾ ਕੇ ਸ਼ੂਦਰ ਤੇ ਨੀਵੀਆਂ ਜਾਤਾਂ ਦੀ ਆਰਥਿਕ, ਧਾਰਮਿਕ ਤੇ ਸਮਾਜਿਕ ਤੌਰ ਤੇ ਵੱਡੇ ਪੱਧਰ ਤੇ ਲੁੱਟ ਕੀਤੀ ਜਾ ਰਹੀ ਸੀ। ਗੁਰੂ ਸਾਹਿਬ ਨੇ ਉਸ ਮੌਕੇ ਬੜੀ ਦ੍ਰਿੜਤਾ ਨਾਲ ਸੱਚ ਦਾ ਪੱਲਾ ਫੜ ਲਿਆ। ਸਮੇਂ ਦੇ ਨਿਰਦਈ ਹਾਕਮਾਂ ਨੂੰ ਸ਼ਹਾਂ ਤੇ ਮੁਕੱਦਮਾ ਨੂੰ ਕੁੱਤਿਆ ਦਾ ਦਰਜਾ ਦਿੰਦਿਆ ਸਿੱਧਾ ਮੱਥਾ ਲਗਾਇਆ ਤੇ ਬਗਾਵਤੀ ਸੁਰ ਉੱਚੇ ਕੀਤੇ। ਇਸੇ ਤਰ੍ਹਾਂ ਬ੍ਰਾਹਮਣ ਵਾਦ ਦੇ ਨਾਮ ਹੇਠ ਜਨਤਾ ਦੀ ਕੀਤੀ ਜਾ ਰਹੀ ਧਾਰਮਿਕ ਤੌਰ ਤੇ ਲੁੱਟ, ਜਾਤੀ ਪਾਤੀ ਵਿਵਸਥਾ 'ਤੇ ਕਰਾਰੀ ਚੋਟ ਕਰਦਿਆਂ ਸਾਂਝੀਵਾਲਤਾ, ਬਰਾਬਰਤਾ ਤੇ ਕੁਦਰਤ ਵੱਲੋਂ ਹਰ ਇਕ ਮਨੁੱਖ ਵਿਚ ਇਕ ਜੋਤ ਹੋਣ ਤੇ ਕੁਦਰਤ ਵੱਲੋਂ ਕਿਸੇ ਵੀ ਮਨੁੱਖ ਨਾਲ ਵਿਤਕਰਾ ਨਾ ਕਰਨ ਦਾ ਤਰਕ ਦੇ ਕੇ ਕੁਦਰਤ ਦੇ ਸਾਰੇ ਪੈਦਾਵਾਰੀ ਸਾਧਨਾਂ 'ਤੇ ਸਾਰੇ ਮਨੁੱਖਾਂ ਦਾ ਬਰਾਬਰ ਅਧਿਕਾਰ ਹੋਣ ਦਾ ਹੋਕਾ ਲਗਾਤਾਰ 22 ਸਾਲ ਸੰਸਾਰ ਦੀਆਂ ਚਾਰ ਉਦਾਸੀਆਂ ਕਰਕੇ ਦਿੱਤਾ। ਕਿਰਤ ਕਰੋ, ਵੰਡ ਕੇ ਛਕੋ ਤੇ ਨਾਮ ਜਪੋ ਦੇ ਸਿਧਾਂਤ ਨੂੰ ਲਾਗੂ ਕਰਦਿਆ ਕਰਤਾਰਪੁਰ ਵਿਖੇ 18 ਸਾਲ ਹੱਥੀਂ ਕਿਰਤ ਕੀਤੀ ਤੇ ਲੁੱਟ ਖਸੁੱਟ ਰਹਿਤ ਭਾਈ ਲਾਲੋਆਂ ਨੂੰ ਇਨਸਾਫ ਦੇਣ ਵਾਲਾ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ।