ਚੰਡੀਗੜ੍ਹ, 21 ਮਈ 2020: ਗਵਰਨੈਂਸ ਦੇ ਪ੍ਰਮੁੱਖ ਖੇਤਰਾਂ ਵਿਚ ਪਰਵਿਰਤਨਕਾਰੀ ਸੁਧਾਰਾਂ ਲਈ ਤਾਲਮੇਲ ਬਣਾਉਣ ਵਾਸਤੇ ਸੂਬੇ ਦੇ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਨੇ ਪੰਜਾਬ ਰਾਜ ਸਲਾਹਕਾਰੀ ਪਰਿਸ਼ਦ (ਪੀ.ਐਸ.ਏ.ਸੀ.) ਦੇ ਮਾਰਗਦਰਸ਼ਨ ਹੇੇਠ ਵੱਖ ਵੱਖ ਵਿਭਾਗਾਂ ਵਿੱਚ ਗਵਰਨਨੈਂਸ ਦੇ ਮਾਮਲਿਆਂ `ਤੇ ਇਕਸਾਰਤਾ ਨਾਲ ਕੰਮ ਕਰਨ ਲਈ 10 ਗਵਰਨੈਂਸ ਫੈਲੋਜ਼ (ਸਹਿਯੋਗੀ) ਅਤੇ ਇਕ ਲੀਡ ਗਵਰਨੈਂਸ ਦੀਆਂ ਸੇਵਾਵਾਂ ਲਈਆਂ ਹਨ।
ਵਿਭਾਗ ਨੇ ਹੁਣ ਗਵਰਨੈਂਸ ਨਾਲ ਸਬੰਧਤ ਮਾਮਲਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਸਹਾਇਤਾ ਲਈ ਅਸ਼ੋਕਾ ਯੂਨੀਵਰਸਿਟੀ ਨਾਲ ਭਾਈਵਾਲੀ ਜ਼ਰੀਏ 23 ਜ਼ਿਲ੍ਹਾ ਵਿਕਾਸ ਸਹਿਯਗੀਆਂ ਦੀ ਇੱਕ ਟੀਮ ਭਰਤੀ ਕਰਨ ਦੀ ਯੋਜਨਾ ਵੀ ਬਣਾਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ (ਪ੍ਰਸ਼ਾਸਨਿਕ ਸੁਧਾਰ) ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਸਿੱਖਿਆ ਅਤੇ ਤਜਰਬੇ ਦੇ ਵੱਖੋ ਵੱਖਰੇ ਪਿਛੋਕੜ ਵਾਲੇ ਇਨ੍ਹਾਂ ਨੌਜਵਾਨ ਸਹਿਯੋਗੀਆਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਪਹਿਲਕਦਮੀ ਨੇ ਤਬਦੀਲੀ ਲਈ ਸਰਕਾਰ ਵਿੱਚ ਨਵੀਂ ਊਰਜਾ, ਪਰਿਪੇਖ ਅਤੇ ਸਮਰਪਣ ਨੂੰ ਭਰਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਛੇ ਮਹੀਨਿਆਂ ਦੇ ਥੋੜ੍ਹੇ ਸਮੇਂ ਵਿੱਚ ਇਹ ਸਹਿਯੋਗੀ ਹੁਣ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ , ਉਦਯੋਗਾਂ ਅਤੇ ਵਣਜ, ਮਾਲ, ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ, ਸਕੂਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ, ਪੀਣਯੋਗ ਪਾਣੀ ਅਤੇ ਸੈਨੀਟੇਸ਼ਨ, ਪੰਜਾਬ ਮੰਡੀ ਬੋਰਡ ਸਮੇਤ ਕਈ ਵਿਭਾਗਾਂ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਹੋਰ ਵੇਰਵੇ ਦਿੰਦਿਆਂ ਵਧੀਕ ਮੁੱਖ ਸਕੱਤਰ ਨੇ ਕਿਹਾ ਕਿ ਟੀਮ ਕੋਵਿਡ-19 ਸੰਕਟ ਦੌਰਾਨ ਵਿਭਾਗਾਂ ਦੀ ਸਹਾਇਤਾ ਲਈ ਨਿਰੰਤਰ ਅਤੇ ਅਣਥੱਕ ਕਾਰਜ ਕਰ ਰਹੀ ਹੈ। ਉਹ ਫੀਲਡ ਪੱਧਰ `ਤੇ ਸਪੱਸ਼ਟ ਸੰਚਾਰ ਲਈ ਦਿਸ਼ਾ ਨਿਰਦੇਸ਼ਾਂ ਤੋਂ ਇਲਾਵਾ ਸਟੈਂਡਿੰਗ ਓਪਰੇਟਿੰਗ ਪ੍ਰੋਸੀਜ਼ਰ (ਐੱਸ. ਓ. ਪੀਜ਼) ਅਤੇ ਐਡਵਾੲਜ਼ਰੀ ਦਾ ਖਰੜਾ ਤਿਆਰ ਕਰ ਰਹੇ ਹਨ। ਪੰਜਾਬ ਵਿਚ ਕੋਵਿਡ -19 ਦੀ ਸਥਿਤੀ ਬਾਰੇ ਰੋਜ਼ਾਨਾ ਰਿਪੋਰਟ, ਹੁਣ ਸੋਸ਼ਲ ਮੀਡੀਆ `ਤੇ ਸਾਂਝੀ ਕੀਤੀ ਜਾਂਦੀ ਹੈ ਅਤੇ ਟੀਮਾਂ ਵੱਲੋਂ ਰੋਜ਼ਾਨਾ ਦੇਰ ਰਾਤ ਤੱਕ ਕਈ ਗਰੁੱਪ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਸੇਵਰ ਤੱਕ ਫੈਸਲੇ ਘੜਨ ਵਾਲਿਆਂ ਦੇ ਹੱਥਾਂ ਵਿੱਚ ਅਪਡੇਟਡ ਜਾਣਕਾਰੀ ਉਪਲਬਧ ਹੋਵੇ।
ਮਹਾਜਨ ਨੇ ਅੱਗੇ ਦੱਸਿਆ ਕਿ ਇਹ ਵਿਸ਼ੇਸ਼ ਟੀਮ ਅੰਕੜੇ ਇਕੱਤਰ ਕਰਨ ਅਤੇ ਪ੍ਰਬੰਧਨ ਲਈ ਪ੍ਰੋਫਾਰਮਾ ਵੀ ਤਿਆਰ ਕਰ ਰਹੀ ਹੈ, ਇਕੱਤਰ ਕੀਤੇ ਅੰਕੜਿਆਂ ਨੂੰ ਸਮਝਣ ਅਤੇ ਗਹਿਰਾਈ ਨਾਲ ਵਿਸ਼ਲੇਸ਼ਣ, ਹੋਰ ਰਾਜਾਂ ਦੀਆਂ ਸਰਕਾਰਾਂ ਦੁਆਰਾ ਕੋਵਿਡ ਨਾਲ ਜੁੜੇ ਮਾਮਲਿਆਂ ਸਬੰਧੀ ਪ੍ਰਮਾਣਿਕ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਅਤੇ ਪ੍ਰਸਾਰ ਸਬੰਧੀ ਅਭਿਆਸਾਂ ਦੀ ਖੋਜ ਆਦਿ ਉਨ੍ਹਾਂ ਬਹੁਤ ਸਾਰੇ ਯਤਨਾਂ ਵਿਚ ਸ਼ਾਮਲ ਹਨ ਜਿਨ੍ਹਾਂ ਉੱਤੇ ਟੀਮ ਨੇ ਕੀਤਾ ਹੈ ਅਤੇ ਇਹ ਪ੍ਰਦਰਸ਼ਨ ਅੱਜ ਤੱਕ ਜਾਰੀ ਰੱਖਿਆ ਹੈ।
ਲੀਡ ਗਵਰਨੈਂਸ ਸ੍ਰੀਮਤੀ ਅਵਨੀ ਨੇ ਦੱਸਿਆ ਕਿ ਹਾਲਾਂਕਿ ਕੋਵਿਡ -19 ਦੇ ਸਬੰਧ ਵਿੱਚ ਕੀਤੇ ਜਾ ਰਹੇ ਕੰਮ ਕਾਫ਼ੀ ਗੁੱਝੇ ਹਨ ਪਰ ਫਿਰ ਵੀ ਟੀਮ ਇਹ ਯਕੀਨੀ ਬਣਾ ਰਹੀ ਹੈ ਕਿ ਮਹਾਂਮਾਰੀ ਤੋਂ ਪਹਿਲਾਂ ਸ਼ੁਰੂ ਕੀਤੇ ਗਏ ਇਹ ਪ੍ਰਾਜੈਕਟ ਰੁਕੇ ਨਹੀਂ ਅਤੇ ਜਾਰੀ ਹਨ। ਇਸ ਵਿਚ ਬਾਹਰੀ ਏਜੰਸੀਆਂ ਜਿਵੇਂ ਕਿ ਵਿਸ਼ਵ ਬੈਂਕ ਗਰੁੱਪ, ਆਈਡੀ ਇਨਸਾਈਟ, ਚੈਂਡਰਲ ਇੰਸਟੀਚਿਊਟ ਆਫ਼ ਗਵਰਨੈਂਸ ਸਿੰਗਾਪੁਰ, ਯੂਵਾਹਾ (ਯੂਨੈਸਿਫ), ਗਲੋਬਲ ਅਲਾਇੰਸ ਫਾਰ ਮਾਸ ਇੰਟ੍ਰਪ੍ਰਿਉਰਸਿ਼ਪ ਅਤੇ ਹੋਰ ਸ਼ਾਮਲ ਹਨ। ਇਸ ਟੀਮ ਦੇ ਯਤਨਾਂ ਨੇ ਨੌਜਵਾਨ ਫੈਲੋਜ਼ ਦੀ ਭਰਤੀ ਕਰਨ ਦੇ ਸਬੰਧ ਵਿਚ ਵਿਭਾਗਾਂ ਅਤੇ ਅਧਿਕਾਰੀਆਂ ਵਿਚ ਪਹਿਲਾਂ ਤੋਂ ਮੌਜੂਦ ਝਿਜਕ ਨੂੰ ਦੂਰ ਕੀਤਾ ਹੈ।
ਗੌਰਤਲਬ ਹੈ ਕਿ ਪਿਛਲੇ ਸਾਲ ਰਾਜ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੀਐਸਏਸੀ ਦਾ ਗਠਨ ਸਰਕਾਰ ਦੇ ਅਹਿਮ ਖੇਤਰਾਂ ਵਿੱਚ ਤਬਦੀਲੀ ਲਿਆਉਣ ਅਤੇ ਪੰਜਾਬ ਵਿੱਚ ਸਰਵਪੱਖੀ ਵਿਕਾਸ ਦੀ ਪ੍ਰਕਿਰਿਆ ਵਿੱਚ ਗਤੀਸ਼ੀਲਤਾ ਲਿਆਉਣ ਲਈ ਕੀਤਾ ਸੀ।