- ਰੋਜ਼ਾਨਾ ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ ਸ਼ੋਅ ਦੇਖਣ
ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 13 ਨਵੰਬਰ 2019 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਵਿਖੇ ਸਥਾਪਤ ਰਬਾਬ ਪੰਡਾਲ ਵਿੱਚ ਕਰਵਾਏ ਜਾ ਰਹੇ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਦੀ ਸੰਗਤਾਂ ਵੱਲੋਂ ਖੂਬ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ੋਆਂ ਦੌਰਾਨ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਸਾਖੀਆਂ ਨੂੰ ਰੌਸ਼ਨੀਆਂ ਅਤੇ ਆਵਾਜ਼ ਦੇ ਸੁਮੇਲ ਨਾਲ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ ਜਾ ਰਿਹਾ ਹੈ।
ਰੌਸ਼ਨੀਆਂ ਅਤੇ ਧੁਨੀ ਆਧਾਰਿਤ ਇਨ੍ਹਾਂ ਸ਼ੋਆਂ ਵਿੱਚ ਰੋਜ਼ਾਨਾਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰੀ ਲਵਾਉਣ ਪਹੁੰਚ ਰਹੇ ਹਨ ਅਤੇ ਬਾਬਾ ਨਾਨਕ ਦੇ ਜੀਵਨ ਨਾਲ ਸਬੰਧਤ ਪ੍ਰੇਰਕ ਪ੍ਰਸੰਗਾਂ ਨੂੰ ਸੁਣ ਕੇ ਨਿਹਾਲ ਹੋ ਰਹੇ ਹਨ। ਆਸਟਰੇਲੀਆਂ ਤੋਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਵਿੱਚ ਸ਼ਿਰਕਤ ਕਰਨ ਇਥੇ ਪੁੱਜੇ ਪਿੰਡ ਮਾਛੀਜੋਆ ਦੇ ਵਸਨੀਕ ਹਰਿਵੰਦਰ ਸਿੰਘ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਅਤੇ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਬਾਰੇ ਜਾਨਣ ਦਾ ਮੌਕਾ ਮਿਲਿਆ ।
ਕਪੂਰਥਲਾ ਦੇ ਵਸਨੀਕ ਕੁਲਦੀਪ ਸਿੰਘ, ਜੋ ਕਿ ਆਪਣੇ ਪਰਿਵਾਰ ਸਮੇਤ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਦੇਖਣ ਪਹੁੰਚੇ ਸਨ, ਨੇ ਕਿਹਾ ਕਿ ਇਸ ਸ਼ੋਅ ਰਾਹੀਂ ਉਨ੍ਹਾਂ ਨੂੰ ਗੁਰੂ ਸਾਹਿਬ ਨਾਲ ਜੁੜੇ ਇਤਿਹਾਸ ਬਾਰੇ ਜਾਣਕਾਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸ਼ੋਅ ਸਮੇਂ-ਸਮੇਂ ਉਤੇ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਵਿਰਸੇ ਨਾਲ ਜੁੜੀ ਰਹੇ। ਜਲੰਧਰ ਤੋਂ ਆਏ ਵਿਦਿਆਰਥੀ ਸ਼ੁਭਪ੍ਰੀਤ ਅਤੇ ਤਰਨਤਾਰਨ ਤੋਂ ਪ੍ਰੁੱਜੇ ਸਤਵਿੰਦਰ ਸਿੰਘ ਨੇ ਗ੍ਰੈਂਡ ਲਾਈਟ ਐਂਡ ਸ਼ੋਅ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਥੇ ਆ ਕੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੇ ਪ੍ਰੇਰਕ ਪ੍ਰਸੰਗ ਦੇਖਣ ਨੂੰ ਮਿਲੇ।
ਜ਼ਿਕਰਯੋਗ ਹੈ ਕਿ ਗ੍ਰੈਂਡ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਆਵਾਜ਼ ਅਤੇ ਧੁਨੀਆਂ ਦੇ ਸੁਮੇਲ ਨਾਲ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਅਹਿਮ ਘਟਨਾਵਾਂ ਨੂੰ ਪੇਸ਼ ਕਰਨ ਤੋਂ ਇਲਾਵਾ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਵੀ ਹਾਜ਼ਰੀ ਲਵਾਈ। ਜਿਥੇ ਮਸ਼ਹੂਰ ਸੂਫੀ ਗਾਇਕ ਲਖਵਿੰਦਰ ਵਡਾਲੀ ਨੇ ਸੂਫੀ ਕਲਾਮ ਗਾ ਕੇ ਸ਼ਰਧਾਲੂਆਂ ਨੂੰ ਕੀਲ੍ਹ ਕੇ ਰੱਖ ਦਿੱਤਾ ਉਥੇ ਪ੍ਰਸਿੱਧ ਪੰਜਾਬੀ ਗਾਇਕ ਹਰਭਜਨ ਮਾਨ ਨੇ ਧਾਰਮਿਕ ਗੀਤ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਹ ਸ਼ੋਅ 15 ਨਵੰਬਰ ਤੱਕ ਚੱਲਣਗੇ ਅਤੇ 14 ਤੇ 15 ਨਵੰਬਰ ਨੂੰ ਲਾਈਟ ਐਂਡ ਸਾਊਂਡ ਪ੍ਰੋਗਰਾਮ ਤੋਂ ਬਾਅਦ ਪੰਮਾ ਡੂੰਮੇਵਾਲ ਵੱਲੋਂ ਧਾਰਮਿਕ ਗਾਇਨ ਨਾਲ ਆਪਣੀ ਪੇਸ਼ਕਾਰੀ ਦਿੱਤੀ ਜਾਵੇਗੀ।