ਚੁਣੇ ਨੁਮਾਇੰਦੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ-ਵਧੀਕ ਡਿਪਟੀ ਕਮਿਸ਼ਨਰ
ਲੁਧਿਆਣਾ, 25 ਸਤੰਬਰ 2019: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਬਾਰੇ ਕੀਤੇ ਜਾ ਰਹੇ ਉਪਰਾਲਿਆਂ ਦੇ ਚੱਲਦਿਆਂ ਰਾਏਕੋਟ ਬਲਾਕ ਦੀਆਂ 35 ਪੰਚਾਇਤਾਂ ਦੀ ਸਾਂਝੀ ਕਾਨਫਰੰਸ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਆਈ. ਸੀ. ਏ. ਆਰ.-ਏ. ਟੀ. ਏ. ਆਰ. ਆਈ. ਵਿਖੇ ਕਰਵਾਈ ਗਈ। ਇਸ ਕਾਨਫਰੰਸ ਦਾ ਆਯੋਜਨ ਪਰਾਲੀ ਦੇ ਖੇਤਰ ਵਿੱਚ ਲਗਭਗ ਪਿਛਲੇ ਪੰਜ ਸਾਲ ਤੋਂ ਕੰਮ ਕਰ ਰਹੀ ਉੱਘੀ ਸੰਸਥਾ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਜਲਾਲਦੀਵਾਲ ਰਾਏਕੋਟ (ਲੁਧਿਆਣਾ) ਵੱਲੋਂ ਕਰਵਾਇਆ ਗਿਆ ਸੀ। ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਰਿਸ਼ੀਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ, ਰਾਏਕੋਟ ਦੇ ਐੱਸ. ਡੀ. ਐÎੱਮ. ਸ੍ਰੀ ਹਿਮਾਂਸ਼ੂ ਗੁਪਤਾ ਅਤੇ ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਨਫਰੰਸ ਵਿੱਚ ਪੰਚਾਇਤਾਂ ਨੇ ਇੱਕਮਤ ਹੋ ਕੇ ਪ੍ਰਣ ਲਿਆ ਕਿ ਉਹ ਆਪਣੇ ਪਿੰਡਾਂ ਵਿੱਚ ਬਿਲਕੁਲ ਵੀ ਪਰਾਲੀ ਨਹੀਂ ਸਾੜਨ ਦੇਣਗੇ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਰਿਸ਼ੀਪਾਲ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਿੱਚ ਪੰਚਾਇਤਾਂ ਅਤੇ ਪਿੰਡਾਂ ਦੇ ਮੋਹਤਬਰ ਵਿਅਕਤੀ ਵਿਸ਼ੇਸ਼ ਯੋਗਦਾਨ ਪਾ ਸਕਦੇ ਹਨ। ਉਨ•ਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਨੂੰ ਬਚਾਉਣ ਅਤੇ ਸੂਬੇ ਨੂੰ ਹਰਾ-ਭਰਾ ਕਰਨ ਲਈ ਅੱਗੇ ਆਉਣ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਲੈਣ। ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਦੇ ਮੁੱਖੀ ਡਾ. ਜੇ. ਐੱਸ. ਮਾਹਲ, ਬੀਸਾ ਦੇ ਸੀਨੀਅਰ ਖੋਜ ਇੰਜੀਨੀਅਰ ਡਾ. ਐੱਚ. ਐੱਸ. ਸਿੱਧੂ, ਡਾ. ਮਨਪ੍ਰੀਤ ਸਿੰਘ ਅਤੇ ਇੰਜੀਨੀਅਰ ਅਰਸ਼ਦੀਪ ਸਿੰਘ ਨੇ ਪੰਚਾਇਤ ਨੁਮਾਇੰਦਿਆਂ ਨੂੰ ਪਰਾਲੀ ਨੂੰ ਸਾੜਨ ਤੋਂ ਰੋਕਣ ਵਾਲੇ ਤਕਨੀਕੀ ਪੱਖਾਂ ਤੋਂ ਜਾਣੂ ਕਰਵਾਇਆ। ਉਨ•ਾਂ ਗੈਰ ਸਰਕਾਰੀ ਅਤੇ ਹੋਰ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਇਸ ਦਿਸ਼ਾ ਵਿੱਚ ਜਾਗਰੂਕ ਕਰਨ ਲਈ ਅੱਗੇ ਆਉਣ।
ਕਾਨਫਰੰਸ ਦੌਰਾਨ ਪਰਾਲੀ ਨਾ ਸਾੜਨ ਵਾਲੇ ਅਗਾਂਹਵਧੂ ਕਿਸਾਨਾਂ ਵੱਲੋਂ ਵੀ ਆਪਣੇ ਤਜ਼ਰਬੇ ਸਾਂਝੇ ਕੀਤੇ ਗਏ। ਇਸ ਕਾਨਫਰੰਸ ਵਿੱਚ ਬਲਾਕ ਰਾਏਕੋਟ ਦੀਆਂ 35 ਪੰਚਾਇਤਾਂ ਦੇ 135 ਤੋਂ ਵਧੇਰੇ ਨੁਮਾਇੰਦਿਆਂ ਨੇ ਭਾਗ ਲਿਆ। ਫਾਊਂਡੇਸ਼ਨ ਦੇ ਸੀ. ਈ. ਓ. ਡਾ. ਐੱਚ. ਐੱਸ. ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਹਾਲ ਉਨ•ਾਂ ਦੀ ਸੰਸਥਾ ਨੇ ਰਾਏਕੋਟ ਦੇ 35 ਪਿੰਡਾਂ ਨੂੰ ਅਪਣਾਇਆ ਹੈ, ਜਦਕਿ ਉਹ ਅਗਲੇ ਸਾਲ ਹੋਰ ਵੀ ਪਿੰਡਾਂ ਵਿੱਚ ਅਜਿਹੀ ਜਾਗਰੂਕਤਾ ਮੁਹਿੰਮ ਸ਼ੁਰੂ ਕਰਨਗੇ ਤਾਂ ਜੋ ਧਰਤੀ ਅਤੇ ਵਾਤਾਵਰਣ ਨੂੰ ਬਚਾਇਆ ਜਾ ਸਕੇ। ਉਨ•ਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਹਮਣੇ ਰੱਖ ਕੇ ਪਰਾਲੀ ਨੂੰ ਸਾੜਨਾ ਬੰਦ ਕਰ ਦੇਣ। ਇਸ ਤੋਂ ਪਹਿਲਾਂ ਆਈ. ਸੀ. ਏ. ਆਰ.-ਏ. ਟੀ. ਏ. ਆਰ. ਆਈ. ਦੇ ਡਾਇਰੈਕਟਰ ਡਾ. ਰਾਜਬੀਰ ਸਿੰਘ ਨੇ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ।