- ਵਿਧਾਇਕ ਚੀਮਾ ਨੇ ਲੋਕਾਂ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਰਾਹ 'ਤੇ ਤੁਰਨ ਦਾ ਦਿੱਤਾ ਸੱਦਾ
ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 15 ਨਵੰਬਰ 2019 - ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਸਥਿਤ ਪੁੱਡਾ ਸਿਟੀ ਗਰਾਊਂਡ ਵਿਖੇ 4 ਨਵੰਬਰ ਤੋਂ ਕਰਵਾਏ ਜਾ ਰਹੇ ਸ਼ਾਨਦਾਰ ਲਾਈਟ ਐਂਡ ਸਾਊਂਡ ਸ਼ੋਅ ਗੁਰੂ ਸਾਹਿਬ ਦੇ ਜੀਵਨ ਅਤੇ ਫਲਸਫੇ ਨੂੰ ਆਪਣੀ ਜ਼ਿੰਦਗੀ ਵਿੱਚ ਅਪਨਾਉਣ ਦੇ ਪ੍ਰਣ ਨਾਲ ਅੱਜ ਸੰਪੂਰਨ ਹੋ ਗਏ।
14 ਦਿਨ ਤੱਕ ਜਾਰੀ ਰਿਹਾ ਗ੍ਰੈਂਡ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੌਰਾਨ ਇਥੇ ਵਹੀਰਾਂ ਘੱਤ ਕੇ ਆਉਣ ਵਾਲੇ ਸ਼ਰਧਾਲੂਆਂ ਵਿੱਚ ਵੱਡੀ ਖਿੱਚ ਦਾ ਕੇਂਦਰ ਬਣਿਆ ਰਿਹਾ। ਲਾਈਟ ਐਂਡ ਸਾਊਂਡ ਸ਼ੋਅ ਦੌਰਾਨ ਮਲਟੀ ਲੇਜ਼ਰ ਸ਼ੋਅ, 200 ਫੁੱਟ ਦੀ ਸਟੇਜ, ਵਾਟਰ ਕਰਟੇਨ ਪ੍ਰੋਜੈਕਸ਼ਨ, ਰੌਸ਼ਨੀਆਂ ਅਤੇ ਆਵਾਜ਼ ਦੇ ਸੁਮੇਲ ਨਾਲ ਗੁਰੂ ਜੀ ਦੇ ਜੀਵਨ ਨਾਲ ਸਬੰਧਤ ਪੇਸ਼ ਕੀਤੇ ਪ੍ਰੇਰਕ ਪ੍ਰਸੰਗਾਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸੇ ਤਰ੍ਹਾਂ ਸੈਂਕੜੇ ਥੀਏਟਰ ਕਲਾਕਾਰਾਂ ਨੇ ਸਮਾਗਮ ਦੌਰਾਨ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ। ਹਰਭਜਨ ਮਾਨ, ਸਤਿੰਦਰ ਸਰਤਾਜ, ਲਖਵਿੰਦਰ ਵਡਾਲੀ ਅਤੇ ਪੰਮਾ ਡੂੰਮੇਵਾਲ ਵਰਗੇ ਪ੍ਰਸਿੱਧ ਪੰਜਾਬੀ ਗਾਇਕਾਂ ਵੱਲੋਂ ਦਿੱਤੀਆਂ ਪੇਸ਼ਕਾਰੀਆਂ ਨੇ ਸੰਗਤਾਂ ਵਿਸ਼ੇਸ਼ ਕਰ ਕੇ ਨੌਜਵਾਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਨ ਤੋਂ ਇਲਾਵਾ ਹਾਜ਼ਰੀਨ ਨੂੰ ਆਪਣੀ ਸੁਰੀਲੀ ਆਵਾਜ਼ ਨਾਲ ਨਿਹਾਲ ਕੀਤਾ।
ਸੁਲਤਾਨਪੁਰ ਲੋਧੀ ਦੇ ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ ਨੇ ਸਮਾਪਤੀ ਵਾਲੇ ਦਿਨ ਸ਼ੋਅ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਵਿਧਾਇਕ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕੀਤੀ ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨ ਪੀੜ੍ਹੀ ਨੂੰ ਅਤਿ-ਆਧੁਨਿਕ ਤਕਨੀਕ ਦੀ ਵਰਤੋਂ ਨਾਲ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਤੋਂ ਜਾਣੂੰ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀ ਮਾਣਮੱਤੀ ਵਿਰਾਸਤ ਬਾਰੇ ਲੋਕਾਂ ਖਾਸ ਕਰ ਕੇ ਨੌਜਵਾਨਾਂ ਨੂੰ ਜਾਣੂੰ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਸ੍ਰੀ ਚੀਮਾ ਨੇ ਕਿਹਾ ਕਿ ਇਹ ਸ਼ੋਅ ਸੂਬਾ ਸਰਕਾਰ ਵੱਲੋਂ ਗੁਰੂ ਸਾਹਿਬ ਨੂੰ ਨਿਮਰਤਾ ਭਰੀ ਸ਼ਰਧਾਂਜਲੀ ਭੇਟ ਕਰਨ ਦਾ ਉਪਰਾਲਾ ਸਨ।
ਉਨ੍ਹਾਂ ਕਿਹਾ ਕਿ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਸਰਵਵਿਆਪੀ ਸੰਦੇਸ਼ ਦੇ ਰੂਪ ਵਿੱਚ ਬੜੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸ਼ੋਅ ਰਾਹੀਂ ਸਹਿਣਸ਼ੀਲਤਾ, ਸ਼ਾਂਤੀ, ਫਿਰਕੂ ਸਦਭਾਵਨਾ, ਮਹਿਲਾ ਸਸ਼ਕਤੀਕਰਨ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਸੁਨੇਹਾ ਦਿੱਤਾ ਗਿਆ, ਜੋ ਕਿ ਗੁਰੂ ਸਾਹਿਬ ਜੀ ਦੇ ਫਲਸਫੇ ਦੇ ਮੁੱਢਲੇ ਸਿਧਾਂਤ ਸਨ।
ਸ੍ਰੀ ਚੀਮਾ ਨੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਰਾਹ ਉਤੇ ਚੱਲਣ ਦਾ ਸੱਦਾ ਦਿੱਤਾ। ਇਸ ਮੌਕੇ ਪੰਜਾਬੀ ਲੋਕ ਗਾਇਕ ਪੰਮਾ ਡੂੰਮੇਵਾਲ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਧਾਰਮਿਕ ਗੀਤ ਗਾ ਕੇ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।