ਰਜਨੀਸ਼ ਸਰੀਨ
- ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕੀਤੇ ਗਏ ਵਿਸ਼ੇਸ਼ ਉਪਰਾਲੇ ਦੇ ਤਹਿਤ 65 ਹਜ਼ਾਰ ਤੋਂ ਵੱਧ ਸੈਲਾਨੀ ਵੇਖ ਚੁੱਕੇ ਹਨ ਪ੍ਰਦਰਸ਼ਨੀ
ਸ੍ਰੀ ਅਨੰਦਪੁਰ ਸਾਹਿਬ, 12 ਨਵੰਬਰ 2019 - ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ਤੇ ਸਮਾਗਮ ਕਰਵਾ ਕੇ ਸੰਗਤਾਂ ਨੂੰ ਗੁਰੂ ਜੀ ਦੇ ਫਲਸਫੇ ਤੋਂ ਜਾਣੂ ਕਰਵਾਇਆ ਗਿਆ, ਉੱਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਗੁਰੁ ਸਾਹਿਬ ਦੇ ਇਸ ਦਿਹਾੜੇ ਨੂੰ ਮਨਾਉਣ ਦੇ ਯਤਨ ਕਰਦੇ ਹੋਏ ਸੰਗਤਾਂ ਨੂੰ ਜੋੜਨ ਲਈ ਯਤਨ ਕੀਤੇ ਗਏ ਹਨ। ਇਸੇ ਦੇ ਤਹਿਤ ਪੰਜਾਬ ਸਰਕਾਰ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਵਿਸ਼ਵ ਪ੍ਰਸਿੱਧ ਵਿਰਾਸਤ-ਏ-ਖਾਲਸਾ ਵਿਖੇ ਪਹੁੰਚ ਕੇ ਸੈਲਾਨੀਆਂ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਮੋਹਕ ਲਾਈਟਿੰਗ ਅਤੇ ਪ੍ਰਦਰਸ਼ਨੀ 'ਰਬਾਬ ਤੋਂ ਨਗਾਰਾ' ਦਾ ਅਨੰਦ ਮਾਣਿਆ ਤੇ ਵਡਮੁੱਲੀ ਜਾਣਕਾਰੀ ਵੀ ਹਾਸਲ ਕੀਤੀ।
ਵਿਰਾਸਤ-ਏ-ਖਾਲਸਾ ਜੋ ਕਿ ਦੁਨੀਆਂ ਭਰ ਦੇ ਵਿੱਚ ਇੱਕ ਵਿਲੱਖਣ ਪਹਿਚਾਣ ਬਣਾ ਚੁੱਕਿਆ ਹੈ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਵਿਚਾਰਧਾਰਾ, ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਦਿੱਤੇ ਦੇ ਫਲਸਫੇ ਨੂੰ ਦਰਸਾਉਂਦੀਆਂ ਗੈਲਰੀਆਂ ਵਿੱਚ ਸੰਗਤ ਬਾਕਮਾਲ ਜਾਣਕਾਰੀ ਹਾਸਲ ਕਰਦੀ ਹੈ ਪਰ 550 ਸਾਲਾਂ ਪ੍ਰਕਾਸ਼ ਗੁਰਪੁਰਬ ਮੌਕੇ ਪ੍ਰਬੰਧਕਾਂ ਵੱਲੋਂ ਕੀਤੇ ਗਏ ਵਿਸ਼ੇਸ਼ ਉਪਰਾਲਿਆਂ ਦੇ ਤਹਿਤ ਅਸਾਮਨ ਨੂੰ ਚੁੰਬਦੀ ਵਿਸ਼ਾਲ ਇਮਾਰਤ 'ਤੇ ਕਰਵਾਈ ਗਈ ਮਨਮੋਹਕ ਲਾਈਟਿੰਗ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ 'ਤੇ ਅਧਾਰਤ ਪ੍ਰਦਰਸ਼ਨੀ 'ਰਬਾਬ ਤੋਂ ਨਗਾਰਾ' ਸੰਗਤਾਂ ਦੇ ਲਈ ਬੜਾ ਹੀ ਸੁੰਦਰ ਨਜ਼ਾਰਾ ਪੇਸ਼ ਕਰਦੀ ਹੈ।