ਫਿਲਮਾਂ ਜਰੀਏ ਵੀ ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਘਰ ਘਰ ਪੁਚਾਉਣ ਦਾ ਉਪਰਾਲਾ
ਨਾਟਕ ਖੇਡ ਕੇ ਗੁਰੂ ਸਾਹਿਬ ਦੀ ਜੀਵਨੀ ਉਤੇ ਪਾਈ ਝਾਤ
ਡੇਰਾ ਬਾਬਾ ਨਾਨਕ (ਗੁਰਦਾਸਪੁਰ), 9 ਨਵੰਬਰ 2019 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੇਰਾ ਬਾਬਾ ਨਾਨਕ ਉਤਸਵ ਦੇ ਦੂਜੇ ਦਿਨ ਵੀ ਵੱਡੀ ਗਿਣਤੀ ਸਾਹਿਤਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਾਬੀ ਸਾਹਿਤ ਵਿੱਚ ਬਿੰਬ ਵਿਸ਼ੇ ਨੂੰ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਰਾਹੀਂ ਪੇਸ਼ ਕੀਤੇ ਜਾਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਸਾਹਿਤਕਾਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਮੁਨੱਖਤਾ ਦੀ ਸੇਵਾ ਲਈ ਵਡਮੁੱਲੀ ਦੇਣ ਨੂੰ ਪੰਜਾਬੀ ਸਾਹਿਤ ਵਿੱਚ ਕਹਾਣੀ, ਇਕਾਂਗੀ, ਨਾਟਕ,ਸੰਗੀਤ ਸ਼ਾਸਤਰ ਸਮੇਤ ਵੱਖ-ਵੱਖ ਵਿਧਾਵਾਂ ਵਿੱਚ ਪੇਸ਼ ਕੀਤੇ ਜਾਣ ਸਬੰਧੀ ਵਿਸਥਾਰ ਵਿੱਚ ਦੱਸਿਆ।
ਗੁਰੂ ਨਾਨਕ ਦੇਵ ਜੀ ਦਾ ਪੰਜਾਬੀ ਸਾਹਿਤ ਵਿੱਚ ਬਿੰਬ ਵਿਸ਼ੇ 'ਤੇ ਆਯੋਜਿਤ ਸੈਮੀਨਾਰ ਸ਼ੈਸ਼ਨ ਦੌਰਾਨ ਡਾ. ਗੁਰਮੁਖ ਸਿੰਘ, ਡਾ. ਬਲਦੇਵ ਸਿੰਘ ਧਾਲੀਵਾਲ, ਡਾ. ਸਰਬਜੀਤ ਸਿੰਘ ਬੇਦੀ, ਡਾ. ਸਤੀਸ਼ ਵਰਮਾ, ਸ. ਜਤਿੰਦਰਬੀਰ ਸਿੰਘ, ਡਾ. ਭੀਮਇੰਦਰ ਸਿੰਘ, ਡਾ. ਨਿਵੇਦਿਤਾ ਸਿੰਘ, ਡਾ. ਰਵੇਲ ਸਿੰਘ, ਡਾ. ਬਲਜਿੰਦਰ ਨਸਰਾਲੀ , ਸ. ਜਸਬੀਰ ਸਿੰਘ ਮੰਡ ਆਦਿ ਸਾਹਿਤਕਾਰਾਂ ਨੇ ਪਰੰਪਰਾ, ਸਮਕਾਲ ਅਤੇ ਵਿਸ਼ਵ ਦ੍ਰਿਸ਼ਟੀ ਦੇ ਪੱਧਰ 'ਤੇ ਗੁਰੂ ਨਾਨਕ ਦੇਵ ਜੀ ਬਾਰੇ ਵੱਖ-ਵੱਖ ਸਮਿਆਂ ਦੇ ਸਾਹਿਤਕਾਰਾਂ ਵਲੋਂ ਕੀਤੀ ਗਈ ਸਾਹਿਤ ਸਿਰਜਣਾ ਬਾਰੇ ਜਾਣਕਾਰੀ ਦਿੱਤੀ।
ਸਾਹਿਤਕਾਰਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀਵਾਲਤਾ ਨੂੰ ਸਾਦ੍ਰਿਸ਼ ਕੀਤਾ ਅਤੇ ਭਾਰਤੀ ਅਧਿਆਤਮਟ ਤੇ ਸੰਸਕ੍ਰਿਤਕ ਪ੍ਰੰਪਰਾਵਾਂ ਵਿੱਚ ਭਾਸ਼ਾਈ, ਸਾਹਿਤਕ, ਸਮਾਜਿਕ ਅਤੇ ਧਾਰਮਿਕ ਵਿਸਵਾਸ਼ ਅਤੇ ਸੰਗੀਤ ਪੱਖੋਂ ਕ੍ਰਾਂਤੀਕਾਰੀ ਪਰਿਵਰਤਨ ਲਿਆਂਦੇ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਪ੍ਰਚਲਿਤ ਗਾਇਨ ਸ਼ੈਲੀਆਂ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕੀਤੀ। ਬਲਾਰਿਆਂ ਨੇ ਕਿਹਾ ਕਿ ਆਧੁਨਿਕ ਪੰਜਾਬੀ ਕਹਾਣੀ ਨਿਵੇਕਲੇ ਅੰਦਾਜ਼ 'ਚ ਗੁਰੂ ਨਾਨਕ ਦੀ ਫਿਲਾਸਫ਼ੀ ਨੂੰ ਪੇਸ਼ ਕਰਦੀ ਹੈ, ਜਿਸ ਵਿੱਚ ਪਰਾਭੌਤਿਕ ਅਤੇ ਅਧਿਆਤਮਕ ਪੱਖਾਂ ਦੀ ਥਾਂ 'ਤੇ ਗੁਰੂ ਸਾਹਿਬ ਦੇ ਸਮਾਜਿਕ ਸਰੋਕਾਰਾਂ ਨੂੰ ਵਧੇਰੇ ਉਭਾਰ ਕੇ ਪੇਸ਼ ਕਰਦੀ ਹੈ।
ਡੇਰਾ ਬਾਬਾ ਨਾਨਕ ਉਤਸਵ ਤਹਿਤ ਫਿਲਮ ਫੈਸਟੀਵਲ ਕਰਵਾਇਆ ਗਿਆ ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਸਬੰਧੀ ਵੱਖ ਵੱਖ ਫਿਲਮਾਂ ਦਿਖਾਈਆਂ ਗਈਆਂ। ਇਨ੍ਹਾਂ ਫਿਲਮਾਂ ਵਿੱਚ ਨਿਰਦੇਸ਼ਕ ਹਰਜੀਤ ਸਿੰਘ ਦੀ ਫਿਲਮ ‘ਇਹ ਲਾਂਘਾ’ ਨਿਰਦੇਸ਼ਕ ਸਾਹਿਬ ਸਿੰਘ ਦੀ ਫਿਲਮ ‘ਗੁਰਪੁਰਬ ‘, ਵਰਿੰਦਰਪਾਲ ਸਿੰਘ ਦੀ ਨਿਰਦੇਸ਼ਨਾ ਵਾਲੀ ਫਿਲਮ ‘ਕਾਫਿਰ’, ਸੁਖਜੀਤ ਸ਼ਰਮਾਂ ਦੀ ਨਿਰਦੇਸ਼ਨਾਂ ਵਾਲੀ ਫਿਲਮ ‘ਇਕ ਓਂਕਾਰ‘ ਅਤੇ ਨਿਰਦੇਸ਼ਕ ਸਤਨਾਮ ਸਿੰਘ ਦੀ ਫਿਲਮ ‘ਚਾਨਣ ‘ਸ਼ਾਮਲ ਸਨ। ਇਸਦੇ ਨਾਲ ਨਾਲ ਇਸ ਮੌਕੇ ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਅਧਾਰਿਤ ਨਾਟਕਕਾਰ ਕੇਵਲ ਧਾਲੀਵਾਲ ਦਾ ਲਿਖਿਆ ਨਾਟਕ ‘ਜਿਉ ਕਰ ਸੂਰਜ ਨਿਕਲਿਆ ’ ਵੀ ਖੇਡਿਆ ਗਿਆ।
ਡੇਰਾ ਬਾਬਾ ਨਾਨਕ ਉਤਸਵ ਤਹਿਤ ਦੇਸ਼ ਦੇ ਵੱਖ ਵੱਖ ਖਿੱਤਿਆਂ ਵਿੱਚੋਂ ਆਏ ਕਵੀਆਂ ਨੇ ਕਵੀ ਦਰਬਾਰ ਦੇ ਦੌਰਾਨ ਆਪਣੀਆਂ ਰਚਨਾਵਾਂ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਅਕੀਦਤ ਭੇਂਟ ਕੀਤੀ। ਕਵੀ ਦਰਬਾਰ ਵਿੱਚ ਸਵਰਨ ਸ਼ਵੀ, ਡਾ ਗੁਰਭਜਨ ਸਿੰਘ ਗਿੱਲ, ਗੁਰਚਰਨ ਪੱਬਾਰਾਲੀ, ਗੁਰਪ੍ਰੀਤ ਮਾਨਸਾ, ਸੇਵਾ ਸਿੰਘ ਭਾਸ਼ੋ, ਰਾਵਿੰਦਰ ਭੱਠਲ( ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ ) ਪਾਲੀ ਖਾਦਿਮ, ਹਰਮੀਤ ਵਿਦਿਆਰਥੀ, ਮੋਹਨਜੀਤ ਦਿੱਲੀ , ਜਤਿੰਦਰ ਕੁਮਾਰ ਸੋਨੀ, ਡਾ ਸਰਬਜੀਤ ਕੌਰ ਸੋਹਲ, ਰਾਵਿੰਦਰ ਮਸਰੂਰ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਕਵੀ ਅਤੇ ਹੋਰ ਪੰਤਵੰਤੇ ਹਾਜਰ ਸਨ।
ਡੇਰਾ ਬਾਬਾ ਨਾਨਕ ਉਤਸਵ ਤਹਿਤ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਵਿਦਵਾਨ ।
2. ਡੇਰਾ ਬਾਬਾ ਨਾਨਕ ਉਤਸਵ ਤਹਿਤ ਨਾਟਕ ਖੇਡਦੇ ਹੋਏ ਕਲਾਕਾਰ ।
3. ਕਵੀ ਦਰਬਾਰ ਦੌਰਾਨ ਆਪਣੀਆਂ ਰਚਨਾਵਾਂ ਪੇਸ਼ ਕਰਦੇ ਹੋਏ ਕਵੀ।