- 18 ਨਵੰਬਰ ਨੂੰ ਬਿਆਸ ਵਿਚ ਮੁੜ ਹੋਵੇਗਾ ਸ਼ੋਅ, ਤੀਸਰੇ ਦਿਨ ਵੀ ਹਜ਼ਾਰਾਂ ਸੰਗਤਾਂ ਸ਼ੋਅ ਵੇਖਣ ਪੁੱਜੀਆਂ
ਅੰਮ੍ਰਿਤਸਰ, 16 ਨਵੰਬਰ 2019 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰੂ ਜੀ ਦੇ ਉਪਦੇਸ਼ ਅਤੇ ਜੀਵਨ ਤੋਂ ਲੋਕਾਂ ਨੂੰ ਨਵੀਂ ਤਕੀਨਕ ਰਾਹੀਂ ਜਾਣੂ ਕਰਵਾਉਣ ਲਈ ਕਰਵਾਏ ਜਾ ਰਹੇ ਰੌਸ਼ਨੀ ਤੇ ਅਵਾਜ਼ ਉੱਤੇ ਅਧਾਰਿਤ ਸ਼ੋਅ, ਜੋ ਕਿ 14 ਨਵੰਬਰ ਤੋਂ ਬਿਆਸ ਦਰਿਆ ਵਿਚ ਜੀ ਟੀ ਰੋਡ ਨੇੜੇ ਹੋ ਰਿਹਾ ਹੈ, ਵਿਚ ਲੋਕਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਦਿਨ ਦਾ ਹੋਰ ਵਾਧਾ ਕੀਤਾ ਗਿਆ ਹੈ। ਉਕਤ ਜਾਣਕਾਰੀ ਦਿੰਦੇ ਐਸ ਡੀ ਐਮ ਬਾਬਾ ਬਕਾਲਾ ਸਾਹਿਬ ਮੇਜਰ ਸੁਮਿਤ ਮੁੱਧ ਨੇ ਦੱਸਿਆ ਕਿ ਪਹਿਲਾਂ ਇਹ ਸ਼ੋਅ 14, 15 ਅਤੇ 16 ਨਵੰਬਰ ਤੱਕ ਹੀ ਸੀਮਤ ਸੀ, ਪਰ ਇਲਾਕੇ ਦੇ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਨੂੰ ਵੇਖਦੇ ਅਤੇ ਲੋਕਾਂ ਵੱਲੋਂ ਕੀਤੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਸ਼ੋਅ ਦਾ ਇਕ ਦਿਨ ਹੋਰ ਵਧਾ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਹੁਣ ਇਹ ਸ਼ੋਅ ਇਸੇ ਸਥਾਨ ਉਤੇ 18 ਨਵੰਬਰ ਨੂੰ ਵੀ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਘਰ-ਘਰ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਰੌਸ਼ਨੀ ਤੇ ਅਵਾਜ਼ ਉਤੇ ਅਧਾਰਿਤ ਸ਼ੋਅ ਹਰੇਕ ਜਿਲ੍ਹਾ ਹੈਡ ਕੁਆਰਟਰ ਤੋਂ ਇਲਾਵਾ ਸਤੁਲਜ ਤੇ ਬਿਆਸ ਦਰਿਆ ਵਿਚ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ਬਿਆਸ ਵਿਖੇ 14 ਨਵੰਬਰ ਤੋਂ ਇਹ ਸ਼ੋਅ ਹੋ ਰਿਹਾ ਹੈ, ਜਿਸਦੇ ਦੋ ਸ਼ੋਅ ਸ਼ਾਮ 7 ਤੇ ਸ਼ਾਮ 8 ਵਜੇ ਕਰਵਾਏ ਜਾਂਦੇ ਹਨ। ਇਸ ਵਿਚ ਗੁਰੂ ਜੀ ਦੇ ਜੀਵਨ ਨਾਲ ਜੁੜੀਆਂ ਸਾਖੀਆਂ ਤੇ ਉਨਾਂ ਵੱਲੋਂ ਦਿੱਤੇ ਗਏ ਉਪਦੇਸ਼ ਦਾ ਪ੍ਰਚਾਰ ਕੀਤਾ ਜਾਂਦਾ ਹੈ। ਬਿਆਸ ਵਿਖੇ ਬੀਤੇ ਦਿਨਾਂ ਤੋਂ ਇਸ ਸ਼ੋਅ ਨੂੰ ਵੇਖਣ ਲਈ ਰੋਜ਼ਾਨਾ ਹਜ਼ਾਰਾਂ ਸੰਗਤਾਂ ਜੁੜ ਰਹੀਆਂ ਹਨ, ਜੋ ਕਿ ਸੰਗਤੀ ਰੂਪ ਵਿਚ ਬੈਠ ਕੇ ਸ਼ੋਅ ਦਾ ਆਨੰਦ ਲੈ ਰਹੀਆਂ ਹਨ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਦਰਿਆ ਤੱਕ ਰਸਤਾ, ਪਾਰਕਿੰਗ ਅਤੇ ਰੌਸ਼ਨੀ ਆਦਿ ਦਾ ਪ੍ਰਬੰਧ ਬਾਖੂਬੀ ਕੀਤਾ ਗਿਆ ਹੈ। ਬਿਆਸ ਦੇ ਸਰਪੰਚ ਸ੍ਰੀ ਸੁਰਿੰਦਰਪਾਲ ਸਿੰਘ ਅਤੇ ਹੋਰ ਮੋਹਤਬਰ ਆਗੂ ਵੀ ਸੰਗਤ ਦੀ ਸੇਵਾ ਕਰ ਰਹੇ ਹਨ। ਅੱਜ ਦੇ ਸ਼ੋਅ ਵਿਚ ਵੀ ਲੋਕ ਸਭਾ ਮੈਂਬਰ ਸ੍ਰੀ ਜਸਬੀਰ ਸਿੰਘ ਗਿੱਲ ਦੇ ਮਾਤਾ ਸਤਵਿੰਦਰ ਕੌਰ ਗਿਲ, ਬ੍ਰਿਗੇਡੀਅਰ ਸ੍ਰੀ ਹਰੀਸ਼ ਕੁਮਾਰ ਸੇਠੀ, ਐਸ ਡੀ ਐਮ ਮੇਜਰ ਸੁਮਿਤ ਮੁੱਧ, ਕਰਨਲ ਸ੍ਰੀ ਅਮਰਦੀਪ ਯਾਦਵ, ਮੇਜਰ ਸ੍ਰੀ ਸੁਲੇਸ਼ ਥਾਪਾ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਐਕਸੀਅਨ ਪੀ. ਐਸ. ਪੀ. ਸੀ. ਐਲ ਸਮੇਤ ਵੱਡੀ ਗਿਣਤੀ ਵਿਚ ਫੌਜੀ ਜਵਾਨ, ਉਨਾਂ ਦੇ ਪਰਿਵਾਰ ਅਤੇ ਇਲਾਕੇ ਭਰ ਤੋਂ ਸੰਗਤਾਂ ਪੁੱਜੀਆਂ।