ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਅਤੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਪ੍ਰਬੰਧਾਂ ਦੀ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ਼ਲਾਘਾ
ਨਰੋਏ ਸਮਾਜ ਦੀ ਸਿਰਜਣਾ ਲਈ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉਤੇ ਅਮਲ ਅਤਿ ਜ਼ਰੂਰੀ
ਕੈਬਨਿਟ ਮੰਤਰੀ ਵੱਲੋਂ ਡੇਰਾ ਬਾਬਾ ਨਾਨਕ ਉਤਸਵ ਤਹਿਤ ਕਰਵਾਏ ਸੈਮੀਨਾਰ ਵਿੱਚ ਸ਼ਿਰਕਤ
ਵਿਦਵਾਨਾਂ ਨੂੰ ਸਕੂਲਾਂ ਤੇ ਕਾਲਜਾਂ ਵਿੱਚ ਲੜੀਵਾਰ ਸੈਮੀਨਾਰ ਕਰਵਾਉਣ ਦੀ ਅਪੀਲ
ਸੈਮੀਨਾਰਾਂ ਦੀ ਲੜੀ ਲਈ ਸਹਿਕਾਰਤਾ ਤੇ ਜੇਲ੍ਹ ਮੰਤਰੀ ਵੱਲੋਂ ਪੂਰਨ ਸਹਿਯੋਗ ਦਾ ਵਾਅਦਾ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 10 ਨਵੰਬਰ 2019: ਕਿਰਤ ਕਰਨ, ਨਾਮ ਜੱਪਣ ਅਤੇ ਵੰਡ ਕੇ ਛਕਣ ਦੇ ਸਿਧਾਂਤ ਤੋਂ ਦੂਰ ਜਾਣ ਕਾਰਨ ਹੀ ਸਮਾਜ ਵਿੱਚ ਗਿਰਾਵਟ ਆਈ ਹੈ ਤੇ ਨਰੋਏ ਸਮਾਜ ਦੀ ਸਿਰਜਣਾ ਲਈ ਲਾਜ਼ਮੀ ਹੈ ਕਿ ਗੁਰੂ ਸਾਹਿਬ ਦੀ ਬਾਣੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਨਾਲ ਨਾਲ ਗੁਰਬਾਣੀ ਉਤੇ ਅਮਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਇਸੇ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਅਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਡੇਰਾ ਬਾਬਾ ਨਾਨਕ ਉਤਸਵ ਕਰਵਾਇਆ ਜਾ ਰਿਹਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਨੇ ਰੰਧਾਵਾ ਨੇ ਡੇਰਾ ਬਾਬਾ ਨਾਨਕ ਉਤਸਵ ਤਹਿਤ ਬਲਿਹਾਰੀ ਕੁਦਰਤ ਵਸਿਆ' ਪੰਡਾਲ ਵਿੱਚ ਕਰਵਾਏ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਡੇਰਾ ਬਾਬਾ ਨਾਨਕ ਉਤਸਵ ਤਹਿਤ ਕਰਵਾਏ ਫਿਲਮ ਫੈਸਟੀਵਲ ਦੌਰਾਨ ਦਿਖਾਈਆਂ ਗਈਆਂ ਪੰਜ ਲਘੂ ਫਿਲਮਾਂ ਦੇ ਨਿਰਦੇਸ਼ਕਾਂ ਦਾ ਕਰੀਬ 05 ਲੱਖ ਰੁਪਏ, ਸ਼ਾਲ ਅਤੇ ਕਿਤਾਬਾਂ ਦੇ ਸੈੱਟਾਂ ਨਾਲ ਸਨਮਾਨ ਕੀਤਾ।