ਅੰਮ੍ਰਿਤਸਰ, 4 ਅਕਤੂਬਰ 2019 - ਅੱਜ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ 'ਚ ਪੰਜ ਮੈਂਬਰੀ ਤਾਲਮੇਲ ਕਮੇਟੀ ਵਿਚਕਾਰ ਮੀਟਿੰਗ, ਜਿਸ 'ਚ ਪੰਜਾਬ ਸਰਕਾਰ ਦੀ ਤਰਫ਼ੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸ਼੍ਰੋਮਣੀ ਕਮੇਟੀ ਵਲੋਂ ਜਥੇਦਾਰ ਤੋਤਾ ਸਿੰਘ, ਬੀਬੀ ਜਗੀਰ ਕੌਰ ਅਤੇ ਹਰੀਆਂ ਵੇਲਾਂ ਵਾਲੇ ਮਹਾਂਪੁਰਸ਼ਾਂ ਵਲੋਂ ਬਾਬਾ ਨੌਰੰਗ ਸਿੰਘ ਜੀ ਸ਼ਾਮਲ ਹੋਏ।
ਇਹ ਮੀਟਿੰਗ ਵੀ ਪਿਛਲੀ ਮੀਟਿੰਗ ਵਾਂਗ ਹੀ ਬੇਨਤੀਜਾ ਰਹੀ। ਭਾਵੇਂ ਬੈਠਕ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਕਿ ਬੈਠਕ ਬਹੁਤ ਹੀ ਸਦਭਾਵਨਾ ਵਾਲੇ ਮਾਹੌਲ 'ਚ ਹੋਈ ਹੈ ਅਤੇ ਆਸ ਹੈ ਕਿ 12 ਨਵੰਬਰ ਨੂੰ 550ਵਾਂ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਵਲੋਂ ਇੱਕ ਹੀ ਮੰਚ 'ਤੇ ਮਿਲ ਕੇ ਮਨਾਇਆ ਜਾਵੇਗਾ।
ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਆਉਂਦੇ ਦਿਨਾਂ 'ਚ ਤਾਲਮੇਲ ਕਮੇਟੀ ਦੀ ਇੱਕ ਹੋਰ ਬੈਠਕ ਕੀਤੀ ਜਾਵੇਗੀ। ਇੱਥੇ ਇਹ ਦੱਸਣਯੋਗ ਹੈ ਕਿ ਅੱਜ ਦੀ ਇਸ ਬੈਠਕ 'ਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਨਹੀਂ ਹੋਏ ਹਨ।