- ਮਲਟੀਮੀਡੀਆ ਸ਼ੋਅ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਕੀਤਾ ਰੂਪਮਾਨ
- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਜੁਡੀਸ਼ੀਅਲ,ਆਈ.ਏ.ਐਸ ਅਫਸਰ ਅਤੇ ਆਈ.ਪੀ.ਐਸ ਅਧਿਕਾਰੀਆਂ ਦੇ ਪਰਿਵਾਰਾਂ ਨੇ ਭਰੀ ਹਾਜ਼ਰੀ
ਚੰਡੀਗੜ੍ਹ, 19 ਨਵੰਬਰ 2019 - ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੇ ਦੋ ਦਿਨਾਂ ਲਾਈਟ ਅਤੇ ਸਾਊਂਡ ਸ਼ੋਅ ਨੇ ਸਰੋਤਿਆਂ ਦੇ ਦਿਲਾਂ ਨੂੰ ਆਲੌਕਿਕ ਇਲਾਹੀ ਛੋਹ ਦਿੱਤੀ। ਇਹ ਸ਼ੋਅ ਚੰਡੀਗੜ ਦੀ ਸੁਖਨਾ ਝੀਲ ਤੇ ਆਯੋਜਿਤ ਕਰਵਾਇਆ ਗਿਆ। ਇਯ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਜੁਡੀਸ਼ੀਅਲ,ਆਈ.ਏ.ਐਸ ਅਫਸਰ ਅਤੇ ਆਈ.ਪੀ.ਐਸ ਅਧਿਕਾਰੀਆਂ ਦੇ ਪਰਿਵਾਰਾਂ ਨੇ ਹਾਜ਼ਰੀ ਭਰੀ।
ਇਨਾਂ ਦੋ ਦਿਨਾਂ ਦੌਰਾਨ ਸੁਖਨਾ ਦੇ ਆਲਾ-ਦੁਆਲਾ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਦੱਸੇ ਸਰਵ ਵਿਆਪਕ ਪਿਆਰ, ਸ਼ਾਂਤੀ, ਫਿਰਕੂ ਸਦਭਾਵਨਾ, ਸਮਾਜਿਕ ਬਰਾਬਰੀ, ਹਮਦਰਦੀ, ਮਾਨਵਤਾ ਅਤੇ ਧਾਰਮਿਕ ਸਹਿਣਸ਼ੀਲਤਾ ਦੇ ਸੰਦੇਸ਼ ਦੇ ਵਹਾਅ ਵਿੱਚ ਵੈਅ ਤੁਰਿਆ।
ਇਸ ਸ਼ੋਅ ਰਾਹੀਂ ਇੱਕ ਪ੍ਰਮਾਤਮਾ, ਸਰਬ-ਸ਼ਕਤੀਮਾਨ, ਸਮਰੱਥ, ਸਰਬ ਵਿਆਪੀ, ਨਿਰਾਕਾਰ ਅਤੇ ਅਨਾਮੀ ਅਕਾਲ ਪੁਰਖ ਦਾ ਤਜ਼ਰਬਾ ਰੂਪਮਾਨ ਕੀਤਾ ਗਿਆ। ਇਸ ਸ਼ੋਅ ਦਾ ਹਜਾਰਾਂ ਦੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਸ਼ਰਧਾ ਤੇ ਨਿਮਰਤਾ ਨਾਲ ਆਨੰਦ ਮਾਣਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੀ ਯਾਦ ਵਿਚ ਇਹ ਸ਼ੋਅ ਸੁਖਨਾ ਝੀਲ ਵਿਖੇ ਪੰਜਾਬ ਸਰਕਾਰ ਅਤੇ ਯ.ੂਟੀ ਪ੍ਰਸ਼ਾਸਨ ਨੇ ਸਾਂਝੇ ਤੌਰ ‘ਤੇ ਆਯੋਜਿਤ ਕੀਤੇ।
ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਇਕ ਨਵੇਕਲਾ ਉਪਰਾਲਾ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲੜੀਵਾਰ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ ਹੈ।
ਇਹਨਾਂ ਦੋ ਦਿਨਾਂ ਦੌਰਾਨ, ਵੱਖ-ਵੱਖ ਉਮਰ ਵਰਗਾਂ ਦੇ ਹਜ਼ਾਰਾਂ ਲੋਕ ਇਸ ਸ਼ਾਨਦਾਰ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਆਨੰਦ ਮਾਣਨ ਲਈ ਸੁਖਨਾ ਝੀਲ ‘ਤੇ ਇਕੱਠੇ ਹੋਏ। ਦੂਜੇ ਦਿਨ ਵੀ ਇਸ ਵਿਸ਼ਾਲ ਪ੍ਰੋਗਰਾਮ ਨੂੰ ਵੇਖਣ ਲਈ ਇਕੱਤਰ ਹੋਏ ਉਤਸ਼ਾਹੀ ਲੋਕਾਂ ਨਾਲ ਇਹ ਸਥਾਨ ਪੂਰੀ ਤਰਾਂ ਭਰਿਆ ਹੋਇਆ ਸੀ।
45 ਮਿੰਟ ਦੇ ਇਸ ਆਊਟਡੋਰ ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਕਈ ਪੜਾਵਾਂ ਵਾਲੀ ਕਹਾਣੀ ਨੂੰ ਰੰਗ ਬਿਰੰਗੀਆਂ ਲਾਈਟਾਂ ਅਤੇ ਅਤਿ ਆਧੁਨਿਕ ਲੇਜ਼ਰ ਕਿਰਨਾਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਰੂਪਮਾਨ ਕੀਤਾ ਗਿਆ। ਰੰਗੀਨ ਪ੍ਰਦਰਸ਼ਨੀ, ਰੌਸ਼ਨੀ, ਅਤਿ ਆਧੁਨਿਕ ਲੇਜ਼ਰ ਤਕਨੀਕਾਂ ਅਤੇ ਅਵਾਜ ਦੇ ਖੂਬਸੂਰਤ ਸੁਮੇਲ ਵਾਲੇ ਉਕਤ ਸ਼ੋਅ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ, ਸਿੱਖਿਆਵਾਂ ਅਤੇ ਫਲਸਫੇ ਨੂੰ ਸੰਜੀਵੀ ਰੂਪ ਵਿੱਚ ਪੇਸ਼ ਕਰਕੇ ਸੰਗਤਾਂ ਦਾ ਮਨ ਮੋਹ ਲਿਆ।
ਹੁਣ ਇਸ ਫਲੋਟਿੰਗ ਮਲਟੀ ਮੀਡੀਆ ਸ਼ੋਅ ਦਾ ਸੈੱਟ ਜ਼ਿਲਾ ਫਿਰੋਜ਼ਪੁਰ ਦੇ ਹੁਸਨੀਵਾਲਾ ਲਿਜਾਇਆ ਜਾ ਰਿਹਾ ਹੈ ਜਿਥੇ ਦੋ ਦਿਨਾਂ ਵਿੱਚ ਚਾਰ ਸ਼ੋਅ ਆਯੋਜਿਤ ਕੀਤੇ ਜਾਣਗੇ, ਇਸ ਤੋਂ ਬਾਅਦ ਜ਼ਿਲਾ ਤਰਨਤਾਰਨ ਵਿੱਚ ਚਾਰ ਦਿਨਾਂ ਲਈ ਅਤੇ ਜ਼ਿਲਾ ਗੁਰਦਾਸਪੁਰ ਵਿੱਚ ਦੋ ਦਿਨਾਂ ਲਈ ਸ਼ੋਅ ਆਯੋਜਿਤ ਕੀਤੇ ਜਾਣਗੇ।