ਜ਼ਿਕਰਯੋਗ ਹੈ ਕਿ ਇਸ ਫਿਲਮ ਫੈਸਟੀਵਲ ਤਹਿਤ ਲਘੂ ਫਿਲਮਾਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ 28 ਫਿਲਮਾਂ ਆਈਆਂ ਸਨ, ਜਿਨ੍ਹਾਂ ਵਿੱਚੋਂ ਪੰਜ ਫਿਲਮਾਂ ਦੀ ਚੋਣ ਕੀਤੀ ਗਈ ਤੇ ਫਿਲਮ ਫੈਸਟੀਵਲ ਦੌਰਾਨ ਇਹ ਫਿਲਮਾਂ ਲਗਾਤਾਰ ਵਿਖਾਈਆਂ ਗਈਆਂ, ਜਿਨ੍ਹਾਂ ਨੂੰ ਸੰਗਤ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਨ੍ਹਾਂ ਪੰਜ ਫਿਲਮਾਂ ਵਿੱਚੋਂ ਇਹ ਲਾਂਘਾ' ਫਿਲਮ ਬਨਾਉਣ ਵਾਲੇ ਡਾਇਰੈਕਟਰ ਹਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 01 ਲੱਖ 51 ਹਜ਼ਾਰ ਰੁਪਏ, ਫਿਲਮ ਗੁਰਪੁਰਬ' ਦੇ ਨਿਰਦੇਸ਼ਕ ਡਾ. ਸਾਹਿਬ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 01 ਲੱਖ 31 ਹਜ਼ਾਰ ਰੁਪਏ, ਫਿਲਮ ਕਾਫਰ' ਦੇ ਨਿਰਦੇਸ਼ਕ ਵਰਿੰਦਰਪਾਲ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ 01 ਲੱਖ 21 ਹਜ਼ਾਰ ਰੁਪਏ, ਚੌਥਾ ਸਥਾਨ ਹਾਸਲ ਕਰਨ ਵਾਲੇ ਫਿਲਮ ਇਕ ਓਂਕਾਰ' ਦੇ ਨਿਰਦੇਸ਼ਕ ਸੁਖਜੀਤ ਸ਼ਰਮਾ ਨੂੰ 51 ਹਜ਼ਾਰ ਰੁਪਏ ਅਤੇ ਪੰਜਵਾਂ ਸਥਾਨ ਹਾਸਲ ਕਰਨ ਵਾਲੇ ਫਿਲਮ ਚਾਨਣ' ਦੇ ਨਿਰਦੇਸ਼ਕ ਸਤਨਾਮ ਸਿੰਘ ਨੂੰ 31 ਹ਼ਜਾਰ ਰੁਪਏ ਨਾਲ ਸਨਮਾਨਿਆ ਗਿਆ।
ਇਸ ਤੋਂ ਪਹਿਲਾਂ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਰੰਧਾਵਾ ਨੇ ਪਾਕਿਸਤਾਨ ਵੱਲੋਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘੇ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਾਂਘੇ ਅਤੇ ਹੋਰਨਾ ਪ੍ਰਬੰਧਾਂ ਨੂੰ ਦੇਖ ਕੇ ਇਹ ਗੱਲ ਸਪਸ਼ਟ ਹੋ ਰਹੀ ਸੀ ਕਿ ਸਾਰੇ ਪ੍ਰਬੰਧ ਗੁਰੂ ਸਾਹਿਬ ਨੂੰ ਅਕੀਦਤ ਭੇਟ ਕਰਦਿਆਂ ਦਿਲੋਂ ਕੀਤੇ ਗਏ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਲੋੜ ਹੈ ਕਿ ਗੁਰਬਾਣੀ ਨੂੰ ਆਪਣੇ ਮਨਾਂ ਵਿਚ ਵਸਾ ਕੇ ਉਸ ਨੂੰ ਅਮਲੀ ਜੀਵਨ ਦਾ ਅੰਗ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਕੋਈ ਗੁਰਬਾਣੀ ਨਾਲ ਜੁੜਦਾ ਹੈ ਤਾਂ ਗੁਰੂ ਸਾਹਿਬ ਬਾਣੀ ਦੇ ਰੂਪ ਵਿੱਚ ਉਸ ਮਨੁੱਖ ਦੇ ਸਵਾਲਾਂ ਦੇ ਜਵਾਬ ਨਾਲੋ ਨਾਲੋ ਦਿੰਦੇ ਹਨ।ਉਨ੍ਹਾਂ ਕਿਹਾ ਕਿ ਗੁੁਰਬਾਣੀ ਦੇ ਅਧਾਰ 'ਤੇ ਸਮਾਜ ਦੀ ਸੋਚ ਅਤੇ ਨਜ਼ਰੀਆ ਬਦਲਿਆ ਜਾਵੇ।
