ਨਿਰਵੈਰ ਸਿੰਘ ਸਿੰਧੀ
ਮਮਦੋਟ, 14 ਨਵੰਬਰ 2019 - ਸ਼ਹੀਦ ਕਰਤਾਰ ਸਿੰਘ ਸਰਾਭਾ ’ਲੋਕ ਚੇਤਨਾ ਮੰਚ’ ਮਮਦੋਟ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਤੇ ਵਾਤਾਵਰਣ ਅਤੇ ਉਹਨਾਂ ਦੇ ਸਾਂਝੀਵਾਲਤਾ ਦੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਸਾਇਕਲ ਰੈਲੀ ਕੱਢੀ ਗਈ। ਇਹ ਸਾਇਕਲ ਰੈਲੀ ਗੁਰਦੁਆਰਾ ਸਿੰਘ ਸਭਾ ਮਮਦੋਟ ਤੋਂ ਸ਼ੁਰੂ ਹੋ ਕੇ ਪਿੰਡ ਸਵਾਈ ਕੇ, ਸੈਦੇ ਕੇ ਨੌਲ, ਅਲਫੂ ਕੇ, ਹਾਮਦ ਤੋਂ ਹੁੰਦੀ ਹੋਈ ਗੁਰੂਦੁਆਰਾ ਪ੍ਰਗਟ ਸਾਹਿਬ ਵਿਖੇ ਪਹੁੰਚੀ। ਇਸ ਰੈਲੀ ਦੌਰਾਨ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤਿ ਅਨੁਸਾਰ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਹਵਾਂ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਲੋਕ ਚੇਤਨਾ ਮੰਚ ਦੇ ਅਹੁਦੇਦਾਰਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਘਾਂ ਖੁੱਲ੍ਹਣ ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਅਤੇ ਇਮਰਾਨ ਖਾਨ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਕਿਉਂ ਜੋ ਸਰਕਾਰਾਂ ਦੇ ਇਸ ਕਦਮ ਨਾਲ ਦੋਹਾਂ ਪੰਜਾਬਾਂ ਵਿੱਚ ਭਾਈਚਾਰਾ ਵਧੇਗਾ ਅਤੇ ਪੰਜਾਬੀਅਤ ਨੂੰ ਬਲ ਮਿਲੇਗਾ। ਪਰੰਤੂ ਅਹੁਦੇਦਾਰਾਂ ਵੱਲੋਂ ਲਾਂਘੇ ਦੇ ਉਦਘਾਟਨ ਸਮੇਂ ਪੰਜਾਬੀ ਨੂੰ ਅੱਖੋਂ ਪਰੋਖੇ ਕਰਨ ਤੇ ਅਫਸੋਸ ਜ਼ਾਹਿਰ ਕਰਦੇ ਹੋਏ ਸਰਕਾਰਾਂ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਮੌਕਿਆਂ ਤੇ ਸਰਕਾਰਾਂ ਨੂੰ ਖਿੱਤੇ ਦੇ ਲੋਕਾਂ ਦੇ ਜ਼ਜ਼ਬਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੀਆਂ ਗਲਤੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਲੋਕ ਚੇਤਨਾ ਮੰਚ ਦੇ ਅਹੁਦੇਦਾਰ ਕਨਵੀਨਰ ਕੁਲਦੀਪ ਸਿੰਘ, ਬਲਰਾਜ ਸਿੰਘ ਸੰਧੂ, ਜਨਕ ਸਿੰਘ, ਬਲਜੀਤ ਸਿੰਘ, ਸੁਖਦੇਵ ਸਿੰਘ, ਸੁਖਮਨ ਅਤੇ ਹੋਰ ਮੈਂਬਰ ਇਸ ਸਾਇਕਲ ਰੈਲੀ ਵਿੱਚ ਸ਼ਾਮਿਲ ਹੋਏ।