1335 ਪ੍ਰਵਾਸੀ ਮਜ਼ਦੂਰਾਂ ਨੂੰ ਯੂਪੀ ਦੇ ਗੋਰਖਪੁਰ ਭੇਜਿਆ ਗਿਆ
ਸਮੇਂ ਦੇ ਪਾਬੰਦ ਹੋਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ਤਾ ਬਣੀ
6000 ਤੋਂ ਵੱਧ ਪ੍ਰਵਾਸੀਆਂ ਸੁਰੱਖਿਅਤ ਉਹਨਾਂ ਦੇ ਗ੍ਰਹਿ ਰਾਜਾਂ ਨੂੰ ਭੇਜਿਆ
ਐਸ ਏ ਐਸ ਨਗਰ, 11 ਮਈ 2020: ਇਕ ਦਿਨ ਵਿਚ ਦੂਜੀ ਵਿਸ਼ੇਸ਼ ਰੇਲਗੱਡੀ ਅੱਜ ਮੁਹਾਲੀ ਰੇਲਵੇ ਸਟੇਸ਼ਨ ਤੋਂ 1335 ਪ੍ਰਵਾਸੀ ਮਜ਼ਦੂਰਾਂ ਨੂੰ ਯੂ ਪੀ ਦੇ ਗੋਰਖਪੁਰ ਵਾਪਸ ਭੇਜਣ ਲਈ ਰਵਾਨਾ ਹੋਈ ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਸਭ ਤੋਂ ਵੱਡੀ ਵਿਸ਼ੇਸ਼ਤਾ ਬਣ ਗਈ ਕਿ ਰੇਲ ਗੱਡੀ ਆਪਣੇ ਸਮੇਂ ਸ਼ਾਮ 6 ਵਜੇ ਰਵਾਨਾ ਹੋਈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿੱਘੀ ਵਿਦਾਇਗੀ ਦਿੰਦਿਆਂ, ਪ੍ਰਵਾਸੀਆਂ ਨੂੰ 8 ਸਥਾਨਾਂ ਤੋਂ ਰੇਲਵੇ ਸਟੇਸ਼ਨ ਲਿਜਾਇਆ ਗਿਆ ਜਿਥੇ ਪਹਿਲਾਂ ਉਨ੍ਹਾਂ ਦੀ ਚੰਗੀ ਤਰ੍ਹਾਂ ਸਕ੍ਰੀਨਿੰਗ ਕੀਤੀ ਗਈ ਅਤੇ ਫਿਰ ਵਾਪਸ ਭੇਜਣ ਲਈ ਬੱਸਾਂ ਵਿਚ ਸਵਾਰ ਕਰ ਕੇ ਰੇਲਵੇ ਸਟੇਸ਼ਨ ਪਹੁੰਚਾਇਆ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਪੈਕਡ ਫੂਡ ਪੈਕੇਟ, ਪਾਣੀ ਤੋਂ ਇਲਾਵਾ ਬਿਸਕੁਟ ਮੁਹੱਈਆ ਕਰਵਾਏ। ਪ੍ਰਵਾਸੀਆਂ ਨੇ ਤਾੜੀਆਂ ਵਜਾਉਂਦਿਆਂ ਅਤੇ ਉੱਚੀ ਉੱਚੀ ਖੁਸ਼ੀ ਪ੍ਰਗਟ ਕਰਦਿਆਂ ਆਪਣੇ ਗ੍ਰਹਿ ਰਾਜ ਦੀ ਸੁਰੱਖਿਅਤ ਯਾਤਰਾ ਦੀ ਸਹੂਲਤ ਦੇਣ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਇਹ ਪੰਜਵੀਂ ਵਿਸ਼ੇਸ਼ ਰੇਲਗੱਡੀ ਹੈ ਜੋ ਜ਼ਿਲ੍ਹੇ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਉਹਨਾਂ ਦੇ ਗ੍ਰਹਿ ਰਾਜ ਨੂੰ ਲੈ ਕੇ ਗਈ ਹੈ। ਇਸ ਤੋਂ ਪਹਿਲਾਂ, 1288 ਪ੍ਰਵਾਸੀ ਪਹਿਲੀ ਰੇਲ ਗੱਡੀ ਰਾਹੀਂ ਹਰਦੋਈ ਲਈ ਰਵਾਨਾ ਹੋਏ, 1301 ਪ੍ਰਵਾਸੀ ਦੂਜੀ ਟ੍ਰੇਨ ਰਾਹੀਂ ਦੁਬਾਰਾ ਹਰਦੋਈ ਲਈ ਰਵਾਨਾ ਹੋਏ, ਤੀਸਰੀ ਰੇਲਗੱਡੀ 1192 ਪ੍ਰਵਾਸੀਆਂ ਨਾਲ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਲਈ ਗਈ, ਚੌਥੀ ਰੇਲਗੱਡੀ ਅੱਜ ਸਵੇਰੇ ਝਾਰਖੰਡ ਲਈ ਰਵਾਨਾ ਹੋਈ, ਜਿਸ ਵਿਚ 1216 ਪ੍ਰਵਾਸੀ ਕਾਮੇ ਸਨ ਜਿਸ ਨਾਲ ਕੁੱਲ 6332 ਪ੍ਰਵਾਸੀ ਕਾਮਿਆਂ (ਪੰਜਵੀਂ ਰੇਲਗੱਡੀ ਸਮੇਤ ਜਿਸ ਵਿਚ 1335 ਪ੍ਰਵਾਸੀ ਕਾਮੇ ਸ਼ਾਮਲ ਹਨ) ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਅਤ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਵਾਪਸ ਭੇਜਿਆ।