← ਪਿਛੇ ਪਰਤੋ
ਪ੍ਰਧਾਨ ਮੰਤਰੀ ਰਾਜ ਸਰਕਾਰ ਦੀ ਸਟੇਜ਼ ਤੇ ਨਾ ਆਕੇ ਦੇਸ਼ ਦੇ ਸੰਘੀ ਢਾਂਚੇ ਨੂੰ ਕਰ ਰਹੇ ਹਨ ਕਮਜੋਰ ਚੰਡੀਗੜ੍ਹ, 2 ਨਵੰਬਰ 2019: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਆਖਿਆ ਹੈ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਵੀ ਦੀਆਂ ਘਟਨਾਵਾਂ ਵਾਪਰੀਆਂ ਸਨ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਵੱਖਰੀ ਸਟੇਜ਼ ਲਗਾ ਕੇ ਉਹੀ ਅਕਾਲੀ ਲੀਡਰਸ਼ਿਪ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਰਵਸਾਂਝੀਵਾਲਤਾ ਦੀ ਸੋਚ ਦੀ ਵੀ ਬੇਅਦਵੀ ਕਰ ਰਹੀ ਹੈ। ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਆਗੂ ਦੁਨਿਆਵੀ ਵਡਿਆਈ ਲੈਣ ਲਈ ਕਾਹਲੇ ਪੈ ਗਏ ਹਨ ਪਰ ਉਹ ਭੁੱਲ ਗਏ ਹਨ ਕਿ ਦੁਨਿਆਂ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੀ ਸਿੱਖਿਆ ਦਿੱਤੀ ਸੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ ਕੀਤੀ ਗਈ ਕਿ ਇਕੋ ਸਟੇਜ਼ ਲੱਗੇ ਪਰ ਆਪਣੇ ਹੰਕਾਰ ਕਾਰਨ ਅਕਾਲੀ ਦਲ ਨੇ ਅਜਿਹਾ ਹੋਣ ਨਹੀਂ ਦਿੱਤਾ। ਉਨ੍ਹਾਂ ਨੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਿਆਸੀਕਰਨ ਕੀਤੇ ਜਾਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵੱਡੀਆਂ ਕੁਰਬਾਨੀਆਂ ਨਾਲ ਸਥਾਪਿਤ ਇਸ ਸੰਸਥਾ ਨੂੰ ਵੀ ਅਕਾਲੀ ਦਲ ਨੇ ਅਧਾਰਹੀਣ ਸਿੱਧ ਕਰ ਦਿੱਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਬੇਸ਼ਕ ਕੁਰਤਾਰਪੁਰ ਲਾਂਘਾ ਖੁੱਲ ਰਿਹਾ ਹੈ ਪਰ ਅਕਾਲੀ ਦਲ ਨੇ ਦਿਲਾਂ ਵਿਚ ਪਾਲੀਆਂ ਸਰੱਹਦਾਂ ਨੂੰ ਨਹੀਂ ਤੋੜਿਆਂ ਅਤੇ ਇਸ ਮਹਾਨ ਸਮਾਗਮ ਮੌਕੇ ਵੀ ਪੰਥ ਵਿਚ ਦੁਬਿਧਾ ਪੈਦਾ ਕਰਨ ਦੀ ਕੋਝੀ ਪਰ ਨਾਕਾਮ ਕੋਸ਼ਿਸ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇਸ ਲਾਂਘੇ ਰਾਹੀਂ ਸਾਡੇ ਗੁਆਂਢੀਆਂ ਨਾਲ ਵੀ ਚੰਗੇ ਸੰਬੰਧਾਂ ਦੀ ਗੱਲ ਅੱਗੇ ਤੁਰਦੀ ਪਰ ਅਕਾਲੀ ਦਲ ਨੇ ਤਾਂ ਆਪਣੇ ਸਮਾਜ ਨੂੰ ਤੋੜਨ ਦਾ ਕੰਮ ਹੀ ਕੀਤਾ ਹੈ। ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਪਾਕਿਸਤਾਨ ਜਾਣ ਸਬੰਧੀ ਲੋੜੀਂਦੀ ਪ੍ਰਵਾਨਗੀ ਜਾਰੀ ਕਰਨ ਵਿਚ ਕੇਂਦਰ ਦੀ ਦੇਰੀ ਬਾਰੇ ਸ੍ਰੀ ਜਾਖੜ ਨੇ ਕਿਹਾ ਕਿ ਜਾਪਦਾ ਹੈ ਕਿ ਭਾਜਪਾ ਵੀ ਅਕਾਲੀ ਦਲ ਦੇ ਪਿੱਛੇ ਲੱਗ ਕੇ ਕੋਝੀ ਰਾਜਨੀਤੀ ਤੇ ਉਤਰ ਆਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਦੀਆਂ ਹਰਕਤਾਂ ਨਾਲ ਇਹ ਕੀ ਸਿੱਧ ਕਰਨਾ ਚਾਹੁੰਦੇ ਹਨ ਇਹ ਲੋਕਾਂ ਦੀ ਸਮਝ ਤੋਂ ਪਰੇ ਹੈ। ਸੂਬਾ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀ ਵੱਖਰੀ ਸਟੇਜ਼ ਤੋਂ ਸੰਬੋਧਨ ਦੇ ਫੈਸਲੇ ਦੀ ਵੀ ਨਿੰਦਾ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਸੰਘੀ ਢਾਂਚੇ ਦੀ ਮੂਲ ਵਿਚਾਰਧਾਰਾ ਦੇ ਉਲਟ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਹਨ ਨਾ ਕਿ ਕਿਸੇ ਪਾਰਟੀ ਵਿਸੇਸ਼ ਦੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਦ ਵੀ ਕਿਸੇ ਸੂਬੇ ਵਿਚ ਸਰਕਾਰੀ ਦੌਰੇ ਤੇ ਜਾਂਦੇ ਹਨ ਤਾਂ ਰਾਜ ਸਰਕਾਰ ਵੱਲੋਂ ਹੀ ਉਨ੍ਹਾਂ ਦੇ ਦੌਰੇ ਦਾ ਪ੍ਰਬੰਧ ਹੁੰਦਾ ਹੈ ਅਤੇ ਇਹੀ ਰਵਾਇਤ ਰਹੀ ਹੈ। ਅਜਿਹੀਆਂ ਰਵਾਇਤਾਂ ਤੋੜ ਕੇ ਪ੍ਰਧਾਨ ਮੰਤਰੀ ਦੇਸ਼ ਦੇ ਸੂਬਿਆਂ ਦੇ ਅਧਿਕਾਰਾਂ ਦਾ ਹਨਨ ਕਰ ਰਹੇ ਹਨ।
Total Responses : 265