ਹਾਈ ਕੋਰਟ ਦੇ ਚੀਫ਼ ਜਸਟਿਸ ਕੋਲ ਉਠਾਣਗੇ ਮਾਮਲਾ, ਕੇਂਦਰ ਕੋਲ ਵੀ ਉਠਾਣਗੇ ਵਿਸ਼ੇਸ਼ ਅਦਾਲਤਾਂ ਦੀ ਸਥਾਪਨਾ ਦਾ ਮਾਮਲਾ
ਚੰਡੀਗੜ੍ਹ/ਜਲੰਧਰ, 12 ਨਵੰਬਰ 2019 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ਾਂ ਵਿੱਚ ਵਸੇ ਪਰਵਾਸੀ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਅੱਤਵਾਦ ਦੇ ਕਾਲੇ ਦਿਨਾਂ ਦੌਰਾਨ ਪੰਜਾਬ ਛੱਡ ਕੇ ਜਾਣ ਵਾਲੇ ਵਿਅਕਤੀਆਂ ਜਿਨ੍ਹਾਂ ਨੂੰ ਬਾਅਦ ਵਿੱਚ ਭਗੌੜੇ ਕਰਾਰ ਦਿੱਤਾ ਗਿਆ ਸੀ, ਦੇ ਮਾਮਲਿਆਂ ਦੇ ਜਲਦੀ ਹੱਲ ਲਈ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦਾ ਮੁੱਦਾ ਹਾਈ ਕੋਰਟ ਦੇ ਚੀਫ਼ ਜਸਟਿਸ ਅਤੇ ਕੇਂਦਰ ਸਰਕਾਰ ਕੋਲ ਉਠਾਉਣਗੇ।
ਉਹ ਬੀਤੀ ਸ਼ਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਮੌਕੇ ਐਨ.ਆਰ.ਆਈਜ਼ ਦੇ ਇੱਕ ਸਮੂਹ ਵੱਲੋਂ ਕੀਤੀ ਬੇਨਤੀ ਦਾ ਜਵਾਬ ਦੇ ਰਹੇ ਸਨ। ਮੁੱਖ ਮੰਤਰੀ ਨੇ ਐਨ.ਆਰ.ਆਈਜ਼. ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਲਸਫ਼ੇ ‘ਤੇ ਅਧਾਰਤ ਕਿਤਾਬਾਂ, ਯਾਦਗਾਰੀ ਸਿੱਕੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ।
ਪਰਵਾਸੀ ਭਾਰਤੀਆਂ ਨੇ ਚਿੰਤਾ ਜ਼ਾਹਰ ਕੀਤੀ ਵਿਦੇਸ਼ ਵਾਸ ਕਰ ਚੁੱਕੇ, ਜ਼ਿਆਦਾਤਰ ਵਿਅਕਤੀ ਪੰਜਾਬ ਨਹੀਂ ਆ ਸਕਦੇ ਹਨ ਅਤੇ ਅਤੇ ਨਾ ਹੀ ਦਰਬਾਰ ਸਾਹਿਬ ਅਤੇ ਹੋਰ ਪਵਿੱਤਰ ਅਸਥਾਨਾਂ ਵਿਖੇ ਜਾ ਕੇ ਨਤਮਸਤਕ ਹੋ ਸਕਦੇ ਹਨ ਕਿਉਂਕਿ ਉਨਾਂ ਨੂੰ ਕੁਝ ਮਾਮਲਿਆਂ ਵਿਚ ਅਦਾਲਤ ਸਾਹਮਣੇ ਪੇਸ਼ ਹੋਣ ਤੋਂ ਅਸਮਰੱਥ ਰਹਿਣ ਕਰਕੇ ਭਗੌੜੇ ਐਲਾਨਿਆ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਮਾਮਲਿਆਂ ਦੇ ਜਲਦ ਨਿਪਟਾਰੇ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨਾਲ ਵਿਸ਼ੇਸ਼ ਅਦਾਲਤ ਸਥਾਪਿਤ ਕਰਨ ਦੀ ਸੰਭਾਵਨਾ ਸਬੰਧੀ ਵਿਚਾਰਚਰਚਾ ਕਰਨਗੇ। ਉਨਾਂ ਅੱਗੇ ਕਿਹਾ ਕਿ ਉਹ ਭਾਰਤ ਸਰਕਾਰ ਨਾਲ ਵਿਦੇਸ਼ਾਂ ਵਿੱਚ ਕੁਝ ਭਾਰਤੀ ਮਿਸ਼ਨਾਂ ਜਿਵੇਂ ਕਿ ਯੂਕੇ, ਅਮਰੀਕਾ, ਕਨੇਡਾ, ਜਰਮਨੀ ਅਤੇ ਫਰਾਂਸ, ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਵਸਦੇ ਹਨ, ਵਿੱਚ ਅਜਿਹੀਆਂ ਵਿਸ਼ੇਸ਼ ਅਦਾਲਤਾਂ ਸਥਾਪਤ ਕਰਨ ਦੀ ਸੰਭਾਵਨਾ ਨੂੰ ਵਿਚਾਰਨਗੇ।
ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਪੀੜੀਆਂ ਦੀ ਸੁਰੱਖਿਆ ਅਤੇ ਪ੍ਰਗਤੀ ਦੇ ਉਦੇਸ਼ ਨਾਲ ਸੂਬੇ ਨੂੰ ਵਿਕਾਸ ਦੇ ਇੱਕ ਨਵੇਂ ਯੁੱਗ ਵਿੱਚ ਲਿਜਾਣ ਲਈ ਉਨਾਂ ਦੀ ਸਰਕਾਰ ਦੇ ਯਤਨਾਂ ਵਿੱਚ ਸਾਥ ਦੇਣ। ਮੁੱਖ ਮੰਤਰੀ ਨੇ ਵਿਸ਼ਵ ਦੇ ਵੱਖ ਵੱਖ ਖੇਤਰਾਂ ਵਿੱਚ ਆਪਣੀ ਸਖ਼ਤ ਮਿਹਨਤ ਨਾਲ ਸੂਬੇ ਅਤੇ ਦੇਸ਼ ਲਈ ਮਾਣ ਖੱਟਣ ਲਈ ਪਰਵਾਸੀ ਪੰਜਾਬੀਆਂ ਦੀ ਸ਼ਲਾਘਾ ਕੀਤੀ।
ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਆਪਣੀਆਂ ਜੜਾਂ ਨਾਲ ਜੁੜੋ‘ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਉਕਤ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਪਰਵਾਸੀ ਭਾਰਤੀਆਂ (ਐਨ.ਆਰ.ਆਈਜ਼) ਦਾ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਉਨਾਂ ਨੂੰ ਅਪੀਲ ਕੀਤੀ ਕਿ ਉਹ ਹੋਰ ਨੌਜਵਾਨਾਂ ਨੂੰ ਵੀ ਪੰਜਾਬ ਆ ਕੇ ਆਪਣੀ ਜੱਦੀ ਵਿਰਾਸਤ ਨਾਲ ਜੁੜਨ ਲਈ ਉਤਸ਼ਾਹਿਤ ਕਰਨ।
ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ ਮੌਕੇ ‘ਤੇ ਕਰਤਾਰਪੁਰ ਲਾਂਘਾ ਖੁੱਲਣ ‘ਤੇ ਸਮੁੱਚੀ ਸਿੱਖ ਕੌਮ, ਵਿਸ਼ੇਸ਼ ਕਰਕੇ ਪਰਵਾਸੀ ਭਾਰਤੀਆਂ ਨੂੰ ਵਧਾਈ ਦਿੱਤੀ, ਜਿਸ ਨਾਲ ਸ਼ਰਧਾਲੂਆਂ ਨੂੰ ਇਤਿਹਾਸਕ ਗੁਰਦੁਆਰੇ ਦੇ ‘ਖੁੱਲੇ ਦਰਸ਼ਨ ਦੀਦਾਰ‘ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਇਸ ਮੌਕੇ ਬੋਲਦਿਆਂ ਯ.