ਚੰਡੀਗੜ੍ਹ, 9 ਦਸੰਬਰ 2019 - ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਕਤਲ ਦੇ ਦੋਸ਼ 'ਚ ਸਜ਼ਾਯਾਫ਼ਤਾ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸਾਲ 2019 ਦੇ ਜੁਲਾਈ ਮਹੀਨੇ 'ਚ ਜੇਲ੍ਹ ਅੰਦਰੋਂ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਗਈ ਸੀ ਜੋ ਕਿ ਰਾਜੋਆਣਾ ਦੀ ਭੈਣ ਵੱਲੋਂ ਹੁਣ ਦਸੰਬਰ ਮਹੀਨੇ 'ਚ ਨਸ਼ਰ ਕੀਤੀ ਗਈ ਹੈ। ਇਹ ਚਿੱਠੀ ਰਾਜੋਆਣਾ ਦੁਆਰਾ ਉਸ ਵਕਤ ਲਿਖੀ ਗਈ ਸੀ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਕਾਂਗਰਸ ਸਰਕਾਰ ਨਾਲ ਮਿਲਕੇ ਮਨਾਉਣ ਲਈ ਖਾਲਸਾ ਪੰਥ ਨੂੰ ਆਦੇਸ਼ ਜਾਰੀ ਕੀਤਾ ਸੀ ਤਾਂ ਉਸ ਸਮੇਂ 6 ਜੁਲਾਈ 2019 ਨੂੰ ਬਲਵੰਤ ਸਿੰਘ ਰਾਜੋਆਣਾ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਕਾਸ਼ ਪੁਰਬ ਕਾਂਗਰਸ ਸਰਕਾਰ ਨਾਲ ਰਲ ਕੇ ਨਾ ਮਿਲਾਉਣ ਦੀ ਤਾਕੀਦ ਕੀਤੀ ਸੀ।
ਰਾਜੋਆਣਾ ਦੀ ਭੈਣ ਦਾ ਕਹਿਣਾ ਹੈ ਕਿ ਕੌਮੀ ਹਿੱਤਾਂ ਨੂੰ ਮੁੱਖ ਰੱਖ ਕੇ ਅਤੇ ਆਪਣੇ ਨਿੱਜੀ ਮੁਸ਼ਕਿਲਾਂ ਕਰਕੇ ਉਨ੍ਹਾਂ ਨੇ ਇਹ ਚਿੱਠੀ ਨੂੰ ਜਾਰੀ ਨਹੀਂ ਕੀਤਾ ਸੀ ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਖਾਲਸਾ ਪੰਥ ਲਈ ਇਸ ਲੈਟਰ ਨੂੰ ਹੁਣ ਜਾਰੀ ਕਰਨਾ ਜਰੂਰੀ ਸਮਝਦੀ ਹਾਂ । ਇਸ ਚਿੱਠੀ ਨੂੰ ਜਾਰੀ ਕਰਦਿਆਂ ਰਾਜੋਆਣਾ ਦੀ ਭੈਣ ਦਾ ਕਹਿਣਾ ਹੈ ਕਿ ਰਾਜੋਆਣਾ ਖਿਲਾਫ ਸਾਜਿਸ਼ਾਂ ਸ਼ੁਰੂ ਹੋਣ ਦੇ ਡਰ ਵਜੋਂ ਉਨ੍ਹਾਂ ਦੁਆਰਾ ਇਹ ਚਿੱਠੀ ਜਾਰੀ ਨਹੀਂ ਕੀਤੀ ਗਈ ਸੀ, ਪਰ ਹੁਣ ਜਦੋਂ ਸਾਜਿਸ਼ਾਂ ਸ਼ੁਰੂ ਹੀ ਹੋ ਚੁੱਕੀਆਂ ਹਨ ਤਾਂ ਉਨ੍ਹਾਂ ਦੁਆਰਾ ਇਸ ਚਿੱਠੀ ਨੂੰ ਜਾਰੀ ਕੀਤਾ ਜਾ ਰਿਹਾ ਹੈ।
ਆਖ਼ਰ ਕੀ ਲਿਖਿਆ ਸੀ ਰਾਜੋਆਣਾ ਨੇ ਇਸ ਚਿੱਠੀ 'ਚ ? ਹੇਠ ਪੜ੍ਹੋ ਪੂਰੀ ਚਿੱਠੀ :-
ੴ
ਸਤਿਕਾਰਯੋਗ,
ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ,
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫ਼ਤਹਿ ॥
ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਮੈਂ ਸਮੁੱਚੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ-ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ । ਸਿੰਘ ਸਾਹਿਬ ਜੀ, ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਜੋ ਇਹ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਧੜੇਬੰਦੀ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਮਿਲ ਕੇ ਮਨਾਇਆ ਜਾਵੇ । ਇਸ ਆਦੇਸ਼ ਤੋਂ ਬਾਅਦ ਮੇਰੇ ਮਨ ਅੰਦਰ ਉਠੇ ਤੂਫਾਨ ਨੂੰ ਮੈਂ ਆਪ ਜੀ ਨਾਲ ਆਪਣੇ ਮਨ ਦੇ ਭਾਵ ਸਾਂਝੇ ਕਰਕੇ ਸਾਂਤ ਕਰਨਾ ਚਾਹੁੰਦਾ ਹਾਂ ।
ਸਿੰਘ ਸਾਹਿਬ ਜੀ, ਦੁਨੀਆਂ ਦੇ ਉਨ੍ਹਾਂ ਸਾਰੇ ਦੇਸ਼ਾਂ ਵਿੱਚ ਜਿੱਥੇ ਵੱਡੀਆਂ-ਵੱਡੀਆਂ ਸਮੱਸਿਆਵਾਂ ਹਨ,ਜਿੱਥੇ ਵੱਡੀ ਪੱਧਰ ਤੇ ਮਨੁੱਖਤਾ ਦਾ ਕਤਲੇਆਮ ਹੋਇਆ ਹੈ ਜਾਂ ਹੋ ਰਿਹਾ ਹੈ ਉਹ ਕਿਸੇ ਨਾ ਕਿਸੇ ਉੱਥੋਂ ਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੇ ਦਿਮਾਗ਼ ਵਿੱਚ ਸੱਤਾ ਤੇ ਕਾਬਜ਼ ਹੋਣ ਲਈ ਜਾਂ ਸੱਤਾ ਤੇ ਕਾਬਜ਼ ਰਹਿਣ ਲਈ ਉਪਜੀਆ ਸਾਜਿਸ਼ੀ ਅਤੇ ਸ਼ੈਤਾਨੀ ਤਰੰਗਾਂ ਦੇ ਕਾਰਣ ਹੀ ਹੋ ਰਿਹਾ ਹੈ । 80 ਦੇ ਦਹਾਕੇ ਵਿੱਚ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਦੇ ਦਿਮਾਗ਼ ਵਿੱਚ ਸੱਤਾ ਤੇ ਕਾਬਜ਼ ਰਹਿਣ ਲਈ ਜੋ ਸਾਜਿਸ਼ੀ ਅਤੇ ਸ਼ੈਤਾਨੀ ਤਰੰਗਾਂ ਪੈਦਾ ਹੋਈਆਂ ਉਨ੍ਹਾਂ ਨੇ ਸਿੱਖ ਧਰਮ ਨੂੰ, ਸਿੱਖ ਕੌਮ ਨੂੰ ਅਤੇ ਸਿੱਖੀ ਪਹਿਚਾਣ ਨੂੰ ਆਪਣੀਆਂ ਸਾਜਿਸ਼ਾ ਦਾ ਸ਼ਿਕਾਰ ਬਣਾਇਆ । ਇਨ੍ਹਾਂ ਕਾਂਗਰਸੀ ਹੁਕਮਰਾਨਾਂ ਨੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪਹਿਲਾਂ ਹਿੰਦੂਆਂ ਅਤੇ ਸਿੱਖਾਂ ਵਿੱਚ ਨਫ਼ਰਤ ਫੈਲਾਈ ।ਫਿਰ ਇਸ ਨਫ਼ਰਤ ਦਾ ਰਾਜਸੀ ਲਾਹਾ ਲੈਣ ਲਈ ਸਿੱਖ ਧਰਮ ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ ,ਦਿੱਲੀ ਦੀਆਂ ਗਲੀਆਂ ਵਿੱਚ ਵਿੱਚ ਹਜ਼ਾਰਾਂ ਨਿਰਦੋਸ਼ ਅਤੇ ਮਾਸੂਮ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਗਿਆ, ਸਿੱਖਾਂ ਦੀਆਂ ਧੀਆਂ-ਭੈਣਾਂ ਦੀ ਬੇਪਤੀ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ।ਪੰਜਾਬ ਦੀ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗਿਆ ਗਿਆ ।ਇਹ ਸੱਭ ਅਜੇ 35 ਸਾਲ ਪਹਿਲਾਂ ਹੀ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਨੇ ਕੀਤਾ ਹੈ ।ਇਨ੍ਹਾਂ ਕਾਤਲ ਕਾਂਗਰਸੀ ਹੁਕਮਰਾਨਾਂ ਨਾਲ ਮਿਲਕੇ ਜਿਨ੍ਹਾਂ ਨੇ ਸਿੱਖ ਧਰਮ ਨੂੰ, ਸਿੱਖ ਕੌਮ ਨੂੰ, ਸਿੱਖ ਸਰੂਪ ਨੂੰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਆਪਣੇ ਜ਼ੁਲਮ ਅਤੇ ਸਾਜਿਸ਼ਾ ਦਾ ਸ਼ਿਕਾਰ ਬਣਾਇਆ ਹੋਵੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਆਦੇਸ਼ ਜਾਰੀ ਕਰਨਾ ਸਾਡੀ ਸਮਝ ਵਿੱਚ ਨਹੀਂ ਆ ਰਿਹਾ ।
ਸਿੰਘ ਸਾਹਿਬ ਜੀ, ਉਸ ਅਕਾਲ-ਪੁਰਖ ਵਾਹਿਗੁਰੂ ਜੀ ਨੇ ਅਤੇ ਖਾਲਸਾ ਪੰਥ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਏਨੀ ਸਮਰੱਥਾ ਬਖਸ਼ੀ ਹੋਈ ਹੈ ਕਿ ਉਹ ਬਿਨਾਂ ਕਿਸੇ ਸਰਕਾਰੀ ਮਦਦ ਦੇ ਆਪਣੇ ਤੌਰ ਤੇ ਵੱਡੇ-ਵੱਡੇ ਸਮਾਗਮ ਕਰਵਾ ਸਕਦੀ ਹੈ ।ਫਿਰ ਚਾਹੀਦਾ ਤਾਂ ਇਹ ਸੀ ਕਿ ਇਸ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਕੌਮੀ ਅਣਖ ਅਤੇ ਗੈਰਤ ਦਾ ਪ੍ਰਗਟਾਵਾ ਕਰਨ ਲਈ, ਇਨ੍ਹਾਂ ਜ਼ਾਲਮ ਅਤੇ ਸਾਜਿਸ਼ੀ ਹੁਕਮਰਾਨਾਂ ਨੂੰ ਜ਼ਾਲਮ ਅਤੇ ਕਾਤਲ ਹੋਣ ਦਾ ਅਹਿਸਾਸ ਕਰਵਾਉਣ ਦੇ ਲਈ ਅਤੇ ਇਨ੍ਹਾਂ ਦੀਆਂ ਘਿਨਾਉਣੀਆਂ ਸਾਜਿਸ਼ਾ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਚੇਤ ਅਤੇ ਜਾਣੂ ਕਰਵਾਉਣ ਦੇ ਲਈ ਇਨ੍ਹਾਂ ਹੁਕਮਰਾਨਾਂ ਨੂੰ ਇਨ੍ਹਾਂ ਸਮਾਗਮਾਂ ਤੋਂ ਦੂਰ ਰੱਖਿਆ ਜਾਂਦਾ ।ਇਨ੍ਹਾਂ ਨੂੰ ਕੋਈ ਵੀ ਸੱਦਾ ਪੱਤਰ ਨਾ ਭੇਜ ਕੇ ਇਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਂਦਾ ।ਇਨ੍ਹਾਂ ਸਮਾਗਮਾਂ ਵਿੱਚ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੱਡੀ ਪੱਧਰ ਤੇ ਸ਼ਾਮਲ ਕੀਤਾ ਜਾਂਦਾ, ਜਿਨ੍ਹਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਇਨ੍ਹਾਂ ਸਮਾਗਮਾਂ ਦੇ ਵਿੱਚ ਉਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਬੁਲਾ ਕੇ ਮਾਣ ਦਿੱਤਾ ਜਾਂਦਾ ਜਿਨ੍ਹਾਂ ਨੇ ਕੌਮ ਤੇ ਹੋਏ ਜ਼ੁਲਮ ਦੇ ਖਿਲਾਫ ਜੂਝਦੇ ਹੋਏ ਸ਼ਹਾਦਤਾਂ ਦਿੱਤੀਆਂ, ਇਨ੍ਹਾਂ ਸਮਾਗਮਾਂ ਵਿੱਚ ਉਨ੍ਹਾਂ ਹਜ਼ਾਰਾਂ ਪੀੜਤ ਪਰਿਵਾਰਾਂ ਨੂੰ ਬੁਲਾਇਆ ਜਾਂਦਾ ਜਿਹੜੇ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ, ਇਨ੍ਹਾਂ ਸਮਾਗਮਾਂ ਵਿੱਚ ਉਨ੍ਹਾਂ ਗਰੀਬ ਸਿੱਖ ਕਿਸਾਨਾਂ, ਮਜ਼ਦੂਰਾਂ ਦੇ ਪਰਿਵਾਰਾਂ ਨੂੰ ਬੁਲਾਇਆ ਜਾਂਦਾ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਕਰਤਾਰਪੁਰ ਦੀ ਧਰਤੀ ਤੇ ਖੇਤੀ ਕਰਕੇ ਬਖਸ਼ੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦੇ ਉਪਦੇਸ਼ ਰੂਪੀ ਕਿਰਤ ਕਰਨ ਦੀ ਵਿਰਾਸਤ ਨੂੰ ਸਾਂਭਿਆ ਪਰ ਜਿਹੜੇ ਸਮੇਂ ਦੀਆਂ ਜ਼ਾਲਮ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਣ, ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋ ਕੇ ਖੁਦਕੁਸ਼ੀਆਂ ਕਰ ਗਏ ਹਨ ।ਅਜਿਹਾ ਕਰਕੇ ਇਨ੍ਹਾਂ ਸਮਾਗਮਾਂ ਵਿੱਚ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ, ਜ਼ੁਲਮ ਤੋਂ ਪੀੜਤ ਪਰਿਵਾਰਾਂ ਦੀ, ਗਰੀਬ ਸਿੱਖ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਦੀ ਮਦਦ ਕਰਕੇ, ਇਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕ ਕੇ ਇਨ੍ਹਾਂ ਨੂੰ ਜਿੰਦਗੀ ਦੇ ਸਮਰੱਥ ਬਣਾਉਣ ਦੇ ਯਤਨ ਕਰਕੇ ਪੂਰੀ ਦੁਨੀਆਂ ਨੂੰ ਇਹ ਸੁਨੇਹਾ ਦਿੱਤਾ ਜਾਂਦਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸੋਚਾਂ ਦਾ ਮਾਰਗ ਮਲਿਕ ਭਾਗੋ ਰੂਪੀ ਜ਼ਾਲਮ ਹੁਕਮਰਾਨਾਂ ਦੇ ਮਹਿਲਾਂ ਵੱਲ ਨੂੰ ਨਹੀਂ ਸਗੋਂ ਭਾਈ ਲਾਲੋ ਜੀ ਦੇ ਗਰੀਬ ਨਿਵਾਸ ਵੱਲ ਨੂੰ ਜਾਂਦਾ ਹੈ । ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਵਾਲੇ ਜ਼ਾਲਮ ਹੁਕਮਰਾਨਾਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਅਤੇ ਗੁਰੂ ਰਾਮਦਾਸ ਜੀ ਦੇ ਘਰ ਦੀ ਅਪਾਰ ਸ਼ਕਤੀ ਦਾ ਅਹਿਸਾਸ ਕਰਵਾਇਆ ਜਾਂਦਾ ਅਤੇ ਪੂਰੀ ਦੁਨੀਆਂ ਨੂੰ ਇਹ ਸ਼ੰਦੇਸ ਦਿੱਤਾ ਜਾਂਦਾ ਕਿ ਧਰਮ ਰਾਜਨੀਤੀ ਤੋਂ ਉੱਪਰ ਹੈ । ਧਰਮ ਨੂੰ ਅਜਿਹੇ ਜ਼ਾਲਮ ਅਤੇ ਕਾਤਲ ਹੁਕਮਰਾਨਾਂ ਦੀ ਕਿਸੇ ਮੱਦਦ ਦੀ ਕੋਈ ਜਰੂਰਤ ਨਹੀਂ ਹੈ । ਅਜਿਹਾ ਕਰਕੇ ਸਿੱਖੀ ਦੇ ਖਿਲਰੇ ਹੋਏ ਤਾਣੇ ਬਾਣੇ ਨੂੰ ਠੀਕ ਕਰਨ ਦੇ ਯਤਨ ਕੀਤੇ ਜਾਂਦੇ । ਪਰ ਅਫ਼ਸੋਸ ਸਾਡੀ ਸਿੱਖ ਕੌਮ ਦੇ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਦੀਆਂ ਸੋਚਾਂ ਦਾ ਮਾਰਗ ਮਲਿਕ ਭਾਗੋ ਰੂਪੀ ਜ਼ਾਲਮ ਹੁਕਮਰਾਨਾਂ ਦੇ ਮਹਿਲਾਂ ਵੱਲ ਨੂੰ ਜਾਂਦਾ ਹੈ,ਭਾਈ ਲਾਲੋ ਜੀ ਦੇ ਵਾਰਿਸ ਇਨ੍ਹਾਂ ਨੂੰ ਨਜ਼ਰ ਨਹੀਂ ਆਉਂਦੇ । ਤੁਹਾਡਾ ਇਹ ਆਦੇਸ਼ ਸਿੱਖ ਕੌਮ ਨੂੰ ਹਨੇਰੇ ਰਾਹਾਂ ਵੱਲ ਧੱਕਣ ਦਾ ਯਤਨ ਹੈ, ਤੁਹਾਡੇ ਵੱਲੋਂ ਇਨ੍ਹਾਂ ਦੇ ਗਲਾਂ ਵਿੱਚ ਪਾਏ ਗਏ ਸਿਰੋਪਾਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਦਿਨ ਦੂਰ ਨਹੀਂ ਹਨ ਜਦੋਂ ਗਾਂਧੀ ਪਰਿਵਾਰ ਨੂੰ ਅਤੇ ਹੋਰ ਜ਼ਾਲਮ ਹੁਕਮਰਾਨਾਂ ਨੂੰ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਨਮਾਨਿਤ ਕੀਤਾ ਜਾਵੇਗਾ ।
ਸਿੰਘ ਸਾਹਿਬ ਜੀ, ਮੈਂ ਤਾਂ ਸੋਚਦਾ ਸੀ ਕਿ ਡੇਰਾ ਸਿਰਸਾ ਦੇ ਖਿਲਾਫ਼ ਜਾਰੀ ਕੀਤੇ ਗਏ ਹੁਕਮਨਾਮੇ ਦੀ ਤਰ੍ਹਾਂ ਹੀ ਇੱਕ ਨਾ ਇੱਕ ਕਾਂਗਰਸ ਪਾਰਟੀ ਦੇ ਖਿਲਾਫ਼ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਕੋਈ ਹੁਕਮਨਾਮਾ ਜਰੂਰ ਜਾਰੀ ਕੀਤਾ ਜਾਵੇਗਾ । ਕਿਉਂਕਿ ਕਾਂਗਰਸੀ ਹੁਕਮਰਾਨਾਂ ਵੱਲੋਂ ਸਿੱਖ ਕੌਮ ਤੇ ਕੀਤੇ ਜ਼ੁਲਮ ਤਾਂ ਡੇਰਾ ਸਿਰਸਾ ਮੁਖੀ ਵੱਲੋਂ ਕੀਤੀ ਗਲਤੀ ਤੋਂ ਕਿਤੇ ਭਿਆਨਕ ਹਨ ਪਰ ਜੋ ਆਦੇਸ਼ ਤੁਸੀਂ ਜਾਰੀ ਕੀਤਾ ਹੈ ਉਹ ਤਾਂ ਸੱਚਮੁੱਚ ਹੀ ਪਰੇਸ਼ਾਨ ਕਰਨ ਵਾਲਾ ਹੈ । ਤੁਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹੋ, ਇਹ ਆਦੇਸ਼ ਜਾਰੀ ਕਰਨ ਸਮੇਂ ਤੁਹਾਨੂੰ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਹਿੱਕ ਤੇ ਚਲਾਏ ਗਏ ਟੈਕਾਂ ਅਤੇ ਤੋਪਾਂ ਦੇ ਗੋਲਿਆਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ, ਕੀ ਤੁਹਾਨੂੰ ਪਵਿੱਤਰ ਪ੍ਕਰਮਾ ਵਿੱਚ ਪਈਆਂ ਹਜ਼ਾਰਾਂ ਨਿਰਦੋਸ਼ ਸਿੱਖਾਂ ਦੀਆਂ ਲਾਸ਼ਾਂ ਦਿਖਾਈ ਨਹੀਂ ਦਿੱਤੀਆਂ, ਕੀ ਤੁਹਾਨੂੰ ਦਿੱਲੀ ਦੀਆਂ ਗਲੀਆਂ ਵਿੱਚ ਮਾਰੇ ਗਏ ਦਸ ਹਜ਼ਾਰ ਸਿੱਖਾਂ ਦੀਆਂ ਚੀਕਾਂ ਸੁਣਾਈ ਨਹੀਂ ਦਿੱਤੀਆਂ, ਕੀ ਤੁਹਾਨੂੰ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਵੱਲੋਂ ਪੰਜਾਬ ਦੀ ਧਰਤੀ ਤੇ ਕਤਲ ਕੀਤੇ ਗਏ 25000 ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਦਿਖਾਈ ਨਹੀਂ ਦਿੱਤੀਆਂ । ਤੁਹਾਡੇ ਵੱਲੋਂ ਜਾਰੀ ਕੀਤਾ ਗਿਆ ਇਹ ਆਦੇਸ਼ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਾਖੀ ਕਰਦੇ ਹੋਏ ਅਤੇ ਕੌਮੀ ਮਾਣ ਸਨਮਾਨ ਲਈ ਸ਼ਹੀਦ ਹੋਏ ਉਨ੍ਹਾਂ ਸਾਰੇ ਕੌਮੀ ਸ਼ਹੀਦਾਂ ਦਾ ਅਪਮਾਨ ਹੈ । ਤੁਹਾਡੇ ਵੱਲੋਂ ਕਾਂਗਰਸੀ ਹੁਕਮਰਾਨਾਂ ਨਾਲ ਮਿਲਕੇ ਪ੍ਰਕਾਸ਼ ਪੁਰਬ ਮਿਲ ਕੇ ਮਨਾਉਣ ਦਾ ਜਾਰੀ ਕੀਤਾ ਆਦੇਸ਼ ਕਾਗਰਸੀ ਹੁਕਮਰਾਨਾਂ ਦੇ ਜ਼ੁਲਮ ਦਾ ਸ਼ਿਕਾਰ ਹੋਏ ਹਜਾਰਾਂ ਬੇਕਸੂਰ ਸਿੱਖਾਂ ਦੇ ਜਖ਼ਮਾਂ ਤੇ ਲੂਣ ਛਿੜਕਣ ਦੇ ਬਰਾਬਰ ਹੈ । ਤੁਹਾਡਾ ਇਹ ਆਦੇਸ਼ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਵੀ ਅਪਮਾਨ ਹੈ ।
ਸਿੰਘ ਸਾਹਿਬ ਜੀ, ਮੇਰਾ ਇਹ ਜੀਵਨ ਹਮੇਸ਼ਾਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਰਿਹਾ ਹੈ ਅਤੇ ਹਮੇਸ਼ਾ ਰਹੇਗਾ । ਮੈਂ ਗੁਰੂ ਨਾਨਕ ਪਾਤਸ਼ਾਹ ਜੀ ਦੇ, ਗੁਰੂ ਰਾਮਦਾਸ ਜੀ ਦੇ ਅਤੇ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਤੁਹਾਡਾ ਇਹ ਆਦੇਸ਼ ਮੰਨਣ ਤੋਂ ਇਨਕਾਰ ਕਰਦਾ ਹਾਂ। ਮੈਂ ਇਨ੍ਹਾਂ ਕਾਤਲ, ਬਲਾਤਕਾਰੀ ਅਤੇ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਨਾਲ ਮਿਲਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਤੋਂ ਇਨਕਾਰ ਕਰਦਾ ਹਾਂ । ਚਾਹੋ ਤਾਂ ਮੈਨੂੰ ਪੰਥ ਵਿੱਚੋਂ ਛੇਕ ਦੇਣਾ, ਚਾਹੇ ਮੈਨੂੰ ਜੋ ਮਰਜ਼ੀ ਸਜ਼ਾ ਲਗਾ ਦੇਣਾ । ਕਿਉਂਕਿ ਮੇਰੀਆਂ ਅੱਖਾਂ ਨੇ ਨਾ ਤਾਂ ਦੇਖਣਾ ਬੰਦ ਕੀਤਾ ਹੈ ਅਤੇ ਨਾ ਹੀ ਮੇਰੇ ਕੰਨਾਂ ਨੇ ਸੁਣਨਾ ਬੰਦ ਕੀਤਾ ਹੈ । ਮੈਨੂੰ 35 ਸਾਲ ਪਹਿਲਾਂ ਸਿੱਖ ਕੌਮ ਤੇ, ਸਿੱਖ ਧਰਮ ਤੇ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਵੱਲੋਂ ਕੀਤਾ ਗਿਆ ਭਿਆਨਕ ਜ਼ੁਲਮ ਅੱਜ ਵੀ ਦਿਖਾਈ ਵੀ ਦੇ ਰਿਹਾ ਹੈ ਅਤੇ ਸੁਣਾਈ ਵੀ ਦੇ ਰਿਹਾ ਹੈ ।
ਸਿੰਘ ਸਾਹਿਬ ਜੀ, ਤੁਹਾਡੇ ਵੱਲੋਂ 6 ਜੂਨ ਨੂੰ ਘੱਲੂਘਾਰੇ ਦਿਵਸ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਕੋਈ ਲਿਖਤੀ ਸ਼ੰਦੇਸ ਜਾਰੀ ਨਾ ਕਰਨਾ, ਤੁਹਾਡੇ ਵੱਲੋਂ ਕਾਂਗਰਸੀ ਹੁਕਮਰਾਨਾਂ ਵੱਲੋਂ ਢਹਿ ਢੇਰੀ ਕੀਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਕਾਂਗਰਸੀ ਹੁਕਮਰਾਨਾਂ ਦੇ ਜ਼ੁਲਮ ਦੀ ਗੱਲ ਨਾ ਕਰਨਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਦੇ ਆੜ ਵਿੱਚ ਕਾਂਗਰਸੀ ਹੁਕਮਰਾਨਾਂ ਨਾਲ ਮਿਲਕੇ ਪ੍ਰਕਾਸ਼ ਪੁਰਬ ਮਨਾਉਣ ਦੇ ਆਦੇਸ਼ ਜਾਰੀ ਕਰਕੇ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਵੱਲੋਂ ਕੀਤੇ ਗਏ ਜੁਲਮਾਂ ਅਤੇ ਕੁਕਰਮਾਂ ਦੇ ਮਾਫ਼ੀ ਦੇਣ ਦੇ ਪਿੱਛੇ ਮੈਨੂੰ ਕੋਈ ਵੱਡੀ ਸਾਜਿਸ਼ ਲੱਗਦੀ ਹੈ । ਇਸ ਸਾਜਿਸ਼ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਨੂੰ ਮੈਂ ਆਪਣਾ ਧਰਮ ਸਮਝਦਾ ਹਾਂ । ਤੁਹਾਡੇ ਵੱਲੋਂ ਬੜੇ ਹੀ ਭੇਦ ਭਰੇ ਅਤੇ ਸਾਜਿਸ਼ੀ ਢੰਗ ਨਾਲ਼ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਨੂੰ ਦਿੱਤੀ ਗਈ ਮਾਫ਼ੀ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਹੋ ਹੱਲਾ ਕਰਨ ਵਾਲੇ ਸਾਰੇ ਹੀ ਅਖੌਤੀ ਪੰਥਕਾਂ ਅਤੇ ਸ਼ੰਘਰਸੀਆਂ ਦਾ, ਅਖੌਤੀ ਖਾਲਿਸਤਾਨੀਆਂ ਦਾ ਭੇਦਭਰੇ ਤਰੀਕੇ ਨਾਲ਼ ਖਾਮੋਸ਼ ਹੋ ਜਾਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਸਾਰੇ ਹੀ ਇਨ੍ਹਾਂ ਜ਼ਾਲਮ ਕਾਂਗਰਸੀ ਹੁਕਮਰਾਨਾਂ ਦੇ ਪਾਲੇ ਹੋਏ ਕਰਿੰਦੇ ਹਨ । ਇਹ ਲੋਕ ਪਿਛਲੇ 35 ਸਾਲਾਂ ਤੋਂ ਸਿੱਖ ਕੌਮ ਨਾਲ ਧੋਖਾ ਕਰ ਰਹੇ ਹਨ । ਇਸ ਮੁਆਫ਼ੀ ਤੇ ਸਾਰੇ ਹੀ ਸੰਤ ਸਮਾਜਾਂ ਦਾ ਖਾਮੋਸ਼ ਹੋ ਜਾਣਾ ਅਤੇ ਕੋਈ ਇੱਕ ਆਵਾਜ਼ ਦਾ ਵਿਰੋਧ ਵਿੱਚ ਨਾ ਉੱਠਣਾ ਸੱਚਮੁੱਚ ਹੀ ਚਿੰਤਾ ਦਾ ਵਿਸ਼ਾ ਹੈ । ਬੇਸ਼ੱਕ ਸਾਰੀ ਸਿੱਖ ਕੌਮ ਤੁਹਾਡਾ ਇਹ ਆਦੇਸ਼ ਮੰਨ ਕੇ ਕਾਂਗਰਸੀ ਹੁਕਮਰਾਨਾਂ ਨੂੰ ਆਪਣੇ ਗਲ ਨਾਲ ਲਾ ਲਵੇ, ਇਨ੍ਹਾਂ ਦੇ ਚਰਨਾਂ ਵਿੱਚ ਜਾ ਕੇ ਬੈਠ ਜਾਵੇ ਪਰ ਮੈਂ ਤੁਹਾਡਾ ਇਹ ਆਦੇਸ਼ ਮੰਨਣ ਤੋਂ ਇਨਕਾਰ ਕਰਕੇ ਆਪਣੇ ਗੁਰੂ ਸਾਹਿਬਾਨ ਜੀ ਦੀ ਕਚਹਿਰੀ ਵਿੱਚ ਸੁਰਖਰੂ ਹੋਣਾ ਚਾਹੁੰਦਾ ਹਾਂ ।
ਖਾਲਸਾ ਪੰਥ ਨੂੰ ਹਮੇਸ਼ਾਂ ਹੀ ਚੜ੍ਹਦੀ ਕਲਾ ਵਿੱਚ ਦੇਖਣ ਦਾ ਚਾਹਵਾਨ
ਮਿਤੀ 6-7-2019
ਬਲਵੰਤ ਸਿੰਘ ਰਾਜੋਆਣਾ
ਕੇਂਦਰੀ ਜੇਲ੍ਹ ਪਟਿਆਲਾ
ਪੰਜਾਬ ।