ਹਰਦਮ ਮਾਨ
ਸਰੀ, 9 ਨਵੰਬਰ 2019 - ਅੱਜ ਸ਼ਾਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਇਕ ਵੱਡੀ ਮੋਮਬੱਤੀ ਜਗਾ ਕੇ ਮਨੁੱਖਤਾ ਨੂੰ ਚਾਨਣ ਪ੍ਰਦਾਨ ਦਾ ਪ੍ਰਤੀਕਾਤਮਕ ਸੰਦੇਸ਼ ਦਿੱਤਾ ਗਿਆ। 68 ਸੈਂਟੀਮੀਟਰ ਉੱਚੀ ਅਤੇ 15 ਕਿਲੋਗ੍ਰਾਮ ਭਾਰੀ ਇਸ ਮੋਮਬੱਤੀ ਨੂੰ ਰੌਸ਼ਨ ਕਰਨ ਦੀ ਰਸਮ ਸਰੀ ਸਿਟੀ ਕੌਂਸਲ ਦੇ ਮੇਅਰ ਡੱਗ ਮੈਕੱਲਮ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਅਤੇ ਹੋਰ ਧਾਰਮਿਕ ਆਗੂਆਂ ਨੇ ਕੀਤਾ। ਇਹ ਮੋਮਬੱਤੀ ਲਗਭਗ 550 ਘੰਟਿਆਂ ਤੱਕ ਜਗਦੀ ਰਹੇਗੀ।
ਇਸ ਮੌਕੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਗਿਆਨੀ ਨਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤਾਂ ਸਮਾਜ ਵਿਚ ਚਾਰੇ ਪਾਸੇ ਅਗਿਆਨਤਾ ਅਤੇ ਕੂੜ ਦਾ ਹਨੇਰਾ ਪਸਰਿਆ ਹੋਇਆ ਸੀ ਅਤੇ ਗੁਰੂ ਜੀ ਨੇ ਆਪਣਾ ਸਮੁੱਚਾ ਜੀਵਨ ਅਗਿਆਨਤਾ ਦੇ ਏਸ ਹਨੇਰੇ ਨੂੰ ਦੂਰ ਕਰਨ ਅਤੇ ਮਾਨਵਤਾ ਦੀ ਜੋਤ ਜਗਾਉਣ ਹਿਤ ਸਮੱਰਪਿਤ ਕੀਤਾ।
ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਨੀਵਾਰ ਨੂੰ ਸਵੇਰੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਸੰਗਤ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਅਤੇ ਗੁਰੂ ਜੀ ਨੂੰ ਸਮੱਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਨਗਰ ਕੀਰਤਨ ਵਿਚ 20,000 ਤੋਂ ਵੱਧ ਸ਼ਰਧਾਲੂ ਸ਼ਾਮਲ ਹੋ ਕੇ ਗੁਰੂ ਜੀ ਨੂੰ ਨਤ-ਮਸਤਕ ਹੋਣਗੇ। ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਇਸ ਨਗਰ ਕੀਰਤਨ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ।