ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਦੇ ਬਿੱਲ ਭਰੇ ਜਾਣਗੇ-ਜਿਲ੍ਹਾ ਮੈਜਿਸਟ੍ਰੇਟ
ਕੰਮ ਦੌਰਾਨ ਕਰਮਚਾਰੀ/ਅਧਿਕਾਰੀ ਸਮਾਜਿਕ ਦੂਰੀ ਯਕੀਨੀ ਬਣਾਉਣਗੇ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 11 ਮਈ 2020: ਜਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਸ੍ਰੀ ਕੁਮਾਰ ਸੌਰਭ ਰਾਜ ਆਈ.ਏ.ਐਸ. ਨੇ ਜਿਲ੍ਹੇ ਵਿੱਚ 23 ਮਾਰਚ 2020 ਤੋਂ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਾਰੀ ਕਰਫਿਊ ਦੀ ਲਗਾਤਾਰਤਾ ਦੇ ਵਿੱਚ ਪੰਜਾਬ ਸਰਕਾਰ ਦੇ ਪਾਵਰ ਵਿਭਾਗ ਵੱਲੋਂ ਜਾਰੀ ਹਦਾਇਤਾ ਅਨੁਸਾਰ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਦੇ ਬਿੱਲ ਭਰਵਾਉਣ ਲਈ ਰੋਜ਼ਾਨਾ ਸ਼ਰਤਾਂ ਸਹਿਤ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ।
ਜਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਬਿਜਲੀ ਦੇ ਬਿੱਲ ਭਰਨ ਲਈ ਪੀ.ਐਸ.ਪੀ.ਸੀ.ਐਲ. ਦੇ ਕੈਸ਼ ਕੁਲੈਕਟਰ ਕਾਊਂਟਰਜ਼ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹੇ ਰਹਿਣਗੇ।ਉਨ੍ਹਾਂ ਕਿਹਾ ਕਿ ਬਿਜਲੀ ਦੇ ਮੀਟਰ ਰੀਡ ਕਰਨ ਲਈ ਸਾਰੇ ਮੀਟਰ ਰੀਡਰ ਜਿਲ੍ਹਾ ਫਰੀਦਕੋਟ ਵਿੱਚ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮੀਟਰ ਦੀ ਰੀਡਿੰਗ ਕਰ ਸਕਦੇ ਹਨ ।ਉਹ ਮੀਟਰ ਦੀ ਰੀਡਿੰਗ ਕਰਨ ਸਮੇਂ ਮਾਸਕ ਅਤੇ ਦਸਤਾਨੇ ਪਾਉਣੇ ਯਕੀਨੀ ਬਣਾਉਣਗੇ।ਉਨ੍ਹਾਂ ਕਿਹਾ ਕਿ ਮਹਿਕਮੇ ਵੱਲੋਂ ਜਾਰੀ ਆਈ.ਕਾਰਡ ਹੀ ਕਰਫਿਊ ਪਾਸ ਸਮਝਿਆ ਜਾਵੇਗਾ।ਉਨ੍ਹਾਂ ਕਿਹਾ ਕਿ ਕੋਵਿਡ 19 ਮਹਾਂਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਇਕ ਪੁਲਿਸ ਕਰਮਚਾਰੀ ਬਿੱਲ ਭਰਨ ਵਾਲੀਆਂ ਥਾਵਾਂ ਤੇ ਤਾਇਨਾਤ ਕੀਤਾ ਜਾਵੇਗਾ ਤਾਂ ਜੋ ਭੀੜ ਤੇ ਕਾਬੂ ਪਾਇਆ ਜਾ ਸਕੇ।
ਜਾਰੀ ਹੁਕਮਾਂ ਅਨੁਸਾਰ ਐਕਸੀਅਨ ਬਿਜਲੀ ਬੋਰਡ ਇਹ ਯਕੀਨੀ ਬਣਾਉਣਗੇ ਕਿ ਕੰਮ ਦੌਰਾਨ ਕਰਮਚਾਰੀ/ਅਧਿਕਾਰੀ 1 ਮੀਟਰ ਤੋਂ 1.50 ਮੀਟਰ ਦੀ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ ਅਤੇ ਸਾਰੇ ਸਟਾਫ ਨੂੰ ਮਾਸਕ ਅਤੇ ਦਸਤਾਨੇ ਪਾਉਣੇ, ਸੈਨੇਟਾਈਜਰ ਦੀ ਵਰਤੋਂ ਯਕੀਨੀ ਕੀਤੀ ਜਾਵੇ।