ਸ.ਰੰਧਾਵਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਔਰਤ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਅਤੇ ਮੌਜੂਦਾ ਦੌਰ ਵਿਚ ਵੀ ਔਰਤਾਂ ਸਮਾਜਿਕ ਬੁਰਾਈਆਂ ਦੇ ਖਾਤਮੇ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ।ਉਨ੍ਹਾਂ ਦੱਸਿਆ ਕਿ ਇਹ ਲਾਂਘਾ ਅਮਨ ਤੇ ਸਾਂਤੀ ਦਾ ਪ੍ਰਤੀਕ ਹੈ ਅਤੇ ਪਾਕਿਸਤਾਨ ਵਸਦੇ ਵੱਡੀ ਗਿਣਤੀ ਲੋਕ ਭਾਰਤ ਵਿੱਚ ਆ ਕੇ ਆਪਣੀਆਂ ਪੁਰਾਣੀਆਂ ਥਾਵਾਂ ਵੇਖਣ ਦੇ ਚਾਹਵਾਨ ਹਨ ਅਤੇ ਇਸ ਦਿਸਾ਼ ਵਿੱਚ ਉਹ ਖੁਦ ਹਰ ਸੰਭਵ ਉਪਰਾਲਾ ਕਰਨ ਲਈ ਯਤਨਸ਼ੀਲ ਹਨ।
ਸ.ਰੰਧਾਵਾ ਨੇ ਸੈਮੀਨਾਰ ਵਿਚ ਸ਼ਾਮਲ ਵਿਦਵਾਨਾਂ ਨੂੰ ਕਿਹਾ ਕਿ ਸਕੂਲਾਂ ਅਤੇ ਕਾਲਜਾਂ ਵਿਚ ਸੈਮੀਨਾਰਾਂ ਦੀ ਲੜੀ ਚਲਾਈ ਜਾਵੇ ਤਾਂ ਜੋ ਨੌਜਵਾਨਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਵਿਰਾਸਤ ਨਾਲ ਜੋੜਿਆ ਜਾ ਸਕੇ। ਉਨ੍ਹਾਂ ਨੇ ਵਿਦਵਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਸ਼ਿੱਦਤ ਨਾਲ ਇਸ ਦਿਸ਼ਾ ਵਿਚ ਕਦਮ ਪੁੱਟਣ ਉਹ ਆਪਣੇ ਵੱਲੋਂ ਇਸ ਸਬੰਧੀ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਗੇ। ਸੈਮੀਨਾਰ ਦੌਰਾਨ ਵੱਖ ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਰੂੜੀਵਾਦੀ ਰੀਤਾਂ ਨੂੰ ਨਕਾਰ ਕੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਅਤੇ ਜਬਰ ਤੇ ਜੁਲਮ ਖਿਲਾਫ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿਚ ਆਵਾਜ਼ ਬੁਲੰਦ ਕਰ ਕੇ ਔਰਤਾਂ ਨੂੰ ਮਾਣ ਸਨਮਾਨ ਦਵਾਇਆ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਮਨਾਉਣਾ ਤਾਂ ਹੀ ਸਾਰਥਿਕ ਹੈ ਜੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਅਮਲ ਕੀਤਾ ਜਾਵੇ।
ਇਸ ਮੌਕੇ ਰਜਿਸਟਰਾਰ ਸਹਿਕਾਰੀ ਸਭਾਵਾਂ, ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਵਰੁਣ ਰੂਜ਼ਮ, ਸ਼ੂਗਰ ਫੈਡ ਦੇ ਐਮ.ਡੀ. ਪੁਨੀਤ ਗੋਇਲ, ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐਮ.ਡੀ.ਡਾ.ਐਸ ਕੇ ਬਾਤਿਸ਼, ਡੇਰਾ ਬਾਬਾ ਨਾਨਕ ਉਤਸਵ ਦੇ ਕੋਆਰਡੀਨੇਟਰ ਅਮਰਜੀਤ ਗਰੇਵਾਲ, ਮਨਮੋਹਨ ਸਿੰਘ, ਡਾ.ਬੂਟਾ ਸਿੰਘ ਬਰਾੜ, ਡਾ:ਜੋਗਾ ਸਿੰਘ, ਡਾ: ਮੁਹੰਮਦ ਇਕਦੀਸ਼, ਡਾ: ਨਛੱਤਰ ਸਿੰਘ, ਡਾ: ਚਰਨਜੀਤ ਕੌਰ, ਡਾ: ਰਜਿੰਦਰਪਾਲ ਬਰਾੜ, ਡਾ:ਸਵਰਨ ਸਿੰਘ, ਡਾ:ਵਿਵੇਕ ਸਚਦੇਵਾ,ਡਾ.ਸਵਰਾਜ ਸਿੰਘ, ਡਾ: ਰਜਿੰਦਰ ਕੌਰ ਸਮੇਤ ਦੇਸ਼ ਦੇ ਵੱਖ ਵੱਖ ਖਿੱਤਿਆਂ ਵਿਚੋਂ ਪੁੱਜੇ ਵਿਦਵਾਨ ਹਾਜ਼ਰ ਸਨ।