ਡਿਪਟੀ ਕਮਿਸ਼ਨਰ ਬਠਿੰਡਾ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ
ਕਿਲਾ ਮੁਬਾਰਕ ਵਿਖੇ ਅਧਿਕਾਰੀਆਂ ਨਾਲ ਮੀਟਿੰਗ
ਅਸ਼ੋਕ ਵਰਮਾ
ਬਠਿੰਡਾ, 09 ਨਵੰਬਰ 2019: ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲਾ ਪ੍ਰਸ਼ਾਸਨ ਵੱਲੋਂ ਇੱਥੇ ਕਰਵਾਏ ਜਾ ਰਹੇ ਵੱਖ-ਵੱਖ ਸਮਾਗਮਾਂ ਦੀ ਤਿਆਰੀ ਲਈ ਜਾਇਜਾ ਲੈਣ ਲਈ ਡਿਪਟੀ ਕਮਿਸ਼ਨਰ ਬਠਿੰਡਾ ਨੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਨਾਂ ਸਮਾਗਮਾਂ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨੂੰ ਆਪੋ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਸਮਾਗਮਾਂ ਦੌਰਾਨ ਆਮ ਪਬਲਿਕ ਨੂੰ ਕਿਸੇ ਵੀ ਤਰਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨਾਂ ਦੱਸਿਆ ਕਿ 10 ਨਵੰਬਰ ਨੂੰ ਸਵੇਰੇ 7:30 ਵਜੇ ਪੁਲਿਸ ਪਬਲਿਕ ਸਕੂਲ ਤੋਂ ਇੱਕ ਸਾਈਕਲ ਰੈਲੀ ਕਿਲਾ ਮੁਬਾਰਕ ਤੱਕ ਕੱਢੀ ਜਾਵੇਗੀ। ਇਸ ਸਾਈਕਲ ਰੈਲੀ ਨੰੂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਜਾਵੇਗਾ। ਇਹ ਸਾਈਕਲ ਰੈਲੀ ਪੁਲਿਸ ਪਬਲਿਕ ਸਕੂਲ ਤੋਂ ਸ਼ੁਰੂ ਹੋ ਕੇ ਟੀ.ਵੀ.ਟਾਵਰ, ਫੇਜ਼ 1, 2 ਤੇ 3, ਆਈ.ਸੀ.ਆਈ. ਚੌਂਕ, ਫ਼ੌਜੀ ਚੌਂਕ ਤੋਂ ਮਾਲ ਰੋਡ ਹੁੰਦੇ ਹੋਏ ਕਿਲਾ ਮੁਬਾਰਕ ਵਿਖੇ ਸਮਾਪਤ ਹੋਵੇਗੀ। ਇਸ ਤੋਂ ਇਲਾਵਾ 12 ਨਵੰਬਰ ਨੂੰ ਜ਼ਿਲਾ ਪ੍ਰਸ਼ਾਸਨ ਵਲੋਂ ਮਾਲ ਰੋਡ ’ਤੇ ਬਣਾਈ ਜਾਣ ਵਾਲੀ ਪਾਰਕਿੰਗ ਤੋਂ ਕਿਲਾ ਮੁਬਾਰਕ ਤੱਕ ਸੰਗਤਾਂ ਨੂੰ ਲੈ ਕੇ ਜਾਣ ਦੀ ਸਹੂਲਤ ਲਈ ਮੁਫ਼ਤ ਬੈਟਰੀ ਰਿਕਸ਼ੇ ਵੀ ਮੁਹੱਈਆ ਕਰਵਾਏ ਜਾਣਗੇ।
ਇਸ ਤੋਂ ਇਲਾਵਾ 10 ਨਵੰਬਰ ਨੂੰ ਜੌਗਰਜ਼ ਪਾਰਕ ਵਿਖੇ ਵੱਖ-ਵੱਖ ਧਾਰਮਿਕ, ਸਮਾਜਿਕ ਜਥੇਬੰਦੀਆਂ ਤੋਂ ਇਲਾਵਾ ਲੋਕਾਂ ਵੱਲੋਂ ਸਾਂਝੇ ਤੌਰ ’ਤੇ ਸਵੇਰੇ 10:00 ਵਜੇ ਵੱਖ-ਵੱਖ ਤਰਾਂ ਦੇ 550 ਬੂਟੇ ਵੀ ਲਗਾਏ ਜਾਣਗੇ। ਸਵੇਰ 10:45 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਰੋਜ਼ ਗਾਰਡਨ ਵਿਖੇ ਧਾਰਮਿਕ, ਵੱਖ-ਵੱਖ ਤਰਾਂ ਦੇ ਸੱਭਿਆਚਾਰਕ ਮੁਕਾਬਲੇ ਵੀ ਕਰਵਾਏ ਜਾਣਗੇ ਜਿਨਾਂ ਦੀ ਸ਼ੁਰੂਆਤ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰਵਾਈ ਜਾਵੇਗੀ। ਇਸੇ ਦਿਨ ਸ਼ਾਮ ਨੂੰ ਪੁਲਿਸ ਲਾਈਨ ਦੇ ਖੇਡ ਮੈਦਾਨ ਵਿਖੇ ਿਕਟ ਦੇ ਫ਼ਾਈਨਲ ਮੁਕਾਬਲੇ ਕਰਵਾਏ ਜਾਣਗੇ। ਇਨਾਂ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਸਨਮਾਨਿਤ ਵੀ ਕੀਤਾ ਜਾਵੇਗਾ।
ਉਨਾਂ ਦੱਸਿਆ ਕਿ 11 ਨਵੰਬਰ ਨੂੰ ਰੋਜ਼ ਗਾਰਡਨ ਵਿਖੇ ਸਵੇਰੇ 11 ਵਜੇ ਤੋਂ ਪੇਂਟਿੰਗ, ਗੀਤ ਮੁਕਾਬਲਿਆਂ ਤੋਂ ਇਲਾਵਾ ਹੈਂਡੀਕ੍ਰਾਫ਼ਟ ਸਟਾਲ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਜੀਵਨੀ ਨਾਲ ਸਬੰਧਤ ਕਿਤਾਬਾਂ ਦੇ ਸਟਾਲ ਲਗਾਏ ਜਾਣਗੇ। ਸ਼ਾਮ 6:30 ਵਜੇ ਵਿੱਤ ਮੰਤਰੀ ਪੰਜਾਬ ਸ. ਬਾਦਲ ਦੀ ਅਗਵਾਈ ਹੇਠ ਹਨੂੰਮਾਨ ਚੌਂਕ ਤੋਂ ਕਿਲਾ ਸਾਹਿਬ ਤੱਕ ਕੈਂਡਲ ਮਾਰਚ ਕੱਢਿਆ ਜਾਵੇਗਾ ਅਤੇ ਸ਼ਾਮ 7:00 ਵਜੇ ਰੋਜ਼ ਗਾਰਡਨ ਵਿਖੇ ਸਥਿਤ ਬਲਵੰਤ ਗਾਰਗੀ ਓਪਨ ਥੀਏਟਰ ’ਚ ਨਾਟਯਮ ਥੀਏਟਰ ਗਰੁੱਪ ਵਲੋਂ ਨਾਟਕ ‘‘ਕਲਿ ਤਾਰਨ ਗੁਰੂ ਨਾਨਕ ਆਇਆ’’ ਪੇਸ਼ ਕੀਤਾ ਜਾਵੇਗਾ।
12 ਨਵੰਬਰ ਨੂੰ ਹੋਣ ਵਾਲੇ ਪੋ੍ਰਗਰਾਮ ਬਾਰੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਦਿਨ ਸ਼ਾਮ 6:30 ਵਜੇ ਕਿਲਾ ਮੁਬਾਰਕ ਵਿਖੇ ਸੂਫ਼ੀ ਨਾਈਟ ਕਰਵਾਈ ਜਾ ਰਹੀ ਹੈ। ਇਸ ਦੌਰਾਨ ਪ੍ਰਸਿੱਧ ਸੂਫ਼ੀ ਗਾਇਕ ਸਤਿੰਦਰ ਸਰਤਾਜ ਅਤੇ ਕੰਵਰ ਗਰੇਵਾਲ ਵੱਲੋਂ ਆਪੋ-ਆਪਣੀ ਸੂਫ਼ੀ ਗਾਇਕੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ ਜਾਵੇਗਾ। ਇਸ ਮੌਕੇ ਵਿੱਤ ਮੰਤਰੀ ਪੰਜਾਬ ਸ. ਮਨਪ੍ਰੀਤ ਸਿੰਘ ਬਾਦਲ ਅਤੇ ਪਦਮ ਸ਼੍ਰੀ ਸੁਰਜੀਤ ਪਾਤਰ ਵੱਲੋਂ ਮੁੱਖ ਮਹਿਮਾਨ ਵਜੋਂ ਸਮੂਲੀਅਤ ਕਰਨਗੇ।
ਇਸ ਮੌਕੇ ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸ.ਪੀ. ਹੈਡਕੁਆਰਟਰ ਸ਼੍ਰੀ ਸੁਰਿੰਦਰਪਾਲ ਸਿੰਘ, ਡੀ.ਐਸ.ਪੀ. ਗੁਰਜੀਤ ਰੋਮਾਣਾ ਤੋਂ ਇਲਾਵਾ ਗੁਰੂਦੁਆਰਾ ਕਿਲਾ ਸਾਹਿਬ ਕਮੇਟੀ ਦੇ ਨੁਮਾਇੰਦੇ ਆਦਿ ਹਾਜ਼ਰ ਸਨ