ਰੌਸ਼ਨੀ ਤੇ ਅਵਾਜ਼ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਪ੍ਰਕਾਸ਼ ਜਾਵੇਡਕਰ। ਨਾਲ ਹਨ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਸ੍ਰੀਮਤੀ ਜਤਿੰਦਰ ਸੋਨੀਆ ਅਤੇ ਹੋਰ।
ਅੰਮ੍ਰਿਤਸਰ, 9 ਨਵੰਬਰ 2019 : ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਵਿਭਾਗ ਵੱਲੋਂ 7 ਨਵੰਬਰ ਤੋਂ 12 ਨਵੰਬਰ 2019 ਤੱਕ ਪਾਈਟੈਕਸ ਗਰਾਉਂਡ ਰਣਜੀਤ ਐਵੀਨਿਊ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਰੌਸ਼ਨੀ ਤੇ ਅਵਾਜ਼ ਉਤੇ ਅਧਾਰਿਤ ਪ੍ਰੋਗਰਾਮ ''ਜਗ ਚਾਨਣ ਹੋਇਆ'' ਦੀ ਰਸਮੀ ਸ਼ੁਰੂਆਤ ਸੂਚਨਾ ਤੇ ਪ੍ਰਸਾਰਣ ਮੰਤਰੀ ਸ੍ਰੀ ਪ੍ਰਕਾਸ਼ ਜੇਵਾਡਕਰ ਨੇ ਕੀਤੀ। ਇਸ ਮੌਕੇ ਉਨਾਂ ਨਾਲ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ, ਵਿਧਾਇਕ ਸ. ਸੰਤੋਖ ਸਿੰਘ ਭਲਾਈਪੁਰ, ਕਾਂਗਰਸ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਅਕਾਲੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ, ਐਸ ਡੀ ਐਮ ਸ੍ਰੀ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਸ੍ਰੀ ਜੇਵਾਡਕਰ ਨੇ ਆਪਣੇ ਸੰਬੋਧਨ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾ ਸੁਮਨ ਭੇਟ ਕਰਦੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰਨ ਅਤੇ ਵੰਡ ਛਕਣ ਦਾ ਜੋ ਉਪਦੇਸ਼ ਦਿੱਤਾ, ਉਹ ਵਿਹਾਰਕ ਜਿੰਦਗੀ ਵਿਚ ਲਾਗੂ ਕਰਨ ਦੀ ਲੋੜ ਹੈ ਅਤੇ ਇਸ ਨਾਲ ਹੀ ਸਾਰੇ ਸਮਾਜ ਦਾ ਵਿਕਾਸ ਹੋ ਸਕਦਾ ਹੈ। ਉਨਾਂ ਗੁਰੂ ਜੀ ਵੱਲੋਂ ਸਮਾਜਿਕ ਬਰਾਬਤਾ, ਔਰਤ ਜਾਤੀ ਨੂੰ ਬਰਾਬਰ ਦੇ ਹੱਕ ਦੇਣ ਅਤੇ ਜ਼ਬਰ ਵਿਰੁੱਧ ਚੁੱਕੀ ਅਵਾਜ਼ ਨੂੰ ਯਾਦ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਉਤੇ ਚੱਲਣ ਦੀ ਪ੍ਰੇਰਨਾ ਦਿੱਤੀ।
ਇਸ ਤੋਂ ਇਲਾਵਾ ਸ੍ਰੀ ਪ੍ਰਕਾਸ਼ ਜਾਵੇਡਕਰ ਨੇ ਇੱਥੇ ਵਿਸ਼ੇਸ਼ ਤੌਰ ਉਤੇ ਲਗਾਏ ਸਟਾਲ ਤੋਂ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦਾ ਨਜ਼ਾਰਾ ਲਿਆ।
ਇਹ ਪ੍ਰੋਗਰਾਮ ਰੋਜ਼ਾਨਾ ਸ਼ਾਮ 6:30 ਵਜੇ ਤੋਂ ਰਾਤ 8:30 ਵਜੇ ਤੱਕ ਚੱਲੇਗਾ। ਇਸ ਰੋਸ਼ਨੀ ਤੇ ਅਵਾਜ਼ ਪ੍ਰੋਗਰਾਮ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਤੇ ਉਦਾਸੀਆਂ ਤੇ ਚਾਣਨਾ ਪਾਇਆ ਗਿਆ ਹੈ ਅਤੇ ਇਸ ਤੋਂ ਗੁਰੂ ਜੀ ਦੇ ਜੀਵਨ ਅਤੇ ਉਪਦੇਸ਼ ਤੋਂ ਵਿਸਥਾਰਤ ਜਾਣਕਾਰੀ ਮਿਲ ਰਹੀ ਹੈ। ਇਸ ਤੋਂ ਇਲਾਵਾ ਇਸ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਬੰਧੀ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਇਕ ਪ੍ਰਦਰਸ਼ਨੀ ਵੀ ਲਗਾਈ ਜਾ ਰਹੀ ਹੈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਸਾਹਿਤ ਪ੍ਰਦਰਸ਼ਿਤ ਕੀਤਾ ਗਿਆ ਹੈ।