- 4 ਤੋਂ 15 ਨਵੰਬਰ ਤੱਕ ਹੋਵੇਗਾ ਸ਼ੋਅ-ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ, ਹਰਭਜਨ ਮਾਨ ਤੇ ਕਵੀਸ਼ਰ ਹਰਦੇਵ ਸਿੰਘ ਦੇਣਗੇ ਪੇਸ਼ਕਾਰੀ
- ਨਾਟਕੀ ਰੂਪ ਵਿਚ ਗੁਰੂ ਜੀ ਦੀਆਂ ਸਿੱਖਿਆਵਾਂ ਬਾਰੇ ਦਿੱਤੀ ਜਾਵੇਗੀ ਜਾਣਕਾਰੀ
ਚੰਡੀਗੜ੍ਹ/ਸੁਲਤਾਨਪੁਰ ਲੋਧੀ, 3 ਨਵੰਬਰ 2019 - ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਪਣੀ ਤਰ੍ਹਾਂ ਦਾ ਪਹਿਲਾ ਗ੍ਰੈਂਡ ਮਲਟੀ ਮੀਡੀਆ ਲਾਇਟ ਐਂਡ ਸਾਊਂਡ ਸ਼ੋਅ ਕੱਲ੍ਹ ਮਿਤੀ 4 ਨਵੰਬਰ ਤੋਂ ਸੁਲਤਾਨਪੁਰ ਲੋਧੀ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਵਿਚ ਇਹ ਪਹਿਲਾ ਅਜਿਹਾ ਸ਼ੋਅ ਹੈ ਜਿਸ ਵਿਚ ਜਿੱਥੇ ਨਾ ਕੇਵਲ ਡਿਜ਼ੀਟਲ ਤਕਨੀਕਾਂ ਤੇ ਲੇਜ਼ਰ ਸ਼ੋਅ ਰਾਹੀਂ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਉਪਦੇਸ਼ਾਂ ਤੇ ਜੀਵਨ ਬਾਰੇ ਚਾਨਣਾ ਪਾਇਆ ਜਾਵੇਗਾ ਸਗੋਂ ਪੰਜਾਬੀ ਦੇ ਪ੍ਰਸਿੱਧ ਗਾਇਕਾਂ ਲਖਵਿੰਦਰ ਵਡਾਲੀ, ਹਰਭਜਨ ਮਾਨ ਤੇ ਪ੍ਰਸਿੱਧ ਕਵੀਸ਼ਰ ਹਰਦੇਵ ਸਿੰਘ ਵਲੋਂ ਆਪਣੀ ਪੇਸ਼ਕਾਰੀ ਵੀ ਦਿੱਤੀ ਜਾਵੇਗੀ।
ਹਰੇਕ ਸ਼ੋਅ ਇਕ ਘੰਟਾ 10 ਮਿੰਟ ਹੋਵੇਗਾ ਅਤੇ 4 ਤੋਂ 9 ਨਵੰਬਰ ਤੱਕ ਅਤੇ ਫਿਰ 13 ਤੋਂ 15 ਨਵੰਬਰ ਤੱਕ ਸ਼ੋਅ ਸ਼ਾਮ 7 ਵਜੇ ਸ਼ੁਰੂ ਹੋ ਕੇ 9.15 ਤੱਕ ਚੱਲਣਗੇ ਜਦਕਿ 11, 12 ਤੇ 13 ਨਵੰਬਰ ਜਿਸ ਦੌਰਾਨ ਸੰਗਤ ਦੀ ਬਹੁਤ ਜਿਆਦਾ ਆਮਦ ਹੋਣੀ ਹੈ, ਨੂੰ ਇਹ ਸ਼ੋਅ ਸ਼ਾਮ 7 ਵਜੇ ਤੋਂ 10.30 ਤੱਕ ਹੋਣਗੇ।
4 ਨਵੰਬਰ ਤੋਂ 6 ਨਵੰਬਰ ਤੱਕ ਸ਼ੋਅ ਸ਼ਾਮ 7 ਵਜੇ ਤੋਂ 8 ਵਜੇ ਤੱਕ ਹੋਣਗੇ ਅਤੇ ਇਸ ਪਿੱਛੋਂ 8.15 ਤੋਂ 9.15 ਤੱਕ ਪ੍ਰਸਿੱਧ ਪੰਜਾਬੀ ਗਾਇਕ ਲਖਵਿੰਦਰ ਵਡਾਲੀ ਵਲੋਂ ਪੇਸ਼ਕਾਰੀ ਦਿੱਤੀ ਜਾਵੇਗੀ। ਇਸੇ ਤਰ੍ਹਾਂ 7 ਤੋਂ 9 ਨਵੰਬਰ ਤੱਕ ਉਕਤ ਸਮੇਂ ਅਨੁਸਾਰ ਹੀ ਸ਼ੋਅ ਹੋਵੇਗਾ ਤੇ 8.15 ਤੋਂ 9.15 ਤੱਕ ਕਵੀਸ਼ਰ ਭਾਈ ਹਰਦੇਵ ਸਿੰਘ ਵਲੋਂ ਕਵੀਸ਼ਰੀ ਨਾਲ ਸੰਗਤ ਨੂੰ ਆਨੰਦਿਤ ਕੀਤਾ ਜਾਵੇਗਾ। 10 ਨਵੰਬਰ ਨੂੰ ਪਹਿਲਾ ਸ਼ੋਅ 7 ਤੋਂ 8 ਅਤੇ ਦੂਜਾ 8.15 ਤੋਂ 9.15 ਵਜੇ ਉਪਰੰਤ 9.30 ਤੋਂ 10.30 ਤੱਕ ਕਵੀਸ਼ਰ ਭਾਈ ਹਰਦੇਵ ਸਿੰਘ ਵਲੋਂ ਪੇਸ਼ਕਾਰੀ ਕੀਤੀ ਜਾਵੇਗੀ। 11 ਤੇ 12 ਨਵੰਬਰ ਨੂੰ ਉਕਤ ਸਮੇਂ ਅਨੁਸਾਰ ਹੀ 2 ਸ਼ੋਅ ਹੋਣਗੇ ਅਤੇ 9.30 ਤੋਂ 10.30 ਤੱਕ ਪ੍ਰਸਿੱਧ ਗਾਇਕ ਹਰਭਜਨ ਮਾਨ ਸੰਗਤ ਨੂੰ ਨਿਹਾਲ ਕਰਨਗੇ। 13 ਨਵੰਬਰ ਨੂੰ 7 ਤੋਂ 8 ਵਜੇ ਤੱਕ ਡਿਜ਼ੀਟਲ ਤੇ ਲਾਈਟ ਐਂਡ ਸਾਊਂਡ ਸ਼ੋਅ ਹੋਵੇਗਾ ਜਦਕਿ 8.15 ਤੋਂ 9.15 ਤੱਕ ਪ੍ਰਸਿੱਘ ਗਾਇਕ ਹਰਭਜਨ ਮਾਨ ਪੇਸ਼ਕਾਰੀ ਦੇਣਗੇ।
14 ਤੇ 15 ਨਵੰਬਰ ਨੂੰ ਸ਼ਾਮ 7 ਵਜੇ ਤੋਂ 8ਵਜੇ ਤੱਕ ਸ਼ੋਅ ਉਪਰੰਤ 8.15 ਤੋਂ 9.15 ਤੱਕ ਪੰਜਾਬੀ ਗਾਇਕ ਪੰਮਾ ਡੂਮੇਵਾਲ ਵਲੋਂ ਪੇਸ਼ਕਾਰੀ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਸ਼ੋਅ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ 5000 ਤੋਂ ਜ਼ਿਆਦਾ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੋਅ ਲਈ ਦਾਖਲਾ ਬਿਲਕੁਲ ਮੁਫਤ ਹੈ ਅਤੇ ਲੋਕ ਇਸ ਬਾਕਮਾਲ ਸ਼ੋਅ ਨੂੰ ਦੇਖਣ ਲਈ ਪਰਿਵਾਰਾਂ ਸਮੇਤ ਹਾਜ਼ਰੀ ਭਰੇ।