ਮਾਸਕ ਪਹਿਨਣ, ਸਮਾਜਿਕ ਦੂਰੀ ਅਤੇ ਰਾਤ ਦੇ ਕਰਫਿਊ ਨੂੰ ਅਮਲ ਵਿੱਚ ਲਿਆਉਣ ਦੇ ਨਿਰਦੇਸ਼
ਕਿਸੇ ਵੀ ਤਰ੍ਹਾਂ ਅਵੇਸਲੇ ਹੋ ਕੇ ਬੀਤੇ 55 ਦਿਨਾਂ ਦੀ ਸਖਤ ਮਿਹਨਤ ਅਤੇ ਕੁਰਬਾਨੀਆਂ ਨੂੰ ਰੋਲਿਆ ਨਹੀਂ ਜਾ ਸਕਦਾ
ਚੰਡੀਗੜ੍ਹ, 19 ਮਈ 2020: ਸੂਬੇ ਵਿੱਚ ਅੱਜ ਬਹੁਤ ਸਾਰੀਆਂ ਛੋਟਾਂ ਅਮਲ ਵਿੱਚ ਆਉਣ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਸਮੇਤ ਕੋਵਿਡ ਨਾਲ ਸਬੰਧਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।
ਮੁੱਖ ਮੰਤਰੀ ਨੇ ਸੁਚੇਤ ਕਰਦਿਆਂ ਆਖਿਆ ਕਿ ਆਰਥਿਕਤਾ ਦੇ ਨਾਲ-ਨਾਲ ਦਫਤਰਾਂ ਤੇ ਵਪਾਰਕ ਗਤੀਵਿਧੀਆਂ ਸ਼ੁਰੂ ਹੋਣ ਦੇ ਮੱਦੇਨਜ਼ਰ ਕਰੋਨਾਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਅਗਲੇ 25-30 ਦਿਨ ਬਹੁਤ ਜ਼ਿਆਦਾ ਨਾਜ਼ੁਕ ਹਨ।
ਮੁੱਖ ਮੰਤਰੀ ਨੇ ਪੰਜਾਬ ਪੁਲੀਸ ਨੂੰ ਪ੍ਰੋਟੋਕੋਲ ਅਤੇ ਬੰਦਿਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਕਾਇਮ ਰੱਖਣ ਲਈ ਸਖਤ ਮਿਹਨਤ ਅਤੇ ਵਚਨਬੱਧਤਾ ਨਾਲ ਡਿਊਟੀ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਜਿਸ ਨਾਲ ਸੂਬੇ ਨੂੰ ਮਹਾਮਾਰੀ ਦੇ ਫੈਲਾਅ ਨੂੰ ਕਾਬੂ ਹੇਠ ਰੱਖਣ ਵਿੱਚ ਮਦਦ ਮਿਲੇਗੀ।
ਮੁੱਖ ਮੰਤਰੀ ਨੇ ਕਿਹਾ,''ਅਸੀਂ ਪਿਛਲੇ 55 ਦਿਨਾਂ ਤੋਂ ਤੁਹਾਡੇ ਵੱਲੋਂ ਕੀਤੇ ਕੰਮਾਂ ਦੇ ਲਾਭ ਅਤੇ ਪੰਜਾਬ ਦੇ ਲੋਕਾਂ ਦੁਆਰਾ ਕੀਤੀਆਂ ਕੁਰਬਾਨੀਆਂ ਨੂੰ ਹੁਣ ਅਵੇਸਲੇ ਹੋਣ ਜਾਣ ਨਾਲ ਰੋਲ ਨਹੀਂ ਸਕਦੇ।''
ਇਹ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਪਿਛਲੇ ਹਫ਼ਤੇ 18 ਮਈ ਤੋਂ ਕਰਫਿਊ ਹਟਾਉਣ ਦਾ ਐਲਾਨ ਕੀਤਾ ਸੀ ਪਰ ਸੂਬੇ ਵਿੱਚ ਲੌਕਡਾਊਨ 30 ਮਈ ਤੱਕ ਜਾਰੀ ਰਹੇਗਾ। ਕੇਂਦਰ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਲੀਹ 'ਤੇ ਸੂਬੇ ਨੇ ਗੈਰ-ਸੀਮਿਤ ਜ਼ੋਨਾਂ ਵਿੱਚ ਕਈ ਛੋਟਾਂ ਦਿੱਤੀਆਂ ਅਤੇ ਅੱਜ ਤੋਂ ਪੜਾਅਵਾਰ ਢੰਗ ਨਾਲ ਸਥਾਨਕ ਬੱਸਾਂ ਵੀ ਸ਼ੁਰੂ ਹੋ ਗਈਆਂ ਹਨ।
ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ ਅਮਲ ਕਰਦਿਆਂ ਪੰਜਾਬ ਪੁਲੀਸ ਮੁਖੀ ਦਿਨਕਰ ਗੁਪਤਾ ਵੱਲੋਂ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਲੌਕਡਾਊਨ ਦੀਆਂ ਪਾਬੰਦੀਆਂ ਦੀ ਉਲੰਘਣਾ ਦੇ ਮਾਮਲੇ ਵਿੱਚ ਐਫ.ਆਈ ਆਰ ਦਰਜ ਕਰਨ, ਵਾਹਨਾਂ ਨੂੰ ਜ਼ਬਤ ਕਰਨ ਅਤੇ ਚਲਾਨ ਕੱਟਣ ਲਈ ਆਖਿਆ ਹੈ। ਮੁੱਖ ਮੰਤਰੀ ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਪੰਜਾਬ ਪੁਲੀਸ ਮੁੱਖੀ ਵੱਲੋਂ ਅਧਿਕਾਰੀਆਂ ਨੂੰ ਆਖਿਆ ਗਿਆ ਕਿ ਵੱਖ-ਵੱਖ ਪਾਬੰਦੀਆਂ ਨੂੰ ਪੁਖਤਾ ਰੂਪ 'ਚ ਲਾਗੂ ਕਰਨ ਲਈ ਸਖਤ ਸੁਨੇਹਾ ਜਾਣਾ ਚਾਹੀਦਾ ਹੈ।
ਸੂਬਾ ਪੁਲੀਸ ਮੁਖੀ ਵੱਲੋਂ ਸਾਰੇ ਪੁਲੀਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲੀਸ ਮੁਖੀਆਂ ਨੂੰ ਕਿਹਾ ਗਿਆ ਕਿ ਉਹ ਨਿਸ਼ਚਤ ਰੂਪ ਵਿੱਚ ਇਹ ਯਕੀਨੀ ਬਣਾਉਣ ਕਿ ਹਰ ਕੋਈ ਘਰਾਂ ਤੋਂ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਪਹਿਨੇ। ਪੁਲੀਸ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਦੁਕਾਨਾਂ, ਦਫਤਰਾਂ, ਬੈਂਕਾਂ ਅਤੇ ਸ਼ਰਾਬ ਦੇ ਠੇਕਿਆਂ ਦੇ ਨਾਲ-ਨਾਲ ਵਾਹਨਾਂ (ਕਾਰ, ਸਕੂਟਰ, ਮੋਟਰ ਸਾਈਕਲ) ਅਤੇ ਪਬਲਿਕ/ਪ੍ਰਾਈਵੇਟ ਬੱਸਾਂ 'ਚ ਵੀ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ। ਪਾਬੰਦੀਆਂ ਵਿੱਚ ਢਿੱਲ ਵਾਲੀਆਂ ਨਵੀਆਂ ਹਦਾਇਤਾਂ ਤਹਿਤ ਇਹ ਵਾਹਨ ਰਾਜ ਦੀ ਹਦੂਦ ਅੰਦਰ, ਸੀਮਤ ਜ਼ੋਨਾਂ ਨੂੰ ਛੱਡ ਕੇ, ਚੱਲ ਸਕਣਗੇ ਪਰ ਇਸ ਸਬੰਧੀਨਿਯਮਾਂ ਦਾ ਸਖਤੀ ਨਾਲ ਪਾਲਣਾ ਕਰਨਾ ਹੋਵੇਗਾ।
ਮੁੱਖ ਮੰਤਰੀ ਵੱਲੋਂ ਰਾਤ ਦੇ ਵੇਲੇ ਦੇ ਕਰਫਿਊ ਨੂੰ ਸਖਤੀ ਨਾਲ ਲਾਗੂ ਕਰਨ ਲਈ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਕੇਂਦਰ ਵੱਲੋਂ ਲੌਕਡਾਊਨ ਦੇ ਚੌਥੇ ਗੇੜ ਲਈ ਜਾਰੀ ਹਦਾਇਤਾਂ ਅਨੁਸਾਰ ਮੈਡੀਕਲ ਅਤੇ ਜ਼ਰੂਰੀ ਲੋੜਾਂ ਤੋਂ ਇਲਾਵਾ ਲੋਕਾਂ ਦੇ ਰਾਤ ਦੇ 7 ਵਜੇ ਤੋਂ ਸਵੇਰ ਦੇ 7 ਵਜੇ ਤੱਕ ਬਾਹਰ ਨਿਕਲਣ 'ਤੇ ਰੋਕ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੰਦਿਸ਼ਾਂ ਵਿੱਚ ਢਿੱਲ ਲੋਕਾਂ ਨੂੰ ਸੌਖ ਅਤੇ ਸੁਵਿਧਾ ਮੁਹੱਈਆ ਕਰਵਾਉਣ ਲਈ ਦਿੱਤੀ ਗਈ ਹੈ ਕਿਉਂਕਿ ਸੂਬੇ ਦੇ ਲੋਕਾਂ ਨੂੰ ਕਰਫਿਊ ਦੇ ਸਮੇਂ ਦੌਰਨ ਬਹੁਤ ਔਖਿਆਈਆਂ ਹੰਢਾਉਣੀਆਂ ਪਈਆਂ ਹਨ। ਪਰ ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।