ਅਸ਼ੋਕ ਵਰਮਾ
ਕਪੂਰਥਲਾ,18 ਮਈ 2020 - ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਅਤੇ ਤਨਖਾਹ ਵਧਾਉਣ ਦੀ ਮੰਗ ਨੂੰ ਲੈਕੇ ਅੱਜ ਕਪੂਰਥਲਾ ’ਚ ਈਜੀਐਸ ਵਲੰਟੀਅਰ ਅਧਿਆਪਕ ਨਿਸ਼ਾਂਤ ਕੁਮਾਰ ਟਾਵਰ ਤੇ ਚੜ ਗਿਆ। ਨਿਸ਼ਾਂਤ ਕੁਮਾਰ ਰਾਤ ਵਕਤ ਕਰੀਬ 12.30 ਵਜੇ ਟਾਵਰ ਤੇ ਚੜਿਆ ਤਾਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪਤਾ ਲੱਗਦਿਆਂ ਹੀ ਡੀਐਸਪੀ ਹਰਿੰਦਰ ਸਿੰਘ ਗਿੱਲ ਮੌਕੇ ਤੇ ਪੁੱਜੇ ਅਤੇ ਨਿਸ਼ਾਂਤ ਨੂੰ ਸ਼ਾਂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਆਪਣੀਆਂ ਮੰਗਾਂ ਨੂੰ ਲੈਕੇ ਅੜਿਆ ਰਿਹਾ। ਜਦੋਂ ਮਾਮਲਾ ਨਾਂ ਸੁਲਝਿਆ ਤਾਂ ਏਡੀਸੀ ਅਤੇ ਐਸਡੀਐਮ ਕਪੂਰਥਲਾ ਨੇ ਮੌਕੇ ਤੇ ਜਾ ਕੇ ਗੱਲਬਾਤ ਸ਼ੁਰੂ ਕੀਤੀ ਅਤੇ ਨਿਸ਼ਾਂਤ ਕੁਮਾਰ ਨੂੰ ਹੇਠਾਂ ਉੱਤਰਨ ਲਈ ਮਨਾ ਲਿਆ। ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਉਹ ਲਾਕਡਾਊਨ ਖਤਮ ਹੋਣ ਉਪਰੰਤ ਉਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾ ਦੇਣਗੇ। ਨਿਸ਼ਾਂਤ ਦੇ ਟਾਵਰ ਤੋਂ ਉੱਤਰ ਆਉਣ ਤੇ ਪ੍ਰਸ਼ਾਸ਼ਨ ਨੇ ਸੁੱਖ ਦਾ ਸਾਹ ਲਿਆ ਹੈ।
ਨਿਸ਼ਾਂਤ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਦੇ ਲਾਰਿਆਂ ਦਾ ਦਰਦ ਹੰਢਾ ਰਹੇ ਹਨ। ਉਨਾਂ ਆਖਿਆ ਕਿ ਜਦੋਂ ਵੀ ਈਜੀਐਸ ਤੇ ਏਆਈ ਵਲੰਟੀਅਰ ਅਧਿਆਪਕਾਂ ਵੱਲੋਂ ਸੰਘਰਸ਼ ਕੀਤਾ ਗਿਆ ਤਾਂ ਸਰਕਾਰ ਨੇ ਉਨਾਂ ਨੂੰ ਕੁੱਝ ਦੇਣ ਦੀ ਬਜਾਏ ਲਾਰੇ ਹੀ ਪੱਲੇ ਪਾਏ ਹਨ। ਉਨਾਂ ਆਖਿਆ ਕਿ ਉਨਾਂ ਨੂੰ ਨਿਗੂਣੀ ਤਨਖਾਹ ਦਿੱਤੀ ਜਾਂਦੀ ਹੈ ਜਿਸ ਨਾਲ ਗੁਜਾਰਾ ਮੁਸ਼ਕਲ ਹੈ। ਨਿਸ਼ਾਂਤ ਨੇ ਕਿਹਾ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸੀ ਆਗੂਆਂ ਅਤੇ ਖੁਦ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਕਾਂਗਰਸ ਦੀ ਹਕੂਮਤ ਆਉਂਦਿਆਂ ਹੀ ਉਨਾਂ ਨੂੰ ਰੈਗੂਲਰ ਕਰ ਦਿੱਤਾ ਜਾਏਗਾ। ਉਨਾਂ ਆਖਿਆ ਕਿ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਹਕੂਮਤ ਨੇ ਇਸ ਦਿਸ਼ਾ ’ਚ ਕੋਈ ਸਾਰਥਿਕ ਪਹਿਲਕਦਮੀ ਨਹੀਂ ਕੀਤੀ ਹੈ ਜਦੋਂਕਿ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਵੀ ਉਨਾਂ ਨੂੰ ਭਰੋਸੇੇ ਦਿਵਾਉਂਦਿਆਂ ਤੁਰ ਗਈ ਹੈ। ਨਿਸ਼ਾਂਤ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨਾਂ ਦਾ ਮਸਲਾ ਹੱਲ ਨਾਂ ਕੀਤਾ ਤਾਂ ਸੰਘਰਸ਼ ਕਰਕੇ ਹਕੂਮਤ ਦੇ ਨੱਕ ’ਚ ਦਮ ਕਰ ਦਿੱਤਾ ਜਾਏਗਾ।
ਦੱਸਣਯੋਗ ਹੈ ਕਿ ਸਾਲ 2003 ’ਚ ਕੇਂਦਰ ਸਰਕਾਰ ਨੇ ਮੁਲਕ ਵਿਚੋਂ ਅਨਪੜਤਾ ਖਤਮ ਕਰਨ ਦੀ ਯੋਜਨਾ ਬਣਾਈ ਸੀ ਇਸ ਮੌਕੇ ਨੇ ਸਰਵ ਸਿੱਖਿਆ ਅਭਿਆਨ ਤਹਿਤ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ ਈ.ਜੀ.ਐਸ. (ਐਜੂਕੇਸ਼ਨ ਗਰੰਟਡ ਸਕੀਮ) ਅਤੇ ਏ.ਆਈ.ਈ. ਕੇਂਦਰ ਖੋਹਲੇ ਸਨ ਜਿੰਨਾਂ ’ਚ ਇਹ ਵਲੰਟੀਅਰ ਅਧਿਆਪਕ ਭਰਤੀ ਕੀਤੇ ਸਨ। ਦਿਨੋ ਦਿਨ ਵਧ ਰਹੀ ਉਮਰ ਅਤੇ ਅੱਧੇ ਅਧੂਰੇ ਰੁਜਗਾਰਾਂ ਨੂੰ ਦੇਖਦਿਆਂ ਇੰਨਾਂ ਵਰਗਾਂ ਨੇ ਜਾਨ ਹੂਲਵਾਂ ਸੰਘਰਸ਼ ਚਲਾਇਆ ਸੀ। ਸਰਕਾਰ ਨੇ ਵਲੰਟੀਅਰ ਅਧਿਆਪਕਾਂ ਨਾਲ ਈ.ਟੀ.ਟੀ. ਕੋਰਸ ਕਰਨ ਤੋ ਬਾਅਦ ਪੱਕੀਆਂ ਸਰਕਾਰੀ ਨਿਯੁਕਤੀਆਂ ਦਾ ਭਰੋਸਾ ਦਿੱਤਾ ਸੀ ਪਰ ਇਹ ਸਮਝੌਤਾ ਤੋੜ ਨਹੀਂ ਚੜਿਆ ਜੋ ਸਮੱਸਿਆ ਦੀ ਅਸਲ ਜੜ ਹੈ।
ਲਾਕਡਾਊਨ ’ਚ ਸਬਜੀ ਵੀ ਵੇਚਣੀ ਪਈ
ਨਿਸ਼ਾਂਤ ਕੁਮਾਰ ਨੂੰ ਸਰਕਾਰ ਵੱਲੋਂ ਲਾਏ ਲਾਕਡਾਊਨ ਕਾਰਨ ਘਰ ਚਲਾਉਣ ਦੇ ਸੰਕਟ ਨਾਂਲ ਜੂਝਣਾ ਪਿਆ ਹੈ। ਉਸ ਨੇ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਉਹ ਸਕੂਲ ਟਾਈਮ ਤੋਂ ਬਾਅਦ ਆਟੋ ਚਲਾਉਂਦਾ ਸੀ ਜਿਸ ਨੂੰ ਤਾਲਾਬੰਦੀ ਨੇ ਬਰੇਕਾਂ ਲਾ ਦਿੱਤੀਆਂ ਤਾਂ ਰੋਜੀ ਰੋਟੀ ਦੁੱਭਰ ਹੋ ਗਈ। ਉਸ ਨੇ ਆਖਿਆ ਕਿ ਜਦੋਂ ਕੋਈ ਵਾਹ ਨਾਂ ਚੱਲੀ ਤਾਂ ਅੰਤ ਨੂੰ ਉਸ ਨੂੰ ਚੁੱਲ ਮਘਦਾ ਰੱਖਣ ਲਈ ਸਬਜੀ ਵੇਚਣੀ ਪਈ। ਨਿਸ਼ਾਂਤ ਆਖਦਾ ਹੈ ਕਿ ਕਿਰਤ ਦੀ ਕੋਈ ਸ਼ਰਮ ਨਹੀਂ ਪਰ ਇਹ ਹਕੂਮਤਾਂ ਦੇ ਵਤੀਰੇ ਤੇ ਲਾਅਨਤ ਹੈ। ਉਨਾਂ ਆਖਿਆ ਕਿ ਜਦੋਂ ਕੌਮ ਦੇ ਨਿਰਮਾਤਾ ਕਹੇ ਜਾਣ ਵਾਲੇ ਅਧਿਆਪਕ ਦਾ ਇਹ ਹਾਲ ਹੋਵੇਗਾ ਤਾਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕੌਮਾਂ ਕਿਹੋ ਜਿਹੀਆਂ ਹੋਣਗੀਆਂ।
ਨਿਸ਼ਾਂਤ ਦਾ ਸੰਘਰਸ਼ੀ ਇਤਿਹਾਸ
ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੱਤਕਾਲੀ ਸਰਕਾਰ ਤੇ ਦਬਾਅ ਪਾਉਣ ਲਈ ਈਜੀਐਸ ਵਲੰਟੀਅਰ ਸੁਭਾਸ਼ ਪਾਰਕ ਬਠਿੰਡਾ ’ਚ ਪਾਣੀ ਵਾਲੀ ਟੈਂਕੀ ਤੇ ਚੜ ਗਏ ਸਨ ਜਿੰਨਾਂ ਵਿੱਚ ਨਿਸ਼ਾਂਤ ਕੁਮਾਰ ਵੀ ਸ਼ਾਮਲ ਸੀ। ਸਰਕਾਰ ਦੇ ਵਤੀਰੇ ਦੇ ਵਿਰੋਧ ’ਚ ਉਸ ਨੇ ਦਸੰਬਰ 2016 ਵਿੱਚ ਆਪਣੇ ਹੱਥ ਦੀ ਨਸਲ ਕੱਟ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕਤੀ ਸੀ ਪਰ ਉਸ ਨੂੰ ਸਾਥੀਆਂ ਨੇ ਬਚਾਅ ਲਿਆ। ਉਸ ਨੇ ਸਰਕਾਰ ਨੂੰ ਆਪਣੇ ਖੂਨ ਨਾਂਲ ਸੰਘਰਸ਼ੀ ਬੋਲ ਵੀ ਲਿਖੇ ਸਨ। ਇਸੇ ਤਰਾਂ ਹੀ ਉਸ ਨੇ ਆਮਦਾਹ ਕਰਨ ਦੇ ਮਨਸ਼ੇ ਨਾਲ ਖੁਦ ਤੇ ਪੈਟਰੋਲ ਵੀ ਛਿੜਕ ਲਿਆ ਸੀ ਪਰ ਨਾਲ ਖਲੋਤੇ ਵਲੰਟੀਅਰਾਂ ਨੇ ਉਸ ਨੂੰ ਕਾਬੂ ਕਰ ਲਿਆ।
ਮਾਮਲਾ ਖਤਮ ਹੋਇਆ:ਡੀਐਸਪੀ
ਡੀਐਸਪੀ ਹਰਿੰਦਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਨਿਸ਼ਾਂਤ ਕੁਮਾਰ ਨੂੰ ਵਿਸ਼ਵਾਸ ਦਿਵਾ ਦਿੱਤਾ ਗਿਆ ਹੈ ਕਿ ਲਾਕਡਾਊਨ ਖਤਮ ਹੁੰਦਿਆਂ ਹੀ ਉਸ ਦੀ ਗੰਲ ਪੰਜਾਬ ਸਰਕਾਰ ਤੱਕ ਪੁੱਜਦੀ ਕਰ ਦਿੱਤੀ ਜਾਏਗੀ। ਉਨਾਂ ਦੱਸਿਆ ਕਿ ਇਸ ਭਰੋਸੇ ਤੇ ਨਿਸ਼ਾਂਤ ਟਾਵਰ ਤੋਂ ਹੇਠਾਂ ਉੱਤਰ ਆਇਆ ਹੈ ਅਤੇ ਮਾਮਲਾ ਸਮਾਪਤ ਹੋ ਗਿਆ ਹੈ।