ਸੁਲਤਾਨਪੁਰ ਲੋਧੀ, 10 ਨਵੰਬਰ 2019 - ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਲੱਖਾਂ ਦੀ ਤਾਦਾਦ 'ਚ ਸ਼ਰਧਾਲੂ ਸੁਲਤਾਨਪੁਰ ਲੋਧੀ ਵਿਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਅਜਿਹੇ ਮੌਕੇ ਚੋਰ ਵੀ ਕਾਫੀ ਸਰਗਰਮ ਦਿਖਾਈ ਦੇ ਰਹੇ ਨੇ। ਸੁਲਤਾਨਪੁਰ ਲੋਧੀ ਦਰਸ਼ਨ ਕਰਨ ਆਈਆਂ ਸੰਗਤਾਂ ਦੇ ਮੋਬਾਈਲ, ਪੈਸੇ, ਸੋਨਾ ਆਦਿ ਦੀਆਂ ਲੁੱਟ ਵਰਗੀਆਂ ਵਾਰਦਾਤਾਂ ਸਾਹਮਣੇ ਆਉਣ ਲੱਗੀਆਂ ਹਨ।
ਜਾਣਕਾਰੀ ਮੁਤਾਬਕ ਸੰਗਰੂਰ ਤੇ ਸਮਾਣਾ ਪਾਸੇ ਤੋਂ ਦੋ ਐਸ.ਯੂ.ਵੀ ਕਾਰਾਂ 'ਚ 10 ਦੇ ਕਰੀਬ ਔਰਤਾਂ ਦਾ ਟੋਲਾ ਸੁਲਤਾਨਪੁਰ ਲੋਧੀ ਆਇਆ ਤੇ ਜਿਸ ਨੂੰ ਪੁਲਿਸ ਨੇ ਲੁੱਟ ਦੇ ਮਾਮਲੇ 'ਚ ਹਿਰਾਸਤ ਲਿਆ ਹੈ। ਸੁਲਤਾਨਪੁਰ ਲੋਧੀ ਪੁਲਿਸ ਦੁਆਰਾ ਇਸ ਗਿਰੋਹ ਤੋਂ ਕਈ ਮੋਬਇਲ, 213 ਗ੍ਰਾਮ ਸੋਨਾ ਤੇ 6 ਕਟਰ ਬਰਾਮਦ ਕਰ ਲਏ ਹਨ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਅੇਸ.ਐਚ.ਓ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਚੋਣ ਗਿਰੋਹ ਸਮਾਣਾ, ਸੰਗਰੂਰ ਪਾਸੋਂ ਆਈਆਂ ਸਨ ਜਿੰਨ੍ਹਾਂ 'ਚ 7 ਔਰਤਾਂ ਤੇ 2 ਆਦਮੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਕਤ ਚੋਰ ਗਿਰੋਹ ਕਿਰਾਏ 'ਤੇ ਗੱਡੀ ਕਰਕੇ ਸੁਲਤਾਨਪੁਰ ਲੋਧੀ ਆਉਂਦੇ ਰਹੇ ਤੇ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਰਹੇ। ਫਿਲਹਾਲ ਪੁਲਿਸ ਵੱਲੋਂ ਉਕਤ ਚੋਰਾਂ ਨੂੰ ਕੋਰਟ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਗਿਆ ਹੈ।