ਐਸ.ਐਸ.ਪੀ. ਮਾਨਸਾ ਵੱਲੋਂ ਬਚਾਓ ਸਬੰਧੀ ਪੈਂਫੇਲਟ ਜਾਰੀ
ਅਸ਼ੋਕ ਵਰਮਾ
ਮਾਨਸਾ, 18 ਮਈ 2020: ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਈ ਰੱਖਣ ਲਈ ਜ਼ਿਲਾ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਨਿਵੇਕਲੀਆਂ ਗਤੀਵਿਧੀਆਂ ਰਾਹੀਂ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਲੋਕਡਾਊਨ-4 ਦੌਰਾਨ ਕੋਵਿਡ-19 ਦੇ ਫੈਲਾਓ ਤੋਂ ਲੋਕਾਂ ਨੂੰ ਸੁਚੇਤ ਕਰਨ ਲਈ ਅੱਜ 4 ਨੁਕਤਿਆਂ ਵਾਲੀ ਇੱਕ ਜਨਤਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਲੌਕਡਾਊਨ-4 ਦੇ ਸਮੇਂ ਦੌਰਾਨ ਆਮ ਲੋਕਾਂ ਵੱਲੋਂ ਕਰੋਨਾ ਵਾਇਰਸ ਤੋਂ ਬਚਾਓ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਵਿਡ-19 ਦੇ ਫੈਲਣ ਦਾ ਖਤਰਾ ਅਜੇ ਟਲਿਆ ਨਹੀਂ ਹੈ । ਇਸ ਸਮੇਂ ਦੌਰਾਨ ਸਮੂਹ ਜ਼ਿਲਾ ਵਾਸੀਆਂ ਨੂੰ ਇਹ ਮਹਾਂਮਾਰੀ ਫੈਲਣ ਤੋਂ ਰੋਕਣ ਲਈ ਜਰੂਰੀ ਸਾਵਧਾਨੀਆਂ ਦੀ ਵਰਤੋਂ ਸਖਤੀ ਨਾਲ ਕਰਨੀ ਚਾਹੀਦੀ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਮਾਨਸਾ ਦੀਆਂ ਕੁੱਝ ਜਥੇਬੰਦੀਆਂ ਜਿੰਨਾਂ ਵਿੱਚ ਕਰਿਆਨਾ, ਮੈਡੀਕਲ ਅਤੇ ਹੋਰ ਯੂਨੀਅਨਾਂ ਸ਼ਾਮਲ ਹਨ, ਨੇ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਇਹ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ। ਉਨਾਂ ਦੱਸਿਆ ਇਸ ਚੌਥੇ ਲਾਕਡਾਊਨ ਦੌਰਾਨ 4 ਸਾਵਧਾਨੀਆਂ ਅਤਿਅੰਤ ਮਹੱਤਵਪੂਰਣ ਹਨ, ਜਿਨਾਂ ਦਾ ਪਾਲਣ ਕਰਕੇ ਇਸ ਬਿਮਾਰੀ ਨੂੰ ਮਾਤ ਦਿੱਤੀ ਜਾ ਸਕਦੀ ਹੈ। ਡਾ. ਭਾਰਗਵ ਨੇ ਦੱਸਿਆ ਕਿ ਘਰ ਰਹੋ ਸੁਰੱਖਿਅਤ ਰਹੋ, ਜੇ ਬਾਹਰ ਹੋ ਤਾਂ ਹਰ ਇੱਕ ਨਾਲ 2 ਮੀਟਰ ਦਾ ਫਾਸਲਾ ਬਣਾ ਕੇ ਰੱਖੋ, ਮੂੰਹ ‘ਤੇ ਮਾਸਕ ਪਹਿਨੋ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੋ ਜਾਂ ਸੈਨੀਟਾਈਜ਼ਰ ਦੀ ਵਰਤੋਂ ਕਰੋ ਇਨਾਂ ਚਾਰ ਨੁਕਤਿਆਂ ਦਾ ਪਾਲਣ ਹਰੇਕ ਵਿਅਕਤੀ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ।
ਡਾ. ਭਾਰਗਵ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਇੰਨਾਂ ਸਾਵਧਾਨੀਆਂ ਨੂੰ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਸ਼ਾਮਲ ਕਰਨ ਲਈ ਇੰਨਾਂ ਨੂੰ ਸਲੋਗਨ ਵਜੋਂ ਕੱਪੜਿਆਂ ‘ਤੇ ਅੰਕਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਾਵਧਾਨੀਆਂ ਦੀਆਂ ਹਦਾਇਤਾਂ ਦੇ ਪੈਂਫਲੇਟ ਦਾ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਰਕੇ ਇਸਦੀ ਪਿ੍ਰੰਟ ਕਾਪੀਆਂ ਅਤੇ ਸਾਫਟ ਕਾਪੀਆਂ ਵੀ.ਪੀ.ਓਜ਼. ਅਤੇ ਸੋਸ਼ਲ ਮੀਡੀਆ- ਵੱਟਸਐਪ ਰਾਹੀਂ ਵੱਡੇ ਪੱਧਰ ‘ਤੇ ਤਕਸੀਮ ਕੀਤੀਆਂ ਗਈਆਂ, ਜਿੰਨਾਂ ਦਾ ਅੰਕੜਾ ਤਕਰੀਬਨ 50,000 ਬਣਦਾ ਹੈ।
ਐਸ.ਐਸ.ਪੀ. ਨੇ ਜ਼ਿਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਰਫਿਊ ਦੌਰਾਨ ਸਮੂਹ ਲੋਕਾਂ ਨੇ ਜਿਲਾ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਹੈ, ਜਿਸ ਕਾਰਨ ਜਿੱਥੇ ਜ਼ਿਲਾ ਪੁਲਿਸ ਵਿੱਚ ਸਫਲ ਹੋਈ ਹੈ। ਉਨਾਂ ਦੱਸਿਆ ਕਿ ਵੀ.ਪੀ.ਓਜ਼ ਰਾਹੀਂ ਹੋਰ ਲੋਕ ਭਲਾਈ ਦੇ ਕੰਮ ਜਿਵੇਂ ਕਿ ਲੋੜਵੰਦ ਲੋਕਾਂ ਤੱਕ ਜਰੂਰੀ ਵਸਤਾਂ ਜਾਂ ਸੇਵਾਵਾਂ ਪਹੁੰਚਾਉਣਾ, ਬੁਢਾਪਾ, ਵਿਧਵਾ, ਅੰਗਹੀਣ, ਅਨਾਥ ਪੈਨਸ਼ਨਾਂ ਦੀ ਲਾਭਪਾਤਰੀਆਂ ਦੇ ਘਰਾਂ ਤੱਕ ਬਿਨਾਂ ਦੇਰੀ ਵੰਡ ਕਰਨੀ, ਲੋੜਵੰਦ ਮਰੀਜ਼ਾਂ ਨੂੰ ਐਂਬੂਲੈਂਸ ਅਤੇ ਡਾਕਟਰੀ ਸਹੂਲਤ ਉਪਲਬਧ ਕਰਵਾਉਣੀ, ਕਰਫਿਊ ਦੌਰਾਨ ਜਨਮ ਦਿਨ ਕੇਕ ਪਹੁੰਚਾਉਣਾ ਸ਼ਾਮਲ ਹੈ।
ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕਿਸਾਨਾਂ ਨੂੰ ਉਨਾਂ ਦੀਆਂ ਸਬਜ਼ੀਆਂ ਦੀ ਵਿਕਰੀ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਮੰਡੀਆਂ ਵਿੱਚ ਕਣਕ ਦੀ ਖਰੀਦ ਸਮੇਂ ਸੁਚੱਜੇ ਪ੍ਰਬੰਧ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਅਤੇ ਰਾਜਨੀਤਿਕ ਆਗੂਆਂ ਨੂੰ ਅਪੀਲ ਕਰਕ ਖੇਤਾਂ ਵਿੱਚ ਖੜੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਪ੍ਰਣ ਕਰਨ ਵਰਗੇ ਲੋਕ ਭਲਾਈ ਦੇ ਕੰਮ ਵੀ ਕਾਮਯਾਬ ਹੋਏ ਹਨ।