ੂਕੇ ਦੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੀ ਕੌਂਸਲ ਦੇ ਪ੍ਰਧਾਨ ਅਵਤਾਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀਆਂ ਨਿੱਜੀ ਕੋਸ਼ਿਸ਼ਾਂ ਰਾਹੀਂ ਕੇਂਦਰ ਤੋਂ ਕਾਲੀ ਸੂਚੀ ਨੂੰ ਖਾਰਜ਼ ਕਰਵਾਉਣ ਸਬੰਧੀ ਉਨਾਂ (ਅਵਤਾਰ ਸਿੰਘ) ਦੀ ਲੰਬੇ ਸਮੇਂ ਤੋਂ ਲਟਕ ਰਹੀ ਬੇਨਤੀ ਨੂੰ ਮੰਨਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਸਾਊਥ ਹਾਲ ਤੋਂ ਪ੍ਰਵਾਸੀ ਭਾਰਤੀ ਜਸਵੰਤ ਸਿੰਘ ਠੇਕੇਦਾਰ ਨੇ ਐਨ.ਆਰ.ਆਈ ਮੁੱਦਿਆਂ ਦੇ ਜਲਦੀ ਹੱਲ ਲਈ ਕੈਪਟਨ ਅਮਰਿੰਦਰ ਦੀ ਗਤੀਸ਼ੀਲ ਅਗਵਾਈ ‘ਤੇ ਭਰੋਸਾ ਜਤਾਇਆ।
ਹੋਰ ਪ੍ਰਵਾਸੀ ਭਾਰਤੀਆਂ ਵਿੱਚ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਬੌਬ ਸਰੋਆ, ਮੈਂਬਰ ਪਾਰਲੀਮੈਂਟ ਰਮੇਸ਼ਵਰ ਸਿੰਘ ਸੰਘਾ, ਮੈਂਬਰ ਪਾਰਲੀਮੈਂਟ ਲਾਰਡ ਦਿਲਜੀਤ ਸਿੰਘ ਰਾਣਾ, ਇੰਦਰਜੀਤ ਸਿੰਘ ਬੱਲ, ਤੇਜਿੰਦਰ ਸਿੰਘ, ਇਕਬਾਲ ਸਿੰਘ, ਸੁਰਿੰਦਰ ਪਾਲ ਸਿੰਘ, ਭਰਮਤੋੜ ਸਿੰਘ, ਜਗਦੀਸ਼ ਸਿੰਘ ਗਰੇਵਾਲ, ਸੁਖਪਾਲ ਸਿੰਘ ਧਨੋਆ, ਸੁਰਿੰਦਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ ਕਾਲੜਾ, ਜਗਤਾਰ ਸਿੰਘ ਅਜੀਮਲ, ਰਵਿੰਦਰ ਸਿੰਘ ਗੋਦਾਰਾ, ਰੇਸ਼ਮ ਸਿੰਘ ਸੰਧੂ, ਗੁਰਮੀਤ ਸਿੰਘ ਰੰਧਾਵਾ, ਹਰਬਰਿੰਦਰ ਰੰਧਾਵਾ, ਧਨਵੰਤ ਸਿੰਘ ਸੰਧੂ, ਸੁਰਜੀਤ ਸਿੰਘ ਮਾਨ, ਐਸ ਪੀ ਸਿੰਘ ਓਬਰਾਏ, ਦਿਲਵੀਰ ਸਿੰਘ, ਹਰਦਵਿੰਦਰ ਸਿੰਘ, ਇਕਬਾਲ ਸਿੰਘ ਭੱਟੀ, ਸੰਤੋਖ ਸਿੰਘ ਪਦੇਹ ਅਤੇ ਅਮਨ ਪੁਰੀ ਸ਼ਾਮਲ ਸਨ।
ਇਸ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਪਰਨੀਤ ਕੌਰ, ਸੀਨੀਅਰ ਕਾਂਗਰਸੀ ਆਗੂ ਅਤੇ ਸੂਬਾ ਮਾਮਲਿਆਂ ਦੀ ਪਾਰਟੀ ਇੰਚਾਰਜ ਆਸ਼ਾ ਕੁਮਾਰੀ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਡਵੀਜ਼ਨਲ ਕਮਿਸ਼ਨਰ ਬੀ. ਪੁਰੂਸ਼ਾਰਥਾ ਵੀ ਸ਼ਾਮਲ ਹੋਏ।