ਬੀਬੀਆਂ ਦੇ ਪੰਥ ਪ੍ਰਸਿੱਧ ਕੀਰਤਨੀ ਜਥਿਆਂ ਨੇ ਨਿਭਾਈ ਸੇਵਾ, ਗੁਰਬਾਣੀ ਕੀਰਤਨ ਕਰ ਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ
ਚੰਡੀਗੜ੍ਹ/ਸੁਲਤਾਨਪੁਰ ਲੋਧੀ (ਕਪੂਰਥਲਾ), 9 ਨਵੰਬਰ 2019: ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਗੁਰਬਾਣੀ ਵਿੱਚ ਔਰਤਾਂ ਨੂੰ ਬਖਸ਼ੇ ਗਏ ਸਤਿਕਾਰ 'ਤੇ ਪਹਿਰਾ ਦਿੰਦੇ ਹੋਏ ਪੰਜਾਬ ਸਰਕਾਰ ਵੱਲੋਂ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਮੁੱਖ ਪੰਡਾਲ ਗੁਰੂ ਨਾਨਕ ਦਰਬਾਰ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਦਾ ਅੱਜ ਪੰਜਵਾਂ ਦਿਨ ਬੇਬੇ ਨਾਨਕੀ ਜੀ ਨੂੰ ਸਮਰਪਿਤ ਰਿਹਾ, ਜਿਸ ਦੌਰਾਨ ਬੀਬੀਆਂ ਦੇ ਪੰਥ ਪ੍ਰਸਿੱਧ ਜਥਿਆਂ ਨੇ ਇਲਾਹੀ ਬਾਣੀ ਦਾ ਰਾਗਬੱਧ ਕੀਰਨਤ ਕਰ ਕੇ ਇਥੇ ਵੱਡੀ ਗਿਣਤੀ ਵਿੱਚ ਪੁੱਜੀਆਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ।
ਔਰਤਾਂ ਨੂੰ ਸਤਿਕਾਰ ਦੇਣ ਵਜੋਂ ਕੀਤੇ ਗਏ ਇਸ ਸਮਾਗਮ ਦੀ ਸ਼ੁਰੂਆਤ ਵਿੱਚ ਡਾ. ਜਸਮੀਤ ਕੌਰ ਜੰਮੂ ਵਾਲਿਆਂ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ, ਜਿਸ ਮਗਰੋਂ ਬੀਬੀ ਸਿਮਰਨ ਕੌਰ ਲੁਧਿਆਣਾ ਵਾਲਿਆਂ ਅਤੇ ਬੀਬੀ ਜਸਲੀਨ ਕੌਰ ਦਿੱਲੀ ਵਾਲਿਆਂ ਦੇ ਕੀਰਤਨੀ ਜਥਿਆਂ ਨੇ ਹਾਜ਼ਰੀ ਲਵਾਈ ਅਤੇ ਡਾ. ਗੁਰਿੰਦਰ ਕੌਰ ਦਿੱਲੀ ਵਾਲਿਆਂ ਦੇ ਰਾਗੀ ਜਥੇ ਨੇ ਰਾਗਬੱਧ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕਰ ਦਿੱਤਾ। ਇਸ ਉਪਰੰਤ ਬੀਬੀ ਇਸ਼ਵਿਨੀਕ ਕੌਰ ਦਿੱਲੀ ਵਾਲਿਆਂ ਦੇ ਜਥੇ ਨੇ 'ਬਲਿਓ ਚਰਾਗ ਅੰਧਾਰ ਮੇਂ' ਅਤੇ 'ਆਓ ਮੀਤ ਪਿਆਰੇ' ਸ਼ਬਦਾਂ ਦਾ ਗਾਇਨ ਕਰ ਕੇ ਸੰਗਤਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਇਸ ਤੋਂ ਬਾਅਦ ਬੀਬੀ ਪ੍ਰਭਜੋਤ ਕੌਰ ਬਟਾਲਾ ਵਾਲਿਆਂ ਅਤੇ ਡਾ. ਜਸਬੀਰ ਕੌਰ ਪਟਿਆਲਾ ਵਾਲਿਆਂ ਦੇ ਜਥਿਆਂ ਨੇ ਕੀਰਤਨ ਕਰ ਕੇ ਸੰਗਤਾਂ ਨੂੰ ਰੂਹਾਨੀ ਰੰਗ ਵਿੱਚ ਰੰਗ ਦਿੱਤਾ। ਇਸ ਦੌਰਾਨ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਵੀ ਗੁਰੂ ਨਾਨਕ ਦਰਬਾਰ ਵਿੱਚ ਨਤਮਸਤਕ ਹੋਣ ਲਈ ਪੁੱਜੇ।
ਬੀਬੀਆਂ ਦੇ ਕੀਰਤਨੀ ਜਥਿਆਂ ਵੱਲੋਂ ਹਾਜ਼ਰੀ ਭਰਨ ਮਗਰੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਦੀਵਾਨ ਸਜਾਏ ਗਏ, ਜਿਨ੍ਹਾਂ ਵਿੱਚ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਨ ਮਗਰੋਂ ਹੁਕਮਨਾਮਾ ਲਿਆ ਗਿਆ। ਇਸ ਤੋਂ ਬਾਅਦ ਆਰਤੀ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮਾਂ ਦੌਰਾਨ ਕਲਗੀਧਰ ਟਰੱਸਟ ਸ੍ਰੀ ਬੜੂ ਸਾਹਿਬ ਦੇ ਬੱਚਿਆਂ ਅਤੇ ਰਾਗੀ ਗੁਰਜੰਟ ਸਿੰਘ ਦੇ ਜਥੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਕੀਰਤਨ ਕਰ ਕੇ ਸਮਾਂ ਬੰਨ੍ਹ ਦਿੱਤਾ। ਅਖੀਰ ਵਿੱਚ ਕਥਾਵਾਚਕ ਕਰਨਜੀਤ ਸਿੰਘ ਨੇ ਕਥਾ ਵਿਚਾਰ ਰਾਹੀਂ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਈ।