← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 01 ਜੂਨ 2020: ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਕੋਵਿਡ-19 ਕਰੋਨਾ ਮਹਾਮਾਰੀ ਦੇ ਚਲਦਿਆਂ ਅੱਜ ਸਥਾਨਕ ਏਮਜ ਹਸਪਤਾਲ ਵਿਖੇ ਮਾਸਕ, ਸੈਨੇਟਾਈਜਰ ਅਤੇ ਸਾਬਣਾਂ ਦਿੱਤੀਆਂ ਗਈਆਂ। ਇਸ ਮੌਕੇ ਜ਼ਿਲਾ ਯੂਥ ਵਲੰਟੀਅਰ ਜਸਵੰਤ ਕੌਰ ਨੇ ਦੱਸਿਆ ਕਿ ਯੂਥ ਵਲੰਟੀਅਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਹ ਮਾਸਕ ਤਿਆਰ ਕੀਤੇ ਜਾ ਰਹੇ ਸਨ। ਅੱਜ ਇਹ ਮਾਸਕ ਅਤੇ ਹੋਰ ਸਮਾਨ ਏਮਜ ਹਸਪਤਾਲ ਦੇ ਅਡੀਸ਼ਨਲ ਮੈਡੀਕਲ ਸੁਪਰਡੈਂਟ ਡਾ. ਸਤੀਸ਼ ਕੁਮਾਰ ਗੁਪਤਾ ਅਤੇ ਡਿਪਟੀ ਮੈਡਕੀਲ ਸੁਪਰਡੈਂਟ ਮੁਨੀਸ਼ ਮਿਰਜਾ ਨੂੰ ਸੌਂਪੇ ਗਏ। ਇਸ ਮੌਕੇ ਡਾ. ਗੁਪਤਾ ਨੇ ਕਿਹਾ ਕਿ ਯੂਥ ਵਲੰਟੀਅਰਾਂ ਨੇ ਜੋ ਵੀ ਹਸਪਤਾਲ ਦੇ ਸਟਾਫ ਨੂੰ ਸਮਾਨ ਦਿੱਤਾ ਹੈ ਇਹ ਬਹੁਤ ਹੀ ਸ਼ਲਾਘਾਯੋਗ ਹੈ। ਉਨਾਂ ਵਿਸ਼ੇਸ਼ ਤੌਰ ਤੇ ਜਿਕਰ ਕੀਤਾ ਕਿ ਇਹ ਵਲੰਟੀਅਰ ਕਿਤੋਂ ਵੀ ਪੈਸਾ ਇਕੱਠਾ ਨਹੀਂ ਕਰਦੇ ਖੁਦ ਆਪਣੀ ਜੇਬ ਵਿਚੋਂ ਖ਼ਰਚ ਕਰਕੇ ਸਮਾਨ ਤਿਆਰ ਕਰਦੇ ਹਨ ਜੋ ਕਿ ਕਾਬਿਲ-ਏ-ਤਾਰੀਫ ਹੈ। ਇਸ ਮੌਕੇ ਯੂਥ ਵਲੰਟੀਅਰ ਸਪਨਾ ਨੇ ਕਿਹਾ ਕਿ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਘਰੋਂ ਨਿਕਲਣ ਵੇਲੇ ਹਰ ਵਿਅਕਤੀ ਲਈ ਮਾਸਕ ਪਹਿਨਣਾ ਲਾਜਮੀ ਹੈ ਤਾਂ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ ਇਸ ਲਈ ਮਾਸਕ ਇੱਕ ਜਰੂਰੀ ਵਸਤੂ ਬਣ ਗਿਆ ਹੈ। ਉਨਾਂ ਹਰ ਨਾਗਰਿਕ ਨੂੰ ਘਰੋਂ ਨਿਕਲਣ ਵੇਲੇ ਮਾਸਕ ਪਹਿਨਣ ਲਈ ਅਪੀਲ ਵੀ ਕੀਤੀ। ਇਸ ਮੌਕੇ ਯੂਥ ਵਲੰਟੀਅਰ ਨੀਤੂ ਅਤੇ ਸਾਕਸ਼ੀ ਵੀ ਹਾਜਰ ਸਨ।
Total Responses : 265