ਅਸ਼ੋਕ ਵਰਮਾ
ਬਠਿੰਡਾ, 11 ਮਈ 2020: ਬਾਬਾ ਫਰੀਦ ਕਾਲਜ ਦੇ ਡਿਪਾਰਟਮੈਂਟ ਆਫ਼ ਬਾਇਓਟੈਕਨਾਲੋਜੀ, ਫੈਕਲਟੀ ਆਫ਼ ਸਾਇੰਸਜ਼ ਨੇ ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੌਰਾਨ ਵਿਦਿਆਰਥੀਆਂ ਦੀ ਪ੍ਰੇਰਨਾ, ਵਿਕਾਸ ਅਤੇ ਭਵਿੱਖ ਦੀ ਸਿੱਖਿਆ ਯੋਜਨਾਬੰਦੀ ਲਈ ਮਾਈਕਰੋਸਾਫ਼ਟ ਟੀਮਜ਼ ਦੁਆਰਾ ਆਨਲਾਈਨ ਅਲੂਮਨੀ ਇੰਟਰੈਕਸ਼ਨ ਸੈਸ਼ਨ ਕਰਵਾਇਆ। ਇਸ ਸੈਸ਼ਨ ਵਿੱਚ ਕਾਲਜ ਦੀ ਬੀ.ਐਸ.ਸੀ. ਬਾਇਓਟੈਕਨਾਲੋਜੀ (ਬੈਚ 2013-2016) ਦੀ ਪੁਰਾਣੀ ਵਿਦਿਆਰਥਣ (ਅਲੂਮਨੀ) ਮਿਸ ਕਮਲੇਸ਼ ਭਾਮ, ਐਸੋਸੀਏਟ-ਬਿਜ਼ਨਸ ਡਿਵੈਲਪਮੈਂਟ, ਟੁਰਾਕੋਜ਼ ਹੈਲਥਕੇਅਰ ਸਲਿਊਸ਼ਨਜ਼ , ਗੁੜਗਾਓ ਨੇ ਮਹਿਮਾਨ ਬੁਲਾਰੇ ਵਜੋਂ ਸ਼ਾਮਮਲ ਹੋਏ ਜਿੰਨਾਂ ਐਮ.ਐਸ.ਸੀ.(ਬਾਟਨੀ), ਐਮ.ਐਸ.ਸੀ.(ਜੂਆਲੋਜੀ), ਬੀ.ਐਸ.ਸੀ (ਆਨਰਜ਼ ਇਨ ਬਾਇਓਟੈਕਨਾਲੋਜੀ) ਅਤੇ ਬੀ.ਐਸ.ਸੀ (ਮੈਡੀਕਲ) ਦੇ 70 ਤੋਂ ਵਧੇਰੇ ਵਿਦਿਆਰਥੀਆਂ ਨਾਲ ‘ਜੀਵ ਵਿਗਿਆਨ ਵਿੱਚ ਯੋਜਨਾਬੰਦੀ ਅਤੇ ਮੌਕੇ’ ਵਿਸ਼ੇ ਬਾਰੇ ਗੱਲਬਾਤ ਕੀਤੀ।
ਅਲੂਮਨੀ ਮਿਸ ਕਮਲੇਸ਼ ਭਾਮ ਨੇ ਬਾਬਾ ਫ਼ਰੀਦ ਕਾਲਜ ਤੋਂ ਸ਼ੁਰੂ ਹੋਏ ਆਪਣੇ ਸਫ਼ਰ ਨੂੰ ਸਾਂਝੇ ਕਰਦਿਆਂ ਕੁੱਝ ਕਹਾਣੀਆਂ ਦੀਆਂ ਉਦਾਹਰਨਾਂ ਰਾਹੀਂ ਦੱਸਿਆ ਕਿ ਉਹ ਕਿਵੇਂ ਟਰਾਕੋਜ਼ ਹੈਲਥਕੇਅਰ ਸਲਿਊਸ਼ਨਜ਼ ਵਰਗੀ ਨਾਮਵਰ ਕੰਪਨੀ ਵਿੱਚ ਐਸੋਸੀਏਟ-ਬਿਜ਼ਨਸ ਡਿਵੈਲਪਮੈਂਟ ਮੈਨੇਜਰ ਬਣੇ। ਅਲੂਮਨੀ ਨੇ ਬਾਬਾ ਫ਼ਰੀਦ ਕਾਲਜ ਵਿਖੇ ਆਪਣੀ ਗਰੈਜੂਏਸ਼ਨ ਦੀ ਪੜਾਈ ਦੌਰਾਨ ਕਾਲਜ ਵੱਲੋਂ ਪ੍ਰਦਾਨ ਯੋਜਨਾਵਾਂ ਅਤੇ ਸਹੂਲਤਾਂ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਇਹ ਯੋਜਨਾਬੰਦੀ/ਗਤੀਵਿਧੀਆਂ ਕਿਵੇਂ ਉਸ ਦੇ ਕੈਰੀਅਰ ਨੂੰ ਬਣਾਉਣ ਵਿਚ ਸਹਾਇਤਾ ਕਰਦੀਆਂ ਹਨ । ਉਸ ਨੇ ਕਿਹਾ ਕਿ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਨਾਂ ਸਾਰੀਆਂ ਅਧਿਆਪਨ ਵਿਧੀਆਂ ਨੂੰ ਸਿੱਖਣ ਅਤੇ ਅਪਨਾਉਣ ਦੀ ਜ਼ਰੂਰਤ ਹੈ। ਉਸ ਨੇ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਵਿਧੀ, ਉਦਯੋਗਿਕ ਦੌਰਿਆਂ/ਸਮਰ ਟਰੇਨਿੰਗ/ਵਰਕਸ਼ਾਪਾਂ, ਮਾਹਿਰ ਭਾਸ਼ਣਾਂ ਅਤੇ ਕਾਲਜ ਪੱਧਰ ਤੇ ਵੱਖ-ਵੱਖ ਸਮਾਗਮਾਂ ਦੌਰਾਨ ਹਾਸਲ ਹੋਏ ਅਗਵਾਈ ਦੇ ਗੁਣਾਂ ਬਾਰੇ ਦੱਸਿਆ।
ਉਸ ਨੇ ਕਿਹਾ ਕਿ ਕਾਲਜ ਪੱਧਰ ’ਤੇ ਪ੍ਰਾਪਤ ਸਿਖਲਾਈ ਨੇ ਉਸ ਦੀ ਨੌਕਰੀ ਪ੍ਰਾਪਤ ਕਰਨ ਵਿੱਚ ਬਹੁਤ ਮਦਦ ਕੀਤੀ। ਬਾਇਓਟੈਕਨਾਲੋਜੀ ਵਿਭਾਗ ਨੇ ਉਸ ਦੀ ਸਖ਼ਸ਼ੀਅਤ ਉਸਾਰੀ ਅਤੇ ਵਿਕਾਸ ਲਈ ਸ਼ਾਨਦਾਰ ਮੰਚ ਪ੍ਰਦਾਨ ਕੀਤਾ । ਉਸ ਨੇ ਵਿਭਿੰਨ ਸਰੋਤਾਂ ਤੋਂ ਮਾਰਗਦਰਸ਼ਨ ਦੇ ਨਾਲ ਯੋਜਨਾਬੰਦੀ ਦੀਆਂ ਲੋੜਾਂ ਪ੍ਰਾਪਤ ਕਰਨ ਬਾਰੇ ਜਾਣਕਾਰੀ ਸਾਂਝੀ ਕੀਤੀ । ਉਸ ਨੇ ਗਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਦੀਆਂ ਵੱਖ-ਵੱਖ ਸ਼ੰਕਾਵਾਂ, ਸਮੱਸਿਆਵਾਂ ਦੀਆਂ ਉਲਝਣਾਂ, ਯੋਜਨਾਬੰਦੀ ਦੇ ਮੁੱਦਿਆਂ ਅਤੇ ਖੇਤਰਾਂ ਬਾਰੇ ਗੱਲ ਕਰ ਕਰਦਿਆਂ ਦੱੱਸਿਆ ਕਿ ਕਿਸ ਤਰਾਂ ਉਸ ਨੇ ਇਹ ਸਭ ਪ੍ਰਾਪਤ ਕੀਤਾ ਹੈ। ਉਸ ਨੇ ਦੱਸਿਆ ਕਿ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵੱਖ ਵੱਖ ਖੇਤਰਾਂ ਤੋਂ ਇਲਾਵਾ ਉਤਪਾਦਨ ਅਤੇ ਨਿਰਮਾਣ ਦੇ ਨਾਲ-ਨਾਲ ਗੈਰ-ਵਿਹਾਰਕ ਨੌਕਰੀਆਂ ਵੀ ਉਪਲੱਬਧ ਹਨ । ਉਸਨੇ ਵਿਦਿਆਰਥੀਆਂ ਨੂੰ ਆਪਣੀ ਦਿਲਚਸਪੀ ਅਤੇ ਹੁਨਰ ਦੇ ਅਨੁਸਾਰ ਯੋਜਨਾਬੰਦੀ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਆਖਰੀ ਸਾਲ ਦੀ ਪੜਾਈ ਤੋਂ ਬਾਅਦ ਅਜਿਹੇ ਬਹੁਤ ਸਾਰੇ ਮੌਕੇ ਮਿਲਣਗੇ ਅਤੇ ਹਰ ਇੱਕ ਨੂੰ ਇਹਨਾਂ ਮੌਕਿਆਂ ਨੂੰ ਹਾਸਲ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਅਲੂਮਨੀ ਸੈਸ਼ਨ ਨੇ ਸਾਰੇ ਵਿਦਿਆਰਥੀਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਅਤੇ ਉਨਾਂ ਨੂੰ ਜ਼ਿੰਦਗੀ ਵਿੱਚ ਕੱੁਝ ਕਰਨ ਲਈ ਪ੍ਰੇਰਿਤ ਕੀਤਾ। ਅਲੂਮਨੀ ਨੇ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ-ਨਾਲ ਅਧਿਐਨ ਨਾਲ ਜੁੜੇ ਬਹੁਤ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ। ਅੰਤ ਵਿੱਚ ਵਿਭਾਗ ਮੁਖੀ ਨੇ ਅਲੂਮਨੀ ਦਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਧੰਨਵਾਦ ਕੀਤਾ । ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਬਾਬਾ ਫ਼ਰੀਦ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਕਾਲਜ ਦੇ ਬਾਇਓਟੈਕਨਾਲੋਜੀ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਅਲੂਮਨੀ ਨੂੰ ਆਪਣੀਆਂ ਸ਼ੁੱਭਕਾਮਨਾਵਾਂ ਦਿੱਤੀਆਂ।