ਨਨਕਾਣਾ ਸਾਹਿਬ ਵਿਖੇ ਲੇਜ਼ਰ ਫੁਆਰੇ ਤੇ ਪ੍ਰਸ਼ਾਸਕੀ ਬਲਾਕ ਦਾ ਹੋਇਆ ਉਦਘਾਟਨ
ਸ੍ਰੀ ਨਨਕਾਣਾ ਸਾਹਿਬ, 11 ਅਕਤੂਬਰ, 2019 : ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਲੇਜ਼ਰ ਫੁਆਰੇ ਅਤੇ ਪ੍ਰਸ਼ਾਸਕੀ ਬਲਾਕ ਦਾ ਉਦਘਾਟਨ ਕੱਲ੍ਹ ਕੀਤਾ ਗਿਆ।
ਇਸ ਮੌਕੇ ਈ ਟੀ ਪੀ ਬੀ ਦੇ ਚੇਅਰਮੈਨ ਡਾ. ਆਮੇਰ ਅਹਿਮਦ ਮੁੱਖ ਮਹਿਮਾਨ ਸਨ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਤੇ ਹੋਰ ਮੈਂਬਰ ਵੀ ਮੌਕੇ 'ਤੇ ਮੌਜੂਦ ਸਨ।
ਇਸ ਮੌਕੇ ਸਤਵੰਤ ਸਿੰਘ ਨੇ ਕਿਹਾ ਕਿ ਇਹ ਪਾਕਿਸਤਾਨ ਸਰਕਾਰ ਦੀ ਵੱਡੀ ਪਹਿਲਕਦਮੀ ਹੈ ਕਿ ਇਸ ਪਵਿੱਤਰ ਅਸਥਾਨ 'ਤੇ ਪ੍ਰਸ਼ਾਸਕੀ ਬਲਾਕ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬਲਾਕ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਆਓ ਭਗਤ ਵਾਸਤੇ ਅਹਿਮ ਰੋਲ ਅਦਾ ਕਰੇਗਾ।
ਉਨ੍ਹਾਂ ਕਿਹਾ ਕਿ ਲੇਜ਼ਰ ਫੁਆਰਾ ਵੀ ਇੱਥੇ ਆਉਣ ਵਾਲੇ ਸ਼ਰਧਾਲੂਆਂ ਲਈ ਵੱਡੀ ਖਿੱਚ ਦਾ ਕੇਂਦਰ ਹੋਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਬਾਬਾ